ਚੋਣਾਂ ਦੌਰਾਨ ਪਿੰਡ-ਪਿੰਡ ਬਣਨ ਲੱਗੀ ਦੇਸੀ ਸ਼ਰਾਬ
*30 ਗ੍ਰਿਫਤਾਰ ਲੋਕਾਂ ਉਪਰ ਅਦਾਲਤ ਵਿਚ ਚੱਲ ਰਹੇ ਨੇ ਕੇਸ
*ਤਰਨ ਤਾਰਨ ਵਿਚ ਜੁਲਾਈ 2020 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਵੱਧ ਲੋਕਾਂ ਦੀ ਹੋ ਚੁਕੀ ਹੈ ਮੌਤ
ਅੰਮ੍ਰਿਤਸਰ ਟਾਈਮਜ਼
ਤਰਨ ਤਾਰਨ : ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੂੰ ਲਲਚਾਉਣ ਲਈ ਸਿਆਸੀ ਪਾਰਟੀਆਂ ਦੇ ਆਗੂ ਇਸ ਵਾਰ ਵੀ ਸ਼ਰਾਬ ਦਾ ਸਹਾਰਾ ਲੈਣ ਦੀ ਤਿਆਰੀ ਵਿਚ ਹਨ। ਪ੍ਰਸ਼ਾਸਨ ਦੇ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਪਿੰਡਾਂ ਵਿਚ ਦੇਸੀ ਸ਼ਰਾਬ ਬਣਾਉਣ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਸ਼ਾਮ ਹੁੰਦੇ ਹੀ ਪਿੰਡਾਂ ਵਿਚ ਦੇਸੀ ਸ਼ਰਾਬ ਦੀਆਂ ਨਾਜਾਇਜ਼ ਭੱਠੀਆਂ ’ਚੋਂ ਉੱਠਦਾ ਧੂੰਆਂ ਆਮ ਦੇਖਿਆ ਜਾ ਸਕਦਾ ਹੈ।ਯਾਦ ਰਹੇ ਕਿ ਤਰਨ ਤਾਰਨ ਵਿਚ ਜੁਲਾਈ 2020 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਨਾ ਤਾਂ ਸਰਕਾਰ ਜਾਗੀ ਹੈ ਅਤੇ ਨਾ ਹੀ ਲੋਕਾਂ ਦੀ ਅੱਖ ਖੁੱਲ੍ਹੀ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੀਹ ਦੇ ਲਗਪਗ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਸੀ। ਸਰਕਾਰ ਨੇ ਸਿਰਫ ਐੱਸਆਈਟੀ ਦਾ ਗਠਨ ਕਰਕੇ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਆਪਣੇ ਕਰਤੱਬਾਂ ਦੀ ਪੂਰਤੀ ਕਰ ਲਈ। ਨਾਜਾਇਜ਼ ਸ਼ਰਾਬ ਦਾ ਧੰਦਾ ਰੋਕਣ ਲਈ ਕੋਈ ਠੋਸ ਯਤਨ ਨਹੀਂ ਕੀਤਾ ਗਿਆ। ਸਿੱਟੇ ਵਜੋਂ ਪਿੰਡਾਂ ਵਿਚ ਦੇਸੀ ਸ਼ਰਾਬ ਧਡ਼ੱਲੇ ਨਾਲ ਬਣਨ ਲੱਗੀ ਹੈ।
ਥਿਨਰ ਤੇ ਅਲਕੋਹਲ ਤੋਂ ਤਿਆਰ ਹੁੰਦੀ ਹੈ ਸ਼ਰਾਬ
ਥਿਨਰ ਤੇ ਅਲਕੋਹਲ ਮਿਲਾ ਕੇ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਂਦੀ ਹੈ। 50 ਲੀਟਰ ਅਲਕੋਹਲ ਤੋਂ 200 ਤੋਂ ਵੱਧ ਬੋਤਲਾਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਅਜਿਹੀ ਹੀ ਸ਼ਰਾਬ ਪੀਣ ਨਾਲ ਸਾਲ 2020 ਵਿਚ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਲਗਪਗ 30 ਲੋਕਾਂ ਦੀ ਗ੍ਰਿਫਤਾਰੀ ਹੋਈ। ਕੇਸ ਹਾਲੇ ਅਦਾਲਤ ਵਿਚ ਚੱਲ ਰਿਹਾ ਹੈ।
ਇਨ੍ਹਾਂ ਪਿੰਡਾਂ ਤੋਂ ਹੁੰਦੀ ਹੈ ਦੇਸੀ ਸ਼ਰਾਬ ਦੀ ਸਪਲਾਈ
ਪਿੰਡ ਪੰਡੋਰੀ ਗੋਲਾ, ਕੰਗ, ਲੌਹਕਾ, ਘਰਿਆਲਾ, ਸ਼ਕਰੀ, ਸਰਹਾਲੀ ਕਲਾਂ, ਸ਼ੇਰੋਂ, ਸੰਘਰਕੋਟ, ਪੱਖੋਕੇ, ਢੋਟੀਆਂ, ਬੁੱਗਾ, ਪਲਾਸੌਰ, ਡਾਲੇਕੇ, ਸ਼ਾਹਬਾਜ਼ਪੁਰ, ਮਾਣਚੋਹਲ, ਘੜਕਾ, ਕੀੜੀਆਂ,ਹਰੀਕੇ ਪੱਤਣ, ਮਹਿੰਦੀਪੁਰ ਤੇ ਕਾਲੀਆਂ ਸਕੱਤਰਾਂ ਸਮੇਤ ਦੋ ਦਰਜਨ ਅਜਿਹੇ ਪਿੰਡ ਹਨ ਜਿੱਥੇ ਬਣੀ ਦੇਸੀ ਸ਼ਰਾਬ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਸਪਲਾਈ ਹੁੰਦੀ ਹੈ। ਰਾਤ ਨੂੰ ਤਿਆਰ ਕੀਤੀ ਗਈ ਸ਼ਰਾਬ ਦਿਨ ਦੇ ਉਜਾਲੇ ਵਿਚ ਦੁੱਧ ਦੀ ਸਪਲਾਈ ਦੇ ਬਹਾਨੇ ਕੇਨੀਆਂ ਜ਼ਰੀਏ ਗਾਹਕਾਂ ਤਕ ਪਹੁੰਚਾਈ ਜਾਂਦੀ ਹੈ।
ਆਬਕਾਰੀ ਵਿਭਾਗ ਤੇ ਪੁਲਿਸ ਦਾ ਦਾਅਵਾ; ਕਰ ਰਹੇ ਹਾਂ ਸਖ਼ਤੀ
ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਇਸ ਸਵਾਲ ’ਤੇ ਆਬਕਾਰੀ ਵਿਭਾਗ ਤੇ ਪੁਲਿਸ ਦਾ ਹਮੇਸ਼ਾ ਇਹੀ ਦਾਅਵਾ ਹੁੰਦਾ ਹੈ ਕਿ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਆਬਕਾਰੀ ਵਿਭਾਗ ਦੇ ਈਟੀਓ ਨਵਜੋਤ ਭਾਰਤੀ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਵਪਾਰੀਆਂ ’ਤੇ ਸ਼ਿਕੰਜਾ ਕੱਸਣ ਲਈ ਹੋਰ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।ਓਧਰ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਕਹਿੰਦੇ ਹਨ ਕਿ ਸਾਰੇ ਥਾਣਾ ਮੁਖੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ। ਕੋਈ ਲਾਪਰਵਾਹੀ ਨਾ ਵਰਤੀ ਜਾਵੇ।
Comments (0)