ਨਸ਼ਿਆਂ ਦਾ ਕਾਲਾ ਧੰਦਾ ਬੰਦ ਕਰਵਾਉਣ ਕਾਰਣ ਮੇਰਾ ਕਤਲ ਕਰਵਾਇਆ ਜਾ ਸਕਦਾ ਏ:ਪਰਮਿੰਦਰ ਸਿੰਘ ਝੋਟਾ
ਰਿਹਾਅ ਹੋਣ ਬਾਅਦ ਪਰਮਿੰਦਰ ਸਿੰਘ ਝੋਟਾ ਨੇ ਸਰਕਾਰ ਤੇ ਪੁਲਿਸ ਉਪਰ ਸੁਆਲ ਚੁਕੇ
*ਐਕਸ਼ਨ ਕਮੇਟੀ ਤੇ ਟਾਸਕ ਫ਼ੋਰਸ ਨੇ ਕੀਤਾ ਭਰਵਾਂ ਸਵਾਗਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮਾਨਸਾ : ਨਸ਼ਿਆਂ ਦੇ ਵਿਰੋਧ ਵਿਚ ਅੰਦੋਲਨ ਛੇੜਨ ਵਾਲੇ ਪਰਮਿੰਦਰ ਸਿੰਘ ਝੋਟੇ ਦੀ ਮੁਕਤਸਰ ਸਾਹਿਬ ਦੀ ਜੇਲ੍ਹ ਵਿਚੋਂ ਬੀਤੇ ਦਿਨੀਂ ਰਿਹਾਈ ਹੋ ਗਈ ਹੈ। ਐਕਸ਼ਨ ਕਮੇਟੀ ਤੇ ਐਂਟੀ ਡਰੱਗ ਟਾਸਕ ਫ਼ੋਰਸ ਨੇ ਇਸ ਨੂੰ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ। ਪਰਮਿੰਦਰ ਸਿੰਘ ਝੋਟੇ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਨਸ਼ੇ ਰੋਕਣਾ ਨਹੀਂ ਚਾਹੁੰਦੀ।ਕਿਉਂਕਿ ਇਹ ਭਿ੍ਸ਼ਟ ਹਨ।ਇਹਨਾਂ ਦਾ ਨਸ਼ਿਆਂ ਰਾਹੀਂ ਕਾਲਾ ਧੰਦਾ ਚਲਦਾ ਹੈ।ਐਸ ਐਸ ਪੀ ਡਰਗ ਸਮਗਲਰਾਂ ਵਿਰੁਧ ਕਾਰਵਾਈ ਨਾ ਕਰਕੇ ਮੇਰੀ ਗਿ੍ਫਤਾਰੀ ਕਰਕੇ ਨਸ਼ਾ ਸਮਗਲਰਾਂ ਨੂੰ ਉਤਸ਼ਾਹਿਤ ਕੀਤਾ ਹੈ।ਉਹਨਾਂ ਕਿਹਾ ਕਿ ਮੇਰਾ ਕਤਲ ਕਰਵਾਇਆ ਜਾ ਸਕਦਾ ਹੈ ਕਿਉਂਕਿ ਮੈਂ ਇਹਨਾਂ ਦਾ ਕਾਲਾ ਧੰਦਾ ਬੰਦ ਕਰਵਾ ਰਿਹਾ ਹਾਂ।
ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਅਤੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਸਾਬਕਾ ਸੈਨਿਕ ਭੀਮ ਸਿੰਘ ਅਤੇ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਝੋਟੇ ਦੀ ਰਿਹਾਈ ਬਾਅਦ ਦੱਸਿਆ ਕਿ ਭਾਰੀ ਦਬਾਅ ਹੇਠ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਮਾਨਸਾ ਪੁਲੀਸ ਪ੍ਰਸਾਸ਼ਨ ਨੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰਦਿਆਂ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਦੇ ਹੁਕਮ ਕਰ ਦਿੱਤੇ ਸਨ। ਜਿਸ ਦੇ ਬਾਅਦ ਐਕਸ਼ਨ ਕਮੇਟੀ ਤੇ ਐਂਟੀ ਟਾਸਕ ਫ਼ੋਰਸ ਦੀ ਟੀਮ ਮੁਕਤਸਰ ਜੇਲ੍ਹ ਵਿੱਚੋਂ ਝੋਟੇ ਨੂੰ ਲੈਣ ਲਈ ਰਵਾਨਾ ਹੋਈਆਂ ਸਨ। ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਬਾਅਦ ਉਸਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਲੋਕ ਏਕੇ ਦੀ ਵੱਡੀ ਜਿੱਤ ਹੈ। ਪਰਮਿੰਦਰ ਝੋਟੇ ਦੇ ਬਾਹਰ ਆਉਣ ਨਾਲ ਨਸ਼ਾ ਰੋਕੂ ਮੁਹਿੰਮ ਨੂੰ ਹੋਰ ਬਲ ਮਿਲੇਗਾ ਅਤੇ ਨਸ਼ਾਬੰਦੀ ਲਈ ਰਾਤ ਦਿਨ ਇੱਕ ਕਰਕੇ ਚੱਲ ਰਹੇ ਨੌਜਵਾਨ ਵਰਗ ਅਤੇ ਨਸ਼ਾ ਰੋਕੂ ਕਮੇਟੀਆਂ ਨੂੰ ਹੋਰ ਮਜਬੂਤੀ ਤੇ ਹੌਂਸਲਾ ਮਿਲੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਕੁੱਝ ਕਰੇ ਚਾਹੇ ਨਾ ਕਰੇ ਪਰ ਪਰਮਿੰਦਰ ਸਿੰਘ ਝੋਟੇ ਦੀ ਟੀਮ ਪੰਜਾਬ ਵਿੱਚੋਂ ਨਸ਼ਾ ਮੁਕਤੀ ਜ਼ਰੂਰ ਕਰਕੇ ਰੁਕੇਗੀ। ਪਰਮਿੰਦਰ ਸਿੰਘ ਝੋਟੇ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਭਾਵੇਂ ਪੁੱਤਰ ਦੇ ਜ਼ੇਲ੍ਹ ਜਾਣ ਬਾਅਦ ਘਰ ਦੀ ਰੌਣਕ ਗੁੰਮ ਹੋ ਗਈ ਸੀ ਪਰ ਉਸਦੇ ਮਨੋਰਥ ਨੇ ਜਿਹੜਾ ਮਾਣ ਤੇ ਸਤਿਕਾਰ ਪਰਿਵਾਰ ਨੂੰ ਦਿਵਾਇਆ ਹੈ ਉਹ ਵੱਡੀ ਪ੍ਰਾਪਤੀ ਹੈ।ਉਨ੍ਹਾਂ ਦੱਸਿਆ ਕਿ ਪਰਮਿੰਦਰ ਦੀ ਰਿਹਾਈ ਤੇ ਨਸ਼ਾਬੰਦੀ ਲਈ ਚੱਲਦੇ ਪੱਕੇ ਧਰਨੇ ਵਿੱਚ ਜੋ ਵੀ ਸ਼ਾਮਿਲ ਹੁੰਦਾ ਰਿਹਾ ਹੈ ਉਹ ਸਾਨੂੰ ਸਾਡਾ ਪੁੱਤਰ ਹੀ ਲੱਗਦਾ ਸੀ। ਗੁਰਸੇਵਕ ਸਿੰਘ ਜਵਾਹਰਕੇ, ਬੋਘ ਸਿੰਘ, ਅਮਨ ਪਟਵਾਰੀ ਤੇ ਗਗਨ ਸ਼ਰਮਾ ਨੇ ਕਿਹਾ ਇਹ ਜਿੱਤ ਪੂਰ੍ਹੇ ਪੰਜਾਬ ਦੀ ਜਿੱਤ ਹੈ, ਜਿਸਨੇ ਦੱਸ ਦਿੱਤਾ ਹੈ ਕਿ ਪੰਜਾਬੀਆਂ ਨੂੰ ਨਸ਼ਾ ਨਹੀਂ ਰੁਜ਼ਗਾਰ ਚਾਹੀਦਾ ਹੈ। ਲੋਕ ਸਮਗਲਰਾਂ ਨੂੰ ਘੇਰਨ ਵੀ ਜਾਣਦੇ ਹਨ ਤੇ ਸੁੱਤੀਆਂ ਸਰਕਾਰਾਂ ਦੀ ਨੀਂਦ ਖੋਲ੍ਹਣਾ ਵੀ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (ਮੀਡੀਆ) ਮਨਜੀਤ ਸਿੰਘ ਸਿੱਧੂ ਨੇ ਮਾਨਸਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਐੱਸਐੱਸਪੀ ਡਾ. ਨਾਨਕ ਸਿੰਘ ਦੀ ਮੌਜੂਦਗੀ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਪਰਵਿੰਦਰ ਦੀ ਛੇਤੀ ਰਿਹਾਈ ਲਈ ਭਰੋਸਾ ਦਿੱਤਾ ਸੀ। ਇਸ ਤੋਂ ਪਹਿਲਾਂ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਭਾਈ ਗੁਰਸੇਵਕ ਸਿੰਘ ਜਵਾਹਰਕੇ, ਬੋਘ ਸਿੰਘ, ਅਮਨ ਪਟਵਾਰੀ ਤੇ ਗਗਨ ਸ਼ਰਮਾ ਨੇ ਇਸ ਨੂੰ ਪੂਰੇ ਪੰਜਾਬ ਦੀ ਜਿੱਤ ਦੱਸਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਵਿੱਚ ਪੱਕੇ ਝੰਡੇ ਗੱਡ ਚੁੱਕੇ ਹਨ।
Comments (0)