ਕਿਸਾਨਾਂ ਦੀ ਨਸ਼ਿਆਂ ਵਿਰੋਧੀ ਮੁਹਿੰਮ ਅਗੇ ਝੁਕਿਆ ਪ੍ਰਸ਼ਾਸ਼ਣ
ਮੰਤਰੀਆਂ ਤੇ 'ਆਪ' ਵਿਧਾਇਕਾਂ ਦਾ ਵਿਰੋਧ ਕਰੇਗੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ
ਐਸ.ਐਸ.ਪੀ. ਵਲੋਂ ਝੋਟਾ ਨੂੰ ਜਲਦ ਰਿਹਾਅ ਕਰਨ ਦਾ ਭਰੋਸਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮਾਨਸਾ - ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਬਿਨਾਂ ਸ਼ਰਤ ਰਿਹਾਈ ਅਤੇ ਹੋਰ ਮੰਗਾਂ ਮਨਵਾਉਣ ਲਈ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਕੀਤੀ ਗਈ ਮਹਾਂ ਰੈਲੀ ਵਿਚ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹਜ਼ਾਰਾਂ ਲੋਕ ਪਹੁੰਚੇ। ਬੁਲਾਰਿਆਂ ਨੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਭਰ 'ਵਿਚ ਤਿੱਖਾ ਸੰਘਰਸ਼ ਛੇੜਨ ਦਾ ਐਲਾਨ ਕਰਦਿਆਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੇ ਨਾਲ ਹੀ ਪੰਚਾਇਤੀ ਚੋਣਾਂ ਵਿਚ ਉਮੀਦਵਾਰਾਂ ਤੋਂ ਅਹਿਦ ਲਿਆ ਜਾਵੇਗਾ ਕਿ ਉਹ ਕਿਸੇ ਵੀ ਤਸਕਰ ਦੀ ਜ਼ਮਾਨਤ ਨਹੀਂ ਕਰਵਾਉਣਗੇ । ਇਸ ਕਾਰਜ ਲਈ ਪਿੰਡ ਪੱਧਰ 'ਤੇ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਤੇ ਮੁੱਖ ਮੰਤਰੀ ਵਲੋਂ ਕੁਝ ਸਮੇਂ ਵਿਚ ਨਸ਼ਾ ਬੰਦ ਕਰਨ ਦੇ ਦਾਅਵੇ ਹਵਾ ਵਿਚ ਉੱਡ ਗਏ ਹਨ ਅਤੇ ਰਾਜ ਵਿਚ ਨਸ਼ਿਆਂ ਦਾ ਬੋਲਬਾਲਾ ਵਧਿਆ ਹੈ। ਐਕਸ਼ਨ ਕਮੇਟੀ ਵਲੋਂ ਹਾਜ਼ਰੀਨ ਦੀ ਸਹਿਮਤੀ ਨਾਲ ਐਲਾਨ ਕੀਤਾ ਗਿਆ ਹੈ ਕਿ ਪਿੰਡਾਂ/ਸ਼ਹਿਰਾਂ ਵਿਚ ਸੱਤਾਧਾਰੀ ਧਿਰ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾਵੇਗਾ । ਸੰਘਰਸ਼ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਝੋਟਾ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਜੇਲ੍ਹ ਭਰੋ ਅੰਦੋਲਨ ਚਲਾਇਆ ਜਾਵੇਗਾ। ਮਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਬੋਘ ਸਿੰਘ ਮਾਨਸਾ, ਗੋਬਿੰਦ ਸਿੰਘ ਛਾਜਲੀ, ਹਰਦੇਵ ਸਿੰਘ ਅਰਸ਼ੀ, ਸਮਾਜਿਕ ਕਾਰਕੁਨ ਲੱਖਾ ਸਿਧਾਣਾ, ਅੰਮ੍ਰਿਤਸਰ ਦਲ ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ, ਐਡਵੋਕਟ ਲਖਵਿੰਦਰ ਸਿੰਘ ਲਖਨਪਾਲ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਜਵਾਨੀ, ਕਿਸਾਨੀ, ਵਿਰਾਸਤ, ਬੋਲੀ ਅਤੇ ਸੱਭਿਆਚਾਰ ਵਿਗਾੜਨ ਲਈ ਸਭ ਕੁਝ ਸਰਕਾਰੀ ਥਾਪੜੇ ਨਾਲ ਸਾਜਿਸ਼ ਅਧੀਨ ਹੋ ਰਿਹਾ ਹੈ।
ਰੈਲੀ ਦੌਰਾਨ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਤੇ ਸਾਥੀਆਂ ਤੋਂ ਇਲਾਵਾ ਰਾਜ ਭਰ ਵਿਚ ਜਿਨ੍ਹਾਂ ਨੌਜਵਾਨਾਂ 'ਤੇ ਗ਼ਲਤ ਮੁਕੱਦਮੇ ਦਰਜ ਹੋਏ ਹਨ, ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਐਲਾਨ ਵੀ ਕੀਤਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਅਸੀਂ ਪਰਵਿੰਦਰ ਨੂੰ ਜੇਲ੍ਹ 'ਚੋਂ ਬਾਹਰ ਨਹੀਂ ਲਿਆਵਾਂਗੇ।
ਧਰਨਾਕਾਰੀਆਂ ਦੇ ਅੰਦੋਲਨ ਨੂੰ ਉਦੋਂ ਬਲ ਮਿਲਿਆ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਸਟੇਜ 'ਤੇ ਆ ਕੇ ਭਰੋਸਾ ਦਿੱਤਾ ਕਿ ਪਰਵਿੰਦਰ ਸਿੰਘ ਦੀ ਰਿਹਾਈ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦਰਖਾਸਤ ਮਿਲੀ ਹੈ ਕਿ ਜਿਸ ਦੇ ਤੱਥਾਂ ਦੀ ਪੜਤਾਲ ਜਾਰੀ ਹੈ। ਉਨ੍ਹਾਂ ਹੋਰ ਕਿਹਾ ਕਿ ਸ਼ਿਕਾਇਤ ਕਰਤਾ ਜੋ ਇਸ ਵਕਤ ਰਾਜ ਤੋਂ ਬਾਹਰ ਹੈ, ਨੂੰ ਜਲਦ ਬੁਲਾ ਕੇ ਕਾਨੂੰਨੀ ਪ੍ਰਕਿਰਿਆ ਤਹਿਤ ਰਿਹਾਈ ਕਰ ਦਿੱਤੀ ਜਾਵੇਗੀ।ਇਸੇ ਦੌਰਾਨ ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਨਸ਼ਿਆਂ ਦੀ ਮੁਕਤੀ ਲਈ ਬਾਕਾਇਦਾ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਮਾਨਸਾ ਸਮੇਤ ਪੰਜਾਬ ਨਸ਼ਿਆਂ ਦੀ ਮੁਕਤੀ ਵਾਲੇ ਪਾਸੇ ਜਾ ਰਿਹਾ ਹੈ।
Comments (0)