ਪੰਥਕ ਮਾਮਲਿਆਂ ’ਤੇ ਸਾਰੀਆਂ ਧਿਰਾਂ ਨੂੰ ਇਕਜੁਟ ਕਰਨ ਦਾ ਯਤਨ ਕਰਾਂਗੇ- ਜਥੇਦਾਰ ਗਿਆਨੀ ਰਘਬੀਰ ਸਿੰਘ

ਪੰਥਕ ਮਾਮਲਿਆਂ ’ਤੇ ਸਾਰੀਆਂ ਧਿਰਾਂ ਨੂੰ ਇਕਜੁਟ ਕਰਨ ਦਾ ਯਤਨ ਕਰਾਂਗੇ- ਜਥੇਦਾਰ ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 22 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹ ਧੜ੍ਹਿਆਂ ਵਿਚ ਵੰਡੇ ਪੰਥ ਨੂੰ ਇਕਜੁਟ ਕਰਨ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮਿਸਲਾਂ ਸਮੇਂ ਵੀ ਪੰਥ ਵੱਖ-ਵੱਖ ਥੜ੍ਹਿਆਂ ਵਿਚ ਹੋਣ ਦੇ ਬਾਵਜੂਦ ਪੰਥਕ ਮਾਮਲਿਆਂ ’ਤੇ ਇਕਜੁਟ ਰਹਿੰਦਾ ਸੀ। ਉਸੇ ਤਰ੍ਹਾਂ ਹੁਣ ਵੀ ਪੰਥਕ ਮਾਮਲਿਆਂ ’ਤੇ ਸਾਰਿਆਂ ਨੂੰ ਇਕੱਠਿਆਂ ਕੀਤਾ ਜਾਵੇਗਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ ’ਚ ਲਿਆਂਦਾ ਗਿਆ ਸਿੱਖ ਗੁਰਦੁਆਰਾ ਸੋਧ ਬਿੱਲ ਬੇਹੱਦ ਮੰਦਭਾਗਾ ਹੈ। ਵਿਧਾਨ ਸਭਾ ਵਿਚ ਦਾਹੜੀ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਵੀ ਅਤਿ ਨਿੰਦਣਯੋਗ ਹਨ। ਉਨ੍ਹਾਂ ਸੰਗਤ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਅਪੀਲ ਵੀ ਕੀਤੀ। ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਨ੍ਹਾਂ ਨੂੰ ਮਿਲੀ ਹੈ ਅਤੇ ਉਹ ਇਸ ਮਹਾਨ ਅਸਥਾਨ ਦੀਆਂ ਪ੍ਰੰਪਰਾਵਾਂ ਅਤੇ ਰਵਾਇਤਾਂ ਅਨੁਸਾਰ ਪੰਥਕ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੌਮ ਦੀ ਸੇਵਾ ਨਿਭਾਉਣ ਦਾ ਯਤਨ ਕਰਨਗੇ। ਇਸੇ ਦੌਰਾਨ ਸੇਵਾ ਸੰਭਾਲਣ ਮਗਰੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।