ਇਕ ਘਰ ਵਿਚ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ

ਇਕ ਘਰ ਵਿਚ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ
ਕੈਪਸ਼ਨ: ਤਸਵੀਰ ਵਿਚ ਨਜਰ ਆ ਰਿਹਾ ਉਹ ਘਰ ਜਿਸ ਵਿਚੋਂ ਸ਼ੱਕੀ ਹਮਲਾਵਰ ਨੇ ਗੋਲੀਆਂ ਚਲਾਈਆਂ

ਮੌਕੇ 'ਤੇ ਪੁੱਜੀ ਪੁਲਿਸ ਉਪਰ ਵੀ  ਚਲਾਈਆਂ ਗੋਲੀਆਂ, 9 ਪੁਲਿਸ  ਅਫਸਰ ਜਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਫੋਨਿਕਸ ਨੀਮ ਸ਼ਹਿਰੀ ਖੇਤਰ ਵਿਚ ਇਕ ਘਰ ਵਿਚ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ ਕਰਨ ਉਪਰੰਤ ਮੌਕੇ ਉਪਰ ਪਹੁੰਚੀ ਪੁਲਿਸ 'ਤੇ ਵੀ ਸ਼ੱਕੀ ਹਮਲਾਵਰ ਨੇ ਗੋਲੀਆਂ ਚਲਾ ਕੇ 9 ਪੁਲਿਸ ਅਫਸਰਾਂ ਨੂੰ ਜਖਮੀ ਕਰ ਦਿੱਤਾ। ਪੁਲਿਸ ਦੇ ਬੁਲਾਰੇ ਐਂਡੀ ਵਿਲੀਅਮ ਨੇ ਕਿਹਾ ਹੈ ਕਿ ਜਦੋਂ ਇਕ ਪੁਲਿਸ ਅਫਸਰ ਮੌਕੇ ਉਪਰ ਪੁੱਜਾ  ਤਾਂ ਉਸ ਉਪਰ ਸ਼ੱਕੀ ਹਮਲਾਵਰ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ। ਉਸ ਦੇ ਕਈ ਗੋਲੀਆਂ ਵੱਜੀਆਂ ਪਰ ਉਸ ਨੇ ਕਿਸੇ ਤਰਾਂ ਆਪਣੇ ਆਪ ਨੂੰ ਬਚਾ ਕੇ ਹੋਰ ਪੁਲਿਸ ਅਫਸਰਾਂ ਨੂੰ ਬੁਲਾ ਲਿਆ। ਸ਼ੱਕੀ ਨੇ ਮੌਕੇ ਉਪਰ ਪੁੱਜੇ 9 ਹੋਰ ਪੁਲਿਸ ਅਫਸਰਾਂ ਨੂੰ ਵੀ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ। ਪੁਲਿਸ ਨੇ ਵੀ ਜਵਾਬ ਵਿਚ ਗੋਲੀਆਂ ਚਲਾਈਆਂ। ਬਾਅਦ ਵਿਚ ਸ਼ੱਕੀ ਵਿਅਕਤੀ ਦੀ ਘਰ ਵਿਚੋਂ ਲਾਸ਼ ਮਿਲੀ। ਮੌਕੇ ਉਪਰ ਇਕ  ਔਰਤ ਗੰਭੀਰ ਹਾਲਤ ਵਿਚ ਮਿਲੀ ਜੋ ਬਾਅਦ ਵਿਚ ਦਮ ਤੋੜ ਗਈ। ਸ਼ੱਕੀ ਵਿਅਕਤੀ ਦੀ ਪਛਾਣ 36 ਸਾਲਾ ਮੌਰਿਸ ਜੋਨਜ ਵਜੋਂ ਹੋਈ ਹੈ। ਮਾਰੀ ਗਈ ਔਰਤ ਸ਼ੱਕੀ ਦੋਸ਼ੀ ਦੀ ਸਾਬਕਾ ਮਿੱਤਰ ਸੀ। ਪੁਲਿਸ ਨੇ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਨੂੰ ਘਰ ਵਿਚੋਂ ਇਕ ਛੋਟਾ ਬੱਚਾ ਵੀ ਮਿਲਿਆ ਹੈ ਜੋ ਪੁਲਿਸ ਦੀ ਹਿਰਾਸਤ ਵਿਚ ਹੈ। ਜਖਮੀ ਹੋਏ ਪੁਲਿਸ ਅਫਸਰਾਂ ਦੀ ਹਾਲਤ ਠੀਕ ਦੱਸੀ ਜਾਂਦੀ ਹੈ। ਇਕ ਹੋਰ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਕੁਲ 15 ਪੁਲਿਸ ਅਫਸਰ ਵੱਖ ਵੱਖ ਘਟਨਾਵਾਂ ਵਿਚ ਗੋਲੀਆਂ ਵੱਜਣ ਕਾਰਨ ਜਖਮੀ ਹੋਏ ਹਨ।