ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ

ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ

ਬੀਐਸ. ਚਾਨਾ
ਭਾਵੇਂ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਨੂੰ 13 ਅਪਰੈਲ, 1699 ਵਿਚ ਖਾਲਸਾ ਪੰਥ ਦੇ ਜਨਮ ਸਥਾਨ ਵਜੋਂ ਹੀ ਜਾਣਿਆ ਜਾਂਦਾ ਹੈ ਪਰ ਤਵਾਰੀਖ ਦੇ ਪੰਨਿਆਂ ਨੂੰ ਜੇਕਰ ਵੇਖਿਆ ਜਾਵੇ ਤਾਂ ਇਸ ਇਤਿਹਾਸਕ ਧਰਤੀ ਦੀ ਸਥਾਪਨਾ ਗੁਰੂ ਤੇਗ ਬਹਾਦਰ ਜੀ ਵੱਲੋਂ 19 ਜੂਨ, 1665 ਵਿਚ ਕੀਤੀ ਗਈ ਸੀ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਤਲੁਜ ਦਰਿਆ ਦੇ ਕਿਨਾਰੇ ਪਿੰਡ 'ਮਾਖੋਵਾਲ' ਦੀ ਜ਼ਮੀਨ ਖਰੀਦ ਕੇ ਇੱਥੇ ਚੱਕ ਨਾਨਕੀ ਨਗਰ ਵਸਾਇਆ ਸੀ ਅਤੇ ਇਸ ਦੀ ਨੀਂਹ ਉਨ੍ਹਾਂ ਨੇ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਰੰਧਾਵਾ ਦੇ ਹੱਥੋਂ (ਸੰਮਤ 1723) 19 ਜੂਨ, 1665 ਨੂੰ ਰਖਵਾਈ ਸੀ। ਇਸ ਤੋਂ ਬਾਅਦ ਇਹ ਧਰਤੀ ਹੁਣ ਆਨੰਦਪੁਰ ਸਾਹਿਬ ਦੇ ਨਾਮ ਨਾਲ ਵਿਸ਼ਵ ਭਰ ਵਿਚ ਜਾਣੀ ਜਾਂਦੀ ਹੈ। ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮਾਂ ਸਦਕਾ ਇਤਿਹਾਸਕ ਗੁਰਦੁਆਰਾ ਭੌਰਾ ਸਾਹਿਬ ਵਿਖੇ ਬੀਤੇ ਕੁਝ ਸਾਲਾਂ ਤੋਂ 19 ਜੂਨ ਵਾਲੇ ਦਿਨ ਵਿਸ਼ੇਸ਼ ਸਮਾਗਮ ਆਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ ਪਰ ਅੱਜ ਵੀ ਆਨੰਦਪੁਰ ਸਾਹਿਬ ਸਮੇਤ ਸਮੁੱਚੇ ਪੰਜਾਬ ਤੋਂ ਇਲਾਵਾ ਵਿਸ਼ਵ ਭਰ ਦੇ ਲੋਕਾਂ ਨੂੰ ਅਜੇ ਤਕ ਸਹੀ ਢੰਗ ਨਾਲ ਇਸ ਪਵਿੱਤਰ ਨਗਰੀ ਦੀ ਸਥਾਪਨਾ ਸਬੰਧੀ ਇਤਿਹਾਸ ਦਾ ਨਹੀਂ ਪਤਾ।

ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਜ਼ਮੀਨ ਦੀ ਭੂਗੋਲਿਕ ਬਣਤਰ ਨੂੰ ਵੇਖਦੇ ਹੋਏ ਸਤਲੁਜ ਦੇ ਕਿਨਾਰੇ ਪੰਜ ਪਿੰਡਾਂ ਦੀ ਜ਼ਮੀਨ ਬਿਲਾਸਪੁਰ (ਹਿ.ਪ੍ਰ.) ਦੀ ਰਾਣੀ ਚੰਪਾ ਤੋਂ ਲਈ ਸੀ ਅਤੇ ਗੁਰੂ ਦੀ ਨਗਰੀ ਨੂੰ ਇੱਥੇ ਵਸਾਇਆ ਸੀ। ਇਨ੍ਹਾਂ ਪਿੰਡਾਂ ਵਿਚ ਮਾਖੋਵਾਲ (ਆਨੰਦਪੁਰ ਸਾਹਿਬ), ਚੱਕ, ਸਹੌਟਾ, ਲੋਧੀਪੁਰ ਅਤੇ ਮਟੌਰ ਪਿੰਡਾਂ ਦੇ ਨਾਮ ਸ਼ਾਮਲ ਹਨ। ਇਸ ਜ਼ਮੀਨ ਦੇ ਇੱਕ ਪਾਸੇ ਸਤਲੁਜ ਦਰਿਆ ਵਗਦਾ ਸੀ ਅਤੇ ਦੂਸਰੇ ਪਾਸੇ ਸ਼ਿਵਾਲਿਕ ਦੀਆਂ ਵੱਡੀਆਂ-ਵੱਡੀਆਂ ਪਹਾੜੀਆਂ ਮੌਜੂਦ ਸਨ ਜੋ ਕਿਸੇ ਵੀ ਤਰ੍ਹਾਂ ਦੇ ਬਾਹਰੀ ਹਮਲੇ ਲਈ ਵੱਡੀ ਚੁਣੌਤੀ ਸਨ। ਨੌਵੇਂ ਗੁਰੂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਤੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਹਿਰ ਨੂੰ ਬਾਹਰੀ ਹਮਲਾਵਰਾਂ ਤੋਂ ਮਹਿਫੂਜ਼ ਕਰਨ ਲਈ ਸ਼ਹਿਰ ਦੇ ਆਲੇ-ਦੁਆਲੇ ਪੰਜ ਕਿਲ੍ਹੇ, ਜਿਨ੍ਹਾਂ ਵਿੱਚ ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ, ਕਿਲ੍ਹਾ ਤਾਰਾਗੜ੍ਹ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ, ਬਣਵਾਏ ਅਤੇ ਪਹਾੜੀ ਰਾਜਿਆਂ ਸਹਿਤ ਹੋਰਨਾਂ ਹਮਲਾਵਰਾਂ ਨਾਲ ਲੋਹਾ ਲਿਆ।

ਇਸੇ ਧਰਤੀ 'ਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪਰੈਲ 1699 ਨੂੰ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖ ਕੌਮ ਨੂੰ ਨਵਾਂ ਸਰੂਪ ਦਿੱਤਾ ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਤੋਂ ਬਾਅਦ ਹੁਣ ਇਸ ਧਰਤੀ ਨੂੰ ਖਾਲਸਾ ਪੰਥ ਦੇ ਜਨਮ ਸਥਾਨ ਵਜੋਂ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ