ਖਾਨਾ ਬਦੋਸ਼ ਪੰਜਾਬੀ ਗਾਇਕਾ ਨਸੀਬੋ ਲਾਲ

ਖਾਨਾ ਬਦੋਸ਼ ਪੰਜਾਬੀ  ਗਾਇਕਾ ਨਸੀਬੋ ਲਾਲ

ਨਸੀਬੋ ਲਾਲਨੂਰਜਹਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਜੇਕਰ ਕਿਸੇ ਪੰਜਾਬੀ ਗਾਇਕਾ ਨੇ ਦੂਰ ਕੀਤਾ ਹੈ ਤਾਂ ਉਹ ਨਸੀਬੋ ਲਾਲ ਹੀ ਹੈ।

ਪਰ ਅਜੇ ਵੀ ਨਸੀਬੋ ਨੂੰ ਉਸ ਦਾ ਉਹ ਬਣਦਾ ਰੁਤਬਾ ਹਾਸਿਲ ਨਹੀਂ ਹੋਇਆ ਜਿਸ ਦੀ ਉਹ ਹੱਕਦਾਰ ਹੈ। ਨਸੀਬੋ ਦੇ ਗਾਏ ਹਰੇਕ ਗੀਤ ਨੇ ਚਾਹੇ ਉਹ ਉਦਾਸ ਗੀਤ ਹੋਣ, ਚਾਹੇ ਬੀਟ ਵਾਲੇ ਹੋਣ ਜਾਂ ਲੋਕ ਗੀਤ, ਮਕਬੂਲੀਅਤ ਦੀਆਂ ਸਿਖ਼ਰਾਂ ਨੂੰ ਛੂਹਿਆ ਹੈ।10 ਜਨਵਰੀ 1970 ਨੂੰ ਪੈਦਾ ਹੋਈ ਨਸੀਬੋ ਦਾ ਅਸਲ ਨਾਂ ਨਸੀਬਾਂ ਹੈ ਜੋ ਫ਼ਿਲਮਾਂ ਵਿਚ ਗਾਉਣ ਤੋਂ ਬਾਅਦ ਪਹਿਲਾਂ ਨਸੀਬੋ ਅਤੇ ਫਿਰ ਪਿਤਾ ਦੇ ਨਾਂਅ ਲਾਲ ਨੂੰ ਆਪਣੇ ਨਾਂਅ ਨਾਲ ਜੋੜ ਕੇ ਨਸੀਬੋ ਲਾਲ ਕਰਕੇ ਪੂਰੀ ਦੁਨੀਆ ਵਿਚ ਜਾਣੀ ਜਾਣ ਲੱਗੀ। ਵਾਲਿਦ ਲਾਲਦੀਨ ਅਤੇ ਵਾਲਿਦਾ ਜ਼ਰੀਨਾ ਦੀ ਲਾਡਲੀ ਧੀ ਨਸੀਬੋ ਹੁਣੀਂ ਸੱਤ ਭੈਣਾਂ ਅਤੇ ਦੋ ਭਰਾ ਹਨ। ਘਰ ਵਿਚ ਗ਼ਰੀਬੀ ਹੋਣ ਕਰਕੇ ਨਸੀਬਾਂ ਜ਼ਿਆਦਾ ਤਾਲੀਮ ਹਾਸਿਲ ਨਾ ਕਰ ਸਕੀ। ਉਹ ਸਿਰਫ਼ ਪੰਜ ਜਮਾਤਾਂ ਹੀ ਪੜ੍ਹ ਸਕੀ। ਬਚਪਨ ਤੋਂ ਹੀ ਸੰਗੀਤ ਵਿਚ ਰੁਚੀ ਰੱਖਣ ਵਾਲੀ ਨਸੀਬੋ ਨੂੰ ਗਾਇਕੀ ਵਿਰਸੇ ਵਿਚ ਮਿਲੀ। ਨਸੀਬੋ ਦੀ ਮਾਂ ਅਤੇ ਨਾਨਾ ਜੀ ਗਾਇਕੀ ਦੀ ਪੂਰੀ ਸਮਝ ਰੱਖਦੇ ਸਨ। ਦਰਅਸਲ ਨਸੀਬੋ ਲਾਲ ਦੇ ਪੁਰਖੇ ਗਾਉਣ ਵਜਾਉਣ ਦਾ ਕੰਮ ਕਰਦੇ ਸਨ ਜਿਨ੍ਹਾਂ ਦਾ ਸੰਬੰਧ ਭਾਰਤ ਦੇ ਸੂਬੇ ਰਾਜਸਥਾਨ ਦੇ ਬੀਕਾਨੇਰ ਮਾਰਵਾੜ ਦੇ ਇਲਾਕੇ ਨਾਲ ਸੀ। ਰਾਜਸਥਾਨ ਵਿਚ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਵਿਆਹ ਵਾਲੇ ਘਰ ਆਪਣੇ ਗੀਤ ਸੰਗੀਤ ਨਾਲ ਬਰਾਤੀਆਂ ਦਾ ਮਨੋਰੰਜਨ ਕਰਨ ਵਾਲੇ ਲੋਕ ਢੋਲੀ (ਦਮਾਮੀ) ਅਤੇ ਮੀਰਜ਼ਾਦੇ ਹਨ। ਸੰਗੀਤ ਇਨ੍ਹਾਂ ਦੀਆਂ ਰਗਾਂ 'ਚ ਖ਼ੂਨ ਬਣ ਕੇ ਦੌੜਦਾ ਹੈ। ਇਸੇ ਕਰਕੇ ਇਨ੍ਹਾਂ ਦੇ ਧੀਆਂ ਪੁੱਤਾਂ ਨੂੰ ਸੰਗੀਤ ਸਿਖਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਉਹ ਆਪਣੇ ਵੱਡਿਆਂ ਨੂੰ ਵੇਖ-ਵੇਖ ਹੀ ਗਾਉਣਾ ਸਿੱਖ ਜਾਂਦੇ ਹਨ। ਇਨ੍ਹਾਂ ਵਿਚੋਂ ਹੀ ਕੁਝ ਲੋਕਾਂ ਨੇ ਇਸਲਾਮ ਗ੍ਰਹਿਣ ਕਰ ਲਿਆ ਪਰ ਗਾਉਣ ਦਾ ਕਿੱਤਾ ਨਾ ਛੱਡਿਆ। ਨਸੀਬੋ ਲਾਲ ਦੇ ਮਾਂ ਪਿਓ ਵੀ ਇਸੇ ਕਬੀਲੇ ਨਾਲ ਸੰਬੰਧ ਰੱਖਦੇ ਸਨ। ਭਾਰਤ ਵੰਡ ਤੋਂ ਬਾਅਦ ਇਹ ਕਬੀਲਾ ਪਾਕਿਸਤਾਨ ਹਿਜਰਤ ਕਰ ਗਿਆ। ਜਿੱਥੇ ਜਾ ਕੇ ਵੀ ਇਨ੍ਹਾਂ ਅਪਣੀ ਗੁਜ਼ਰ ਬਸਰ ਲਈ ਗਾਉਣ ਦੇ ਕਿੱਤੇ ਨੂੰ ਹੀ ਅਪਣਾਇਆ। ਪ੍ਰਸਿੱਧ ਲੋਕ ਗਾਇਕਾ ਰੇਸ਼ਮਾ ਵੀ ਇਸੇ ਕਬੀਲੇ ਨਾਲ ਸੰਬੰਧ ਰੱਖਦੇ ਸੀ ਜਿਸ ਕਬੀਲੇ ਨਾਲ ਨਸੀਬੋ ਲਾਲ ਸੰਬੰਧ ਰੱਖਦੀ ਹੈ। ਇਹ ਖ਼ਾਨਾਬਦੋਸ਼ ਲੋਕ ਅਖੀਰ ਲਾਹੌਰ ਦੀ ਇਮਾਮੀਆ ਕਾਲੋਨੀ ਸ਼ਾਹਦਰਾ ਵਿਖੇ ਪੱਕੇ ਤੌਰ 'ਤੇ ਵਸ ਗਏ। ਰੇਸ਼ਮਾ ਵੀ ਉਸੇ ਸ਼ਾਹਦਰਾ ਕਾਲੋਨੀ ਲਾਹੌਰ ਗੜਵੀ ਮੁਹੱਲੇ ਵਿਚ ਹੀ ਰਹਿੰਦੀ ਸੀ ਜਿਸ ਮੁਹੱਲੇ ਵਿਚ ਨਸੀਬੋ ਲਾਲ ਦਾ ਸਾਰਾ ਪਰਿਵਾਰ ਰਹਿੰਦਾ ਹੈ।

ਗਾਇਕੀ ਦੀ ਸ਼ੁਰੂਆਤ: 

 5 ਸਾਲ ਦੀ ਉਮਰ ਵਿਚ ਨਸੀਬਾਂ ਨੇ ਜੋ ਪਹਿਲਾ ਗੀਤ ਗਾਇਆ, ਉਹ ਮੈਡਮ ਨੂਰਜਹਾਂ ਦਾ ਹੀ ਸੀ ਜਿਸ ਦੇ ਬੋਲ ਸਨ 'ਜਦੋਂ ਹੌਲੀ ਜੇਹੀ ਲੈਨਾ ਮੇਰਾ ਨਾਂਅ ਮੈਂ ਥਾਂ ਮਰ ਜਾਨੀ ਆਂ।' ਸੰਗੀਤ ਦੀ ਮੁਢਲੀ ਤਾਲੀਮ ਨਸੀਬੋ ਨੇ ਆਪਣੀ ਮਾਂ ਕੋਲੋਂ ਹਾਸਿਲ ਕੀਤੀ ਜੋ ਖੁਦ ਵੀ ਬਹੁਤ ਵਧੀਆ ਗਾਉਂਦੇ ਸਨ। ਸੰਗੀਤ ਪ੍ਰਤੀ ਨਸੀਬੋ ਦੀ ਗੂੜ੍ਹੀ ਰੁਚੀ ਹੋਣ ਕਰਕੇ ਅਤੇ ਮੈਡਮ ਨੂਰਜਹਾਂ ਦੇ ਗਾਏ ਗੀਤਾਂ ਨੂੰ ਗਾ ਗਾ ਕੇ ਉਹ ਸੁਰ ਦੀ ਪੱਕੀ ਧਾਰਨੀ ਬਣ ਚੁੱਕੀ ਸੀ। ਨਸੀਬੋ ਦਾ ਕਬੀਲਾ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀਆਂ ਦੇ ਮੌਕੇ 'ਤੇ ਗੀਤ ਗਾ ਕੇ ਆਪਣਾ ਗੁਜ਼ਰ ਬਸਰ ਕਰਦੇ ਸਨ।ਨਸੀਬੋ ਨੇ ਆਪਣੇ ਗਾਇਕੀ ਕੈਰੀਅਰ ਦਾ ਪਹਿਲਾ ਗੀਤ ਹੀ ਫ਼ਿਲਮ ਲਈ ਰਿਕਾਰਡ ਕਰਵਾਇਆ। ਨਸੀਬੋ ਦਾ ਫ਼ਿਲਮਾਂ ਵਿਚ ਗਾਉਣ ਦਾ ਸਬੱਬ ਕਿਵੇਂ ਬਣਿਆ ਇਸ ਪਿੱਛੇ ਵੀ ਇਕ ਦਿਲਚਸਪ ਕਿੱਸਾ ਹੈ। ਨਸੀਬੋ ਦੇ ਗੜਵੀ ਮੁਹੱਲੇ ਵਿਚ ਹੀ ਉਸ ਦੀ ਇਕ ਸਹੇਲੀ ਰਸ਼ੀਦਾਂ ਰਹਿੰਦੀ ਸੀ , ਜਿਸ ਦਾ ਲਾਹੌਰ ਫ਼ਿਲਮ ਸਟੂਡੀਓਜ਼ ਵਿਚ ਕੰਮ ਦੇ ਸਿਲਸਿਲੇ ਵਿਚ ਆਉਣਾ ਜਾਣਾ ਬਣਿਆ ਰਹਿੰਦਾ ਸੀ। ਉਹ ਜਦੋਂ ਵੀ ਨਸੀਬੋ ਨੂੰ ਮਿਲਦੀ ਤਾਂ ਉਸ ਨੂੰ ਫ਼ਿਲਮ ਸਟੂਡੀਓਜ਼ ਦੀਆਂ ਗੱਲਾਂ ਸੁਣਾਉਂਦੀ ਤੇ ਨਾਲੇ ਦੱਸਦੀ ਕਿ ਅੱਜ ਉਸ ਨੇ ਕਿਹੜੇ ਕਿਹੜੇ ਫ਼ਿਲਮੀ ਸਿਤਾਰੇ ਨੂੰ ਦੇਖਿਆ ਹੈ। ਨਸੀਬੋ ਅਦਾਕਾਰ ਸੁਲਤਾਨ ਰਾਹੀ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ। ਸੋ, ਉਸ ਨੇ ਰਸ਼ੀਦਾਂ ਨੂੰ ਕਿਹਾ ਕਿ ਉਹ ਸੁਲਤਾਨ ਰਾਹੀ ਨੂੰ ਦੇਖਣਾ ਚਾਹੁੰਦੀ ਹੈ। ਉਸ ਦੀ ਸਹੇਲੀ ਉਸ ਨੂੰ ਸੁਲਤਾਨ ਰਾਹੀ ਦੀ 1995 ਵਿਚ ਆਈ ਫ਼ਿਲਮ 'ਸੰਨਾਟਾ' ਦੀ ਸ਼ੂਟਿੰਗ ਵਿਖਾਉਣ ਲੈ ਗਈ। ਇਸ ਤੋਂ ਬਾਅਦ ਵੀ ਨਸੀਬੋ ਆਪਣੀ ਸਹੇਲੀ ਨਾਲ ਕਦੀ ਕਦੀ ਲਾਹੌਰ ਦੇ ਫ਼ਿਲਮ ਸਟੂਡੀਓਜ਼ ਵਿਚ ਸ਼ੂਟਿੰਗ ਦੇਖਣ ਚਲੀ ਜਾਇਆ ਕਰਦੀ ਸੀ। ਇਕ ਦਿਨ ਨਸੀਬੋ ਆਪਣੀ ਸਹੇਲੀ ਨਾਲ ਫ਼ਿਲਮ ਸਟੂਡੀਓ ਗਈ ਤਾਂ ਉੱਥੇ ਫ਼ਿਲਮ 'ਦੇਸਾਂ ਦਾ ਰਾਜਾ' ਦੀ ਸ਼ੂਟਿੰਗ ਚੱਲ ਰਹੀ ਸੀ। ਉੱਥੇ ਹੀ ਉਨ੍ਹਾਂ ਨੂੰ ਉਸ ਫ਼ਿਲਮ ਦੇ ਫ਼ਿਲਮਸਾਜ਼ ਮੁਹੰਮਦ ਸਰਵਰ ਮਿਲੇ। ਨਸੀਬਾਂ ਦੀ ਸਹੇਲੀ ਨੇ ਫ਼ਿਲਮਸਾਜ਼ ਮੁਹੰਮਦ ਸਰਵਰ ਨੂੰ ਕਿਹਾ ਕਿ ਉਸ ਦੀ ਸਹੇਲੀ ਨੂੰ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਇਹ ਬਹੁਤ ਸੁਰੀਲਾ ਗਾਉਂਦੀ ਹੈ, ਤੁਸੀਂ ਇਸ ਨੂੰ ਇਕ ਵਾਰ ਜ਼ਰੂਰ ਸੁਣੋ। ਮੁਹੰਮਦ ਸਰਵਰ ਨੇ ਨਸੀਬੋ ਨੂੰ ਗਾਉਣ ਲਈ ਕਿਹਾ ਤਾਂ ਨਸੀਬੋ ਨੇ ਮੈਡਮ ਨੂਰਜਹਾਂ ਦਾ ਗੀਤ 'ਮਾਹੀਆ ਵੇ ਬੋਲ ਵੇ, ਕਿਉਂ ਸ਼ਰਮਾਂ ਆਉਂਦੀਆਂ ਨੇ' ਸੁਣਾਇਆ। ਸਰਵਰ ਨੇ ਨਸੀਬੋ ਨੂੰ ਅਗਲੇ ਦਿਨ ਐਵਰਨਿਊ ਸਟੂਡਿਓ ਆਉਣ ਲਈ ਕਿਹਾ। ਅਗਲੇ ਦਿਨ ਐਵਰਨਿਊ ਸਟੂਡੀਓ ਪਹੁੰਚ ਕੇ ਨਸੀਬੋ ਨੇ ਸਰਵਰ ਨੂੰ ਮੈਡਮ ਨੂਰਜਹਾਂ ਦਾ ਗਾਇਆ ਫ਼ਿਲਮ 'ਭਾਈਚਾਰਾ' ਦਾ ਗੀਤ 'ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਮਾਲਾ', 'ਮਿਲ ਗਇਆ ਹੰਝੂਆਂ ਨੂੰ ਦੇਸ ਨਿਕਾਲਾ' ਸੁਣਾਇਆ। ਗੀਤ ਗਾ ਰਹੀ ਨਸੀਬੋ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਸੁਣ ਕੇ ਫ਼ਿਲਮ ਦੇ ਸੰਗੀਤਕਾਰ ਤਾਫ਼ੂ ਆਪਣੇ ਕਮਰੇ ਵਿਚੋਂ ਬਾਹਰ ਆ ਗਏ ਅਤੇ ਕਹਿਣ ਲੱਗੇ ਕਿ ਇਹ ਏਨਾ ਸੁਰੀਲਾ ਗੀਤ ਕੌਣ ਗਾ ਰਹੀ ਹੈ। ਸੰਗੀਤਕਾਰ ਤਾਫ਼ੂ ਅਤੇ ਫ਼ਿਲਮਸਾਜ਼ ਸਰਵਰ ਨਸੀਬੋ ਦੀ ਮਿੱਠੀ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਉਸੇ ਵੇਲੇ ਇਹ ਫੈਸਲਾ ਕੀਤਾ ਕਿ ਉਨ੍ਹਾਂ ਦੀ ਫ਼ਿਲਮ ਵਿਚ ਇਕ ਗੀਤ ਜੋ ਮੈਡਮ ਨੂਰਜਹਾਂ ਲਈ ਲਿਖਿਆ ਗਿਆ ਸੀ, ਉਹ ਹੁਣ ਨਸੀਬੋ ਗਾਏਗੀ ਕਿਉਂਕਿ ਬਿਮਾਰੀ ਦੀ ਵਜ੍ਹਾ ਕਰਕੇ ਮੈਡਮ ਗਾ ਨਹੀਂ ਪਾ ਰਹੇ ਸਨ। ਫ਼ਿਲਮ ਦੇ ਸੰਗੀਤਕਾਰ ਤਾਫ਼ੂ ਨੇ ਉਸੇ ਗੀਤ ਦੀ ਨਸੀਬੋ ਨੂੰ ਪੰਜ ਛੇ ਵਾਰ ਰਿਹਰਸਲ ਕਰਾ ਕਿ ਯਾਦ ਕਰਾ ਦਿੱਤਾ ਤੇ ਉਸ ਦਾ ਸਥਾਈ ਅੰਤਰਾ ਮਾਇਕ 'ਤੇ ਰਿਕਾਰਡ ਕਰ ਲਿਆ। ਅਗਲੇ ਦਿਨ ਪੂਰਾ ਗੀਤ ਰਿਕਾਰਡ ਕਰਨ ਲਈ ਭੱਟੀ ਸਟੂਡੀਓ ਆਉਣ ਲਈ ਕਿਹਾ। ਨਸੀਬੋ ਨੂੰ ਆਪਣੇ ਮਨ ਵਿਚ ਇਹ ਡਰ ਸੀ ਕਿ ਉਸਦੇ ਘਰ ਦੇ ਫ਼ਿਲਮ ਵਿਚ ਗਾਉਣ 'ਤੇ ਗੁੱਸੇ ਨਾ ਹੋ ਜਾਣ। ਨਸੀਬੋ ਨੇ ਜਦੋਂ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤਾਂ ਉਹ ਆਪ ਉਸ ਨੂੰ ਭੱਟੀ ਸਟੂਡੀਓ ਲੈ ਕੇ ਗਈ ਅਤੇ ਗੀਤ ਰਿਕਾਰਡ ਕਰਵਾਇਆ। ਗੀਤ ਰਿਕਾਰਡ ਹੋਣ ਤੋਂ ਬਾਅਦ ਨਸੀਬੋ ਨੂੰ ਦੱਸਿਆ ਗਿਆ ਕਿ ਉਸ ਨੇ ਪੰਜਾਬੀ ਫ਼ਿਲਮ 'ਦੇਸਾਂ ਦਾ ਰਾਜਾ' ਲਈ ਗੀਤ ਰਿਕਾਰਡ ਕਰਵਾਇਆ ਹੈ। ਨਸੀਬੋ ਲਈ ਇਹ ਬਹੁਤ ਵੱਡੀ ਗੱਲ ਸੀ। 12 ਫਰਵਰੀ, 1999 ਵਿਚ ਰਿਲੀਜ਼ ਹੋਈ ਫ਼ਿਲਮ 'ਦੇਸਾਂ ਦਾ ਰਾਜਾ' ਵਿਚ ਅਦਾਕਾਰਾ ਸਾਇਮਾ 'ਤੇ ਫ਼ਿਲਮਾਇਆ ਗੀਤ ਜਿਸ ਦੇ ਬੋਲ ਸਨ, ਜਿਹਦਾ ਯਾਰ ਜੁਦਾ ਹੋ ਜਾਵੇ, ਉਹਦੀ ਨੀਂਦਰ ਉਡ ਪੁਡ ਜਾਵੇ, ਨਸੀਬੋ ਦੇ ਗਾਇਕੀ ਕੈਰੀਅਰ ਦਾ ਪਹਿਲਾ ਫ਼ਿਲਮੀ ਗੀਤ ਬਣਿਆ। ਫ਼ਿਲਮ ਦੇ ਰਿਲੀਜ਼ ਹੁੰਦਿਆਂ ਹੀ ਇਹ ਗੀਤ ਸੁਪਰ ਹਿੱਟ ਹੋ ਗਿਆ ਅਤੇ ਇਸ ਗੀਤ ਦੀ ਕਾਮਯਾਬੀ ਨਾਲ ਸੰਗੀਤ ਦੀ ਦੁਨੀਆ 'ਤੇ ਇਕ ਨਵਾਂ ਸਿਤਾਰਾ ਉਦੈ ਹੋਇਆ। ਜੋ ਅੱਗੇ ਚੱਲ ਕੇ ਪਾਕਿ-ਓ-ਹਿੰਦ ਵਿਚ ਹੀ ਨਹੀਂ ਹੋਏ ਸਗੋਂ ਪੂਰੀ ਦੁਨੀਆ ਵਿਚ ਮਸ਼ਹੂਰ ਬਣਿਆ।

ਫ਼ਿਲਮਾਂ ਵਿਚ ਪਿੱਠਵਰਤੀ ਗਾਇਕਾ ਵਜੋਂ : 

ਪਹਿਲੇ ਫ਼ਿਲਮੀ ਗੀਤ ਨਾਲ ਸ਼ੁਹਰਤ ਦੀਆਂ ਪੌੜੀਆਂ ਚੜ੍ਹਨ ਵਾਲੀ ਨਸੀਬੋ ਨੂੰ ਅੱਗੇ ਚੱਲ ਕੇ ਪੰਜਾਬੀ ਫ਼ਿਲਮਾਂ ਵਿਚ ਬਤੌਰ ਪਿੱਠਵਰਤੀ ਗਾਇਕਾ ਇਕ ਤੋਂ ਵਧ ਕੇ ਇਕ ਹਿੱਟ ਗੀਤ ਗਾਉਣ ਦਾ ਮੌਕਾ ਮਿਲਿਆ। ਮੈਡਮ ਨੂਰਜਹਾਂ ਦੀ ਵਫ਼ਾਤ ਤੋਂ ਬਾਅਦ ਲਹਿੰਦੇ ਪੰਜਾਬ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਸੀਬੋ ਲਾਲ ਦੀ ਆਵਾਜ਼ ਹਰ ਬਣਨ ਵਾਲੀ ਪੰਜਾਬੀ ਫ਼ਿਲਮ ਵਿਚ ਗੂੰਜਣ ਲੱਗੀ। ਫ਼ਿਲਮ 'ਦੇਸਾਂ ਦਾ ਰਾਜਾ' ਤੋਂ ਬਾਅਦ ਨਸੀਬੋ ਦਾ ਦੂਸਰਾ ਫ਼ਿਲਮੀ ਗੀਤ 29 ਮਾਰਚ 1999 ਨੂੰ ਰਿਲੀਜ਼ ਹੋਈ ਸੁਪਰਹਿੱਟ ਪੰਜਾਬੀ ਫ਼ਿਲਮ 'ਨਿੱਕੀ ਜਿਹੀ ਹਾਂ' ਦਾ 'ਨੀ ਅੜੀਓ ਦਿਲ ਲਾ ਕੇ ਪਛਤਾਈ' ਵੀ ਬਹੁਤ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਤੋਂ ਬਾਅਦ ਨਸੀਬੋ ਲਾਲ ਨੇ ਪੰਜਾਬੀ ਫ਼ਿਲਮਾਂ ਲਈ ਅਣਗਿਣਤ ਹਿੱਟ ਗੀਤ ਗਾਏ। ਹੁਣ ਤੱਕ ਦੇ ਫ਼ਿਲਮੀ ਕੈਰੀਅਰ ਦੌਰਾਨ ਨਸੀਬੋ ਲਾਲ 1500 ਦੇ ਕਰੀਬ ਫ਼ਿਲਮੀ ਗੀਤ ਗਾ ਚੁੱਕੀ ਹੈ ਜਿਨ੍ਹਾਂ ਵਿਚੋਂ ਕੁਝ ਮਸ਼ਹੂਰ ਗੀਤ ਹਨ : ਅਸਾਂ ਜੱਗ ਨੂੰ ਮਨਾ ਕੇ ਕੀ ਕਰਨਾ, ਮੈਂ ਇਸ਼ਕ ਕਮਾਇਆ ਲੋਕੋ, ਤੇਰੇ ਇਸ਼ਕ ਨੇ ਮਾਰ ਸੁੱਟਿਆ, ਕੁੰਡੀ ਨਾ ਖੜਕਾ ਸੋਹਣਿਆ, ਰੱਬਾ ਯਾਰ ਮਿਲਾ ਦੇ ਤੂੰ ਮੇਰਾ, ਜ਼ਿੰਦਗੀ ਦੇ ਮੇਲੇ, ਗੱਲ ਸੁਣ ਦਿਲਦਾਰਾ, ਜਦੋਂ ਇਸ਼ਕੇ ਦਾ ਵੱਲ ਮੈਨੂੰ ਆਇਆ ਸੱਜਣ ਪ੍ਰਦੇਸੀ ਹੋ ਗਿਆ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਅੱਲਾ ਉੱਤੇ ਡੋਰੀਆਂ ਪ੍ਰਮੁੱਖ ਹਨ। ਨਸੀਬੋ ਦੇ ਭੋਲੇਪਨ ਅਤੇ ਫ਼ਿਲਮ ਲਾਈਨ ਵਿਚ ਨਵੀਂ ਹੋਣ ਕਰਕੇ ਸ਼ੁਰੂ ਸ਼ੁਰੂ ਵਿਚ ਫ਼ਿਲਮ ਨਿਰਮਾਤਾਵਾਂ , ਗੀਤਕਾਰਾਂ ਨੇ ਉਸ ਕੋਲੋਂ ਐਸੇ ਗ਼ੈਰ-ਮਿਆਰੀ ਗੀਤ ਵੀ ਗਵਾ ਲਏ ਜਿਨ੍ਹਾਂ ਕਰਕੇ ਉਸ ਨੂੰ ਸ਼ਰਮਿੰਦਗੀ ਅਤੇ ਅਦਾਲਤੀ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ। ਉਹ ਦੁਖੀ ਵੀ ਹੁੰਦੀ ਹੈ ਕਿ ਉਸ ਕੋਲੋਂ ਸੰਗੀਤਕਾਰਾਂ ਅਤੇ ਗੀਤਕਾਰਾਂ ਸਹੀ ਗਾਣੇ ਨਹੀਂ ਗਵਾਏ। ਉਹ ਦੱਸਦੀ ਹੈ ਕਿ ਉਸਦੇ ਗੀਤ ਗਾਉਣ ਦੇ ਹੱਦੋਂ ਵੱਧ ਸ਼ੌਂਕ ਕਰਕੇ, ਅਣਭੋਲ ਪੁਣੇ ਕਰਕੇ ਅਤੇ ਫ਼ਿਲਮੀ ਸੰਗੀਤਕਾਰਾਂ ਵਲੋਂ ਕੰਮ ਨਾ ਦੇਣ ਦੀਆਂ ਧਮਕੀਆਂ ਕਰਕੇ ਹੀ ਉਸ ਕੋਲੋਂ ਗ਼ੈਰ-ਮਿਆਰੀ ਗੀਤ ਗਵਾਏ ਗਏ।

ਨਸੀਬੋ ਲਾਲ ਨੇ ਫ਼ਿਲਮੀ ਗੀਤਾਂ ਤੋਂ ਇਲਾਵਾ ਬਹੁਤ ਸਾਰੇ ਗ਼ੈਰ-ਫ਼ਿਲਮੀ ਗੀਤ ਵੀ ਗਾਏ ਜਿਨ੍ਹਾਂ ਵਿਚ ਉਸ ਨੇ ਸਭ ਤੋਂ ਪਹਿਲਾ ਗੀਤ 'ਨੀ ਤੂੰ ਵਿਛੜਨ ਵਿਛੜਨ ਕਰਦੀ ਏਂ ਜਦੋ ਵਿਛੜੇਂਗੀ ਪਤਾ ਲੱਗ ਜਊਗਾ' ਗਾਇਆ ਜਿਸ ਨੂੰ ਲੋਕਾਂ ਬੇਹੱਦ ਪਸੰਦ ਕੀਤਾ। ਇਸ ਤੋਂ ਬਾਅਦ ਇਕ ਹੋਰ ਗੀਤ 'ਏਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ' ਗਾਇਆ ਜੋ ਸੁਪਰਹਿੱਟ ਸਾਬਿਤ ਹੋਇਆ। ਨਸੀਬੋ ਦੱਸਦੀ ਏ ਕਿ ਪਾਕਿਸਤਾਨੀ ਗੀਤਕਾਰ ਅਤੇ ਸੰਗੀਤਕਾਰ ਨੇ ਜਦੋਂ ਉਸ ਕੋਲੋਂ ਇਹ ਗੀਤ ਗਵਾਇਆ ਤਾਂ ਉਸ ਨੂੰ ਨਹੀ ਸੀ ਪਤਾ ਕਿ ਇਹ ਗੀਤ ਪਹਿਲਾਂ ਹੀ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕਾ ਹੈ। ਇਸ ਗੀਤ ਤੋਂ ਬਾਅਦ ਨਸੀਬੋ ਨੇ ਬਹੁਤ ਸਾਰੇ ਉਦਾਸ ਗੀਤ ਗਾਏ ਜਿਨ੍ਹਾਂ ਨੂੰ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਸੰਦ ਕੀਤਾ। ਨਸੀਬੋ ਦੇ ਫ਼ਿਲਮੀ ਗੀਤਾਂ ਤੋਂ ਇਲਾਵਾ ਹੁਣ ਤੱਕ ਲੱਗਭੱਗ 40 ਦੇ ਕਰੀਬ ਗੀਤਾਂ ਦੀਆਂ ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਪ੍ਰਸਿੱਧ ਐਲਬਮਾਂ ਦੇ ਨਾਂ ਕੁੱਝ ਇਸ ਤਰ੍ਹਾਂ ਹਨ ਰੱਬ ਚੰਨ ਜਿਹਾ ਯਾਰ, ਛੇਤੀ ਕਰ ਆਜਾ ਮੇਰੇ ਢੋਲਾ, ਦਿਲ ਲੈ ਗਿਆ ਮੇਰਾ, ਯਾਰ ਨਾ ਵਿੱਛੜ ਜਾਵੇ, ਮੈਂ ਆਂ ਤੇਰਾ ਲੈਲਾ, ਮਿੰਨਤਾਂ ਦੇ ਨਾਲ ਮਾਹੀਆ, ਤੇਰੇ ਨਾਲ ਰਹਿਣਾ, ਜਾਵਾਂ ਨਾ ਪ੍ਰਦੇਸ, ਪੰਜ ਤਿੰਨ ਦਾ ਵਿਰਦ ਪਕਾਵਾ, ਅਸ਼ਕ ਆਖੋਂ ਮੇ ਲੇ ਕਰ ਅਤੇ ਰੌਂਦੇ ਛਮ ਛਮ ਨੈਣ। ਨਸੀਬੋ ਨੇ ਮਸ਼ਹੂਰ ਕੋਕ ਸਟੂਡੀਓ ਦੇ 9ਵੇਂ ਸੀਜ਼ਨ ਵਿਚ ਵੀ ਗਾਇਆ। ਆਈ.ਪੀ.ਐਲ. ਦੀ ਤਰਜ਼ 'ਤੇ ਪਾਕਿਸਤਾਨ ਦੀ ਘਰੇਲੂ ਕ੍ਰਿਕਟ ਲੜੀ ਪਾਕਿਸਤਾਨ ਸੁਪਰ ਲੀਗ ਪੀ.ਐਸ.ਐਲ. ਵਿਚ ਖੇਡਦੀ ਇਕ ਟੀਮ ਲਹੌਰ ਕਲੰਦਰ ਲਈ ਨਸੀਬੋ , ਆਇਮਾ ਬੇਗ਼ ਅਤੇ ਯੰਗ ਸਟੰਨਰ ਦੀ ਆਵਾਜ਼ ਵਿਚ ਇਕ ਤਰਾਨਾ ਰਿਲੀਜ਼ ਕੀਤਾ ਗਿਆ ਗਰੂਵ ਮੇਰਾ ਜਿਸ ਦੀ ਅਪਾਰ ਸਫ਼ਲਤਾ ਨੇ ਨਸੀਬੋ ਦੀ ਪ੍ਰਸਿੱਧੀ ਅੰਬਰਾਂ 'ਤੇ ਪਹੁੰਚਾ ਦਿੱਤੀ। ਨਸੀਬੋ ਇਸ ਤਰਾਨੇ ਨੂੰ ਗਾ ਕੇ ਬੇਹੱਦ ਖੁਸ਼ ਹੈ। ਨਸੀਬੋ ਨੇ ਨਾਮਵਰ ਸੂਫ਼ੀ ਗਾਇਕਾ ਆਬਿਦਾ ਪਰਵੀਨ ਨਾਲ ਮਿਲ ਕੇ 'ਤੂ ਝੂਮ' ਨਾਂਅ ਦਾ ਗੀਤ ਕੋਕ ਸਟੂਡੀਓ ਦੇ 14ਵੇਂ ਸੀਜ਼ਨ ਲਈ ਵੀ ਗਾਇਆ ਹੈ ਜਿਸ ਨੂੰ ਸੰਗੀਤ ਪ੍ਰੇਮੀਆ ਨੇ ਬੇਹੱਦ ਪਸੰਦ ਕੀਤਾ। ਵੈਸੇ ਤਾਂ ਨਸੀਬੋ ਦੇ ਗਾਏ ਹਰ ਤਰ੍ਹਾਂ ਦੇ ਗੀਤ ਸੰਗੀਤ ਪ੍ਰੇਮੀਆਂ ਦੀ ਪਸੰਦ ਬਣਦੇ ਹਨ ਪਰ ਉਸ ਦੀ ਆਵਾਜ਼ ਵਿਚ ਗਾਏ ਉਦਾਸ ਗੀਤਾਂ ਨੂੰ ਤਾਂ ਸੰਗੀਤ ਪ੍ਰੇਮੀ ਹੱਦੋਂ ਵੱਧ ਪਸੰਦ ਕਰਦੇ ਹਨ ਖਾਸਕਰ ਇਕ ਸੁਪਰਹਿੱਟ ਦੋਗਾਣਾ ਗੀਤ ਨਸੀਬੋ ਅਤੇ ਅਕਰਮ ਰਾਹੀ ਦੀ ਆਵਾਜ਼ ਵਿਚ ਜਿਸ ਦੇ ਬੋਲ ਹਨ : 'ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਿਲ ਨਾਲ' ਪੂਰੀ ਦੁਨੀਆ ਵਿਚ ਜਿੱਥੇ ਵੀ ਪੰਜਾਬੀ ਵਸਦੇ ਨੇ ਬੇਹੱਦ ਸੁਣਿਆ ਗਿਆ। ਇਸ ਤੋਂ ਇਲਾਵਾ ਨਸੀਬੋ ਲਾਲ ਅਤੇ ਅਲੀ ਫ਼ਰਾਜ਼ ਦੀ ਆਵਾਜ਼ ਵਿਚ ਗਾਇਆ ਦੋਗਾਣਾ ਇਸ਼ਕ ਖ਼ੁਦਾ ਦੀ ਖ਼ੁਦਾਈ ਅਤੇ ਤਾਰਿਕ ਖਾਨ ਅਤੇ ਨਸੀਬੋ ਲਾਲ ਦੀਆਂ ਆਵਾਜ਼ਾਂ ਵਿਚ ਗਾਇਆ ਦੋਗਾਣਾ ਤੇਰਾ ਨਾਂ ਵੀ ਮਸ਼ਹੂਰ ਗੀਤ ਹਨ।

ਨਸੀਬੋ ਲਾਲ ਨੇ ਜਿਥੇ ਪਾਕਿਸਤਾਨ ਵਿਚ ਫ਼ਿਲਮਾਂ, ਰੇਡੀਓ ਅਤੇ ਟੈਲੀਵਿਜ਼ਨ 'ਤੇ ਆਪਣੀ ਸੁਰੀਲੀ ਗਾਇਕੀ ਦੇ ਕਈ ਰੰਗ ਪੇਸ਼ ਕੀਤੇ , ਮਹਿਫ਼ਲਾਂ ਵਿਚ ਲਾਈਵ ਗਾਇਆ, ਉਥੇ ਨਾਲ ਹੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਜਿਨ੍ਹਾਂ ਵਿਚ ਭਾਰਤ , ਯੂ.ਕੇ, ਅਮਰੀਕਾ, ਯੂਰਪ, ਮੱਧ ਏਸ਼ੀਆ, ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਸਟੇਜ 'ਤੇ ਲਾਈਵ ਗਾ ਕੇ ਆਪਣੀ ਬਿਹਤਰੀਨ ਗਾਇਕੀ ਦੀ ਖੁਸ਼ਬੂ ਚਾਰੇ ਪਾਸੇ ਫੈਲਾਈ। ਨਸੀਬੋ ਲਾਲ ਦੁਨੀਆ ਵਿਚ ਜਿੱਥੇ ਵੀ ਗਏ ਉਨ੍ਹਾਂ ਨੂੰ ਬੇਪਨਾਹ ਮੁਹੱਬਤ , ਮਾਣ ਸਨਮਾਣ ਪ੍ਰਾਪਤ ਹੋਇਆ। ਨਸੀਬੋ ਦੀ ਆਵਾਜ਼ ਇੰਨੀ ਬੁਲੰਦ ਅਤੇ ਸੁਰੀਲੀ ਹੈ ਕਿ ਲਾਈਵ ਗਾ ਕੇ ਵੀ ਉਸ ਦੇ ਗੀਤ ਉਂਝ ਈ ਲਗਦੇ ਹਨ ਜਿਵੇਂ ਉਸ ਦੇ ਗੀਤ ਰਿਕਾਰਡਿੰਗ ਵਿਚ ਗਾਏ ਲਗਦੇ। 

ਵਿਆਹ ਅਤੇ ਬੱਚੇ: 

ਨਸੀਬੋ ਲਾਲ ਦਾ ਵਿਆਹ ਉਸ ਦੇ ਆਪਣੇ ਕਬੀਲੇ ਦੇ ਹੀ ਸੰਗੀਤ ਨਾਲ ਸੰਬੰਧ ਰੱਖਣ ਵਾਲੇ ਨਾਵੇਦ ਨਾਂਅ ਦੇ ਸ਼ਖ਼ਸ ਨਾਲ ਹੋਇਆ ਜਿਨ੍ਹਾਂ ਤੋਂ ਇਨ੍ਹਾਂ ਦੇ ਘਰ ਦੋ ਬੱਚੇ ਬੇਟਾ ਮੁਰਾਦ ਹੁਸੈਨ ਅਤੇ ਬੇਟੀ ਨੂਰ ਫਾਤਿਮਾ ਪੈਦਾ ਹੋਏ। ਨਸੀਬੋ ਲਾਲ ਦਾ ਬੇਟਾ ਮੁਰਾਦ ਹੁਸੈਨ ਵੀ ਛੋਟੇ ਹੁੰਦਿਆਂ ਤੋਂ ਹੀ ਬੜਾ ਸੁਰੀਲਾ ਗਾਉਂਦਾ ਹੈ ਅਤੇ ਹੁਣ ਉਹ ਸਟੇਜ ਪ੍ਰੋਗਰਾਮਾਂ ਅਤੇ ਬਾਹਰਲੇ ਮੁਲਕ ਹੁੰਦੇ ਸ਼ੋਅਜ਼ ਵਿਚ ਆਪਣੀ ਮਾਂ ਨਸੀਬੋ ਲਾਲ ਨਾਲ ਅਕਸਰ ਗਾਉਂਦਾ ਨਜ਼ਰ ਆ ਜਾਂਦਾ ਹੈ। ਨਸੀਬੋ ਦੀਆਂ ਦੋ ਭੈਣਾਂ ਸ਼ੀਨਾ ਲਾਲ ਅਤੇ ਫਰਾਹ ਲਾਲ ਵੀ ਗਾਉਂਦੀਆਂ ਹਨ ਅਤੇ ਦੋਵੇਂ ਭਰਾ ਸ਼ਾਹਿਦ ਲਾਲ ਅਤੇ ਤਾਬੇਦਾਰ ਲਾਲ ਵੀ ਧੀਆ ਗਾਇਕ ਹਨ।