ਕੱਲ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਲਈ ਇਮਤਿਹਾਨ ਦੀ ਘੜੀ

ਕੱਲ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਲਈ ਇਮਤਿਹਾਨ ਦੀ ਘੜੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲ਼ਾ:  ਜਸ਼ਨਦੀਪ ਕੌਰ ਇਨਸਾਫ਼ ਮੋਰਚਾ ਵੱਲੋਂ ਵਿਦਿਆਰਥੀਆਂ ਨਾਲ ਮਾੜਾ ਅਤੇ ਅਸ਼ਲੀਲ ਵਿਵਹਾਰ ਕਰਨ ਵਾਲੇ ਯੂਨੀਵਰਸਿਟੀ ਦੇ ਕਥਿਤ ਦੋਸ਼ੀ ਪ੍ਰੋਫ਼ੈਸਰ ਸੰਬੰਧੀ ਕਾਰਵਾਈ ਕਰਨ ਲਈ ਵਾਇਸ ਚਾਂਲਸਰ ਪ੍ਰੋ ਅਰਵਿੰਦ ਨਾਲ ਮੁਲਾਕਾਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ ਵਿਦਿਆਰਥਣਾਂ ਨੇ ਦੋਸ਼ ਲਾਏ ਸਨ ਕਿ ਪ੍ਰੋਫ਼ੈਸਰ ਵੱਲੋਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨਾਲ ਮਾੜਾ ਅਤੇ ਅਸ਼ਲੀਲ ਵਿਵਹਾਰ ਕੀਤਾ ਜਾਂਦਾ ਹੈ, ਜਿਸ ਸੰਬੰਧੀ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਇਸ ਕਮੇਟੀ ਕੋਲ ਵਿਦਿਆਰਥੀਆਂ ਦੁਆਰਾ ਆਪਣੇ ਬਿਆਨ ਦਰਜ ਕਰਵਾਏ ਗਏ ਸਨ। ਉਸ ਅਧਾਰ ਉੱਤੇ ਤਿਆਰ ਰਿਪੋਰਟ 13 ਅਕਤੂਬਰ ਨੂੰ ਆ ਚੁੱਕੀ ਹੈ, ਰਿਪੋਰਟ ਅਨੁਸਾਰ ਪ੍ਰੋਫ਼ੈਸਰ ਦਾ ਵਿਵਹਾਰ ਅਧਿਆਪਕ ਦੇ ਪੱਧਰ ਤੋਂ ਨੀਵਾਂ ਅਤੇ ਅਸ਼ਲੀਲ ਸੀ। 20 ਅਕਤੂਬਰ ਨੂੰ ਯੂਨੀਵਰਸਿਟੀ ਵੱਲੋਂ ਪ੍ਰੋਫ਼ੈਸਰ ਸੁਰਜੀਤ ਨੂੰ ਨਿਆਇਕ ਨਿਯਮਾਂ ਅਧੀਨ ਚਾਰਜਸ਼ੀਟ ਕਰ ਦਿੱਤਾ ਗਿਆ ਸੀ ਅਤੇ ਆਪਣਾ ਪੱਖ ਪੇਸ਼ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ। ਅੱਜ 15 ਦਿਨ ਪੂਰੇ ਹੋਣ ਉਪਰੰਤ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਸੰਬੰਧਿਤ ਪ੍ਰੋਫ਼ੈਸਰ ਉੱਪਰ ਕਾਰਵਾਈ ਸੰਬੰਧੀ ਵੀਚਾਰ ਚਰਚਾ ਹੋਈ। ਕੱਲ 7 ਨਵੰਬਰ 2023 ਮੰਗਲਵਾਰ ਨੂੰ ਵਿਦਿਆਰਥਣਾਂ ਨਾਲ ਅਸ਼ਲੀਲ ਵਿਵਹਾਰ ਕਰਨ ਵਾਲੇ ਕਥਿਤ ਦੋਸ਼ੀ ਪ੍ਰੋਫੈਸਰ ਉੱਪਰ ਕਾਰਵਾਈ ਨੂੰ ਲੈ ਕੇ ਇਤਿਹਾਸਕ ਫੈਸਲਾ ਲਿਆ ਜਾਵੇਗਾ।