ਫਿਰੋਜ਼ਪੁਰ ਦੀ ਜੇਲ੍ਹ ਵਿਚ ਕੈਦੀ ਦੀ ਪਿੱਠ 'ਤੇ ਲਿਖਿਆ 'ਗੈਂਗਸਟਰ'
*ਪੰਜਾਬ ਪੁਲਿਸ ਵੱਲੋਂ ਕੈਦੀਆਂ ਨਾਲ ਕੀਤੇ ਜਾ ਰਹੇ ਅੱਤਿਆਚਾਰ ਕਰਨ ਦਾ ਨਵਾਂ ਮਾਮਲਾ ਆਇਆ ਸਾਹਮਣੇ
*ਜ਼ਿਲ੍ਹਾ ਸੈਸ਼ਨ ਜੱਜ ਵੀਰਇੰਦਰ ਅਗਰਵਾਲ ਵਲੋਂ ਸਖ਼ਤ ਨੋਟਿਸ
ਅੰਮ੍ਰਿਤਸਰ ਟਾਈਮਜ਼
ਕਪੂਰਥਲਾ : ਪੰਜਾਬ ਪੁਲਿਸ ਵੱਲੋਂ ਕੈਦੀਆਂ ਨਾਲ ਕੀਤੇ ਜਾ ਰਹੇ ਅੱਤਿਆਚਾਰ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਦੋਂ ਫ਼ਿਰੋਜ਼ਪੁਰ ਜੇਲ੍ਹ 'ਚੋਂ ਪੇਸ਼ੀ 'ਤੇ ਆਏ ਕਪੂਰਥਲਾ ਅਦਾਲਤ ਵਿੱਚ ਕੈਦੀ ਨੇ ਜੱਜ ਅੱਗੇ ਪੇਸ਼ ਹੋ ਕੇ ਦੱਸਿਆ ਕਿ ਉਸ ਦੀ ਪਿੱਠ 'ਤੇ ਪੁਲਿਸ ਵੱਲੋਂ ਗਰਮ ਸਲਾਖਾਂ ਨਾਲ ਗੈਂਗਸਟਰ ਲਿਖਿਆ ਹੈ।ਇਹ ਮਾਮਲਾ ਸੁਣਨ ਤੋਂ ਬਾਅਦ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਨੇ ਕੈਦੀ ਤਰਸੇਮ ਸਿੰਘ ਦਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਉਹ ਆਪਣੀ ਰਿਪੋਰਟ ਤਿਆਰ ਕਰਕੇ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਜਾਣਕਾਰੀ ਅਨੁਸਾਰ, ਕਪੂਰਥਲਾ ਢਿਲਵਾਂ ਥਾਣੇ ਵਿੱਚ 2017 ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿਚ ਮੁਲਜ਼ਮ ਤਰਸੇਮ ਸਿੰਘ ਵਾਸੀ ਢਿਲਵਾਂ ਦੇ ਖ਼ਿਲਾਫ਼ ਡਾਕਾ ਮਾਰਨ ਦੀ ਤਿਆਰੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਤਰਸੇਮ ਸਿੰਘ ਫ਼ਿਲਹਾਲ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ। ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਵੀਰਇੰਦਰ ਅਗਰਵਾਲ ਨੇ ਮਾਮਲੇ ਦਾ ਖ਼ੁਦ ਹੀ ਨੋਟਿਸ ਲੈਂਦੇ ਹੋਏ ਸਬੰਧਿਤ ਬੰਦੀ ਨੂੰ ਮੁਫ਼ਤ ਵਕੀਲ ਮੁਹੱਈਆ ਕਰਵਾਉਣਾ, ਮੈਡੀਕਲ ਸਹੂਲਤ ਦੇਣ ਤੋਂ ਇਲਾਵਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕੋਲੋਂ ਸਾਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ ।ਇਸ ਸਬੰਧੀ ਸੀ.ਜੇ.ਐੱਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਿਸ ਏਕਤਾ ਉੱਪਲ ਨਾਲ ਗੱਲਬਾਤ ਕੀਤੀ ਗਈ । ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਸ ਘਟਨਾ ਦਾ ਜਾਇਜ਼ਾ ਲੈਣ ਲਈ ਰਿਟੇਨਰ ਐਡਵੋਕੇਟ ਗਗਨ ਗੋਕਲਾਨੀ ਅਤੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਸਿੰਘ ਨੂੰ ਕੇਂਦਰੀ ਜੇਲ੍ਹ ਵਿਚ ਭੇਜ ਕੇ ਸਬੰਧਿਤ ਬੰਦੀ ਦਾ ਹਾਲ-ਚਾਲ ਪੁੱਛਿਆ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਤੇ ਡਾਕਟਰੀ ਇਲਾਜ ਲਈ ਦੀ ਲੋੜ ਬਾਰੇ ਪੀੜਤ ਨੂੰ ਦੱਸਿਆ, ਜਿਸ 'ਤੇ ਉਕਤ ਬੰਦੀ ਵਲੋਂ ਮੁਫ਼ਤ ਵਕੀਲ ਦੀ ਸਹਾਇਤਾ ਲੈਣ ਸਬੰਧੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਬੇਨਤੀ ਕੀਤੀ ਗਈ । ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ 'ਤੇ ਸੀ.ਜੇ.ਐਮ. ਨੇ ਬੰਦੀ ਨੂੰ ਤੁਰੰਤ ਮੁਫ਼ਤ ਵਕੀਲ ਮੁਹੱਈਆ ਕਰਵਾਉਣ ਦਾ ਹੁਕਮ ਜਾਰੀ ਕੀਤਾ ।ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸੀ.ਜੇ.ਐਮ. ਅਸ਼ੋਕ ਚੌਹਾਨ ਦੀ ਡਿਊਟੀ ਲਗਾਈ ਕਿ ਇਸ ਬੰਦੀ ਨਾਲ ਹੋਈ ਘਟਨਾ ਦੀ ਸਾਰੀ ਰਿਪੋਰਟ ਜਲਦ ਉਨ੍ਹਾਂ ਦੇ ਦਫ਼ਤਰ ਵਿਖੇ ਪੇਸ਼ ਕੀਤੀ ਜਾਵੇ ।
Comments (0)