ਪੰਜਾਬ 'ਚ ਖਾੜਕੂ ਗਤੀਵਿਧੀਆਂ ਦੇ ਦੋਸ਼ ਹੇਠ ਇੱਕ ਕਾਬੂ

ਪੰਜਾਬ 'ਚ ਖਾੜਕੂ ਗਤੀਵਿਧੀਆਂ ਦੇ ਦੋਸ਼ ਹੇਠ  ਇੱਕ ਕਾਬੂ

ਅੰਮ੍ਰਿਤਸਰ ਟਾਈਮਜ਼

ਸੰਗਰੂਰ: ਸਥਾਨਕ ਪੁਲੀਸ ਨੇ ਖਾੜਕੂ ਘਟਨਾਵਾਂ ਦੇ ਸਬੰਧ ਵਿਚ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਵਿਦੇਸ਼ਾਂ ਵਿਚ ਬੈਠੇ ਖ਼ਾਲਿਸਤਾਨ ਪੱਖੀ ਤੱਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਵੱਲੋਂ ਸੂਬੇ ਵਿਚ ਹੱਤਿਆਵਾਂ ਕਰਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਹਮਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਖ਼ੁਫ਼ੀਆ ਏਜੰਸੀ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਸੰਗਰੂਰ ਪੁਲੀਸ ਨੇ ਲਖਵੀਰ ਸਿੰਘ ਵਾਸੀ ਲਹਿਰਾਗਾਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਪਿਸਤੌਲ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਖਵੀਰ ਲਹਿਰਾਗਾਗਾ ਵਿਚ ਇੱਕ ਰਾਜ ਮਿਸਤਰੀ ਵਜੋਂ ਕੰਮ ਕਰਦਾ ਹੈ। ਉਸ ਨੂੰ ਵਿਦੇਸ਼ਾਂ ਵਿਚ ਬੈਠੇ ਖ਼ਾਲਿਸਤਾਨੀ ਪੱਖੀ ਤੱਤਾਂ ਵੱਲੋਂ ਸੂਬੇ ਵਿਚ ਹੱਤਿਆਵਾਂ ਕਰਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਹਮਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਕੋਲ ਆਮਦਨ ਦੀ ਘਾਟ ਹੋਣ ਕਰ ਕੇ ਖ਼ਾਲਿਸਤਾਨੀ ਪੱਖੀ ਤੱਤਾਂ ਵੱਲੋਂ ਪੈਸੇ ਦਾ ਲਾਲਚ ਦੇ ਕੇ ਉਸ ਨੂੰ ਖਾੜਕੂ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਅਤਿਵਾਦ ਫੰਡਿੰਗ ਦੇ ਮਾਮਲਿਆਂ ਵਿਚ ਪੈਸੇ ਦੇ ਲੈਣ-ਦੇਣ ਲਈ ਵੱਖ-ਵੱਖ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਪੁਲੀਸ ਨੇ ਪੜਤਾਲ ਮਗਰੋਂ ਕੈਨੇਡਾ ਅਤੇ ਪੋਲੈਂਡ ਦੇ ਦੋ ਜਣਿਆਂ ਦੀ ਪਛਾਣ ਵੀ ਕਰ ਲਈ ਹੈ ਜੋ ਫੰਡ ਮੁਹੱਈਆ ਕਰਾਉਣ ਵਿਚ ਭੂਮਿਕਾ ਰੱਖਦੇ ਹਨ। ਇਸ ਤੋਂ ਇਲਾਵਾ ਲਖਵੀਰ ਸਿੰਘ ਦੇ ਖਾਤੇ ’ਚ ਨਗਦੀ ਜਮ੍ਹਾਂ ਕਰਾਉਣ ਵਿਚ ਸ਼ਾਮਲ ਸਥਾਨਕ ਬੰਦਿਆਂ ਦੀ ਪਛਾਣ ਵੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੁਖਜੀਤ ਸਿੰਘ ਵਾਸੀ ਮੂਨਕ ਨੇ ਲਖਵੀਰ ਸਿੰਘ ਨੂੰ ਪਿਸਤੌਲ ਮੁਹੱਈਆ ਕਰਵਾਇਆ ਸੀ।