ਵਿਵਾਦਤ ਫ਼ਿਲਮ ‛ਦਾਸਤਾਨ-ਏ-ਸਰਹਿੰਦ’ ਨੂੰ ਬੰਦ ਕਰਵਾਉਣ ਲਈ ਸੰਗਰੂਰ ਵਿਖੇ ਸੰਕੇਤਕ ਰੋਸ

ਵਿਵਾਦਤ ਫ਼ਿਲਮ ‛ਦਾਸਤਾਨ-ਏ-ਸਰਹਿੰਦ’ ਨੂੰ ਬੰਦ ਕਰਵਾਉਣ ਲਈ ਸੰਗਰੂਰ ਵਿਖੇ ਸੰਕੇਤਕ ਰੋਸ

*ਪ੍ਰੈਸ ਨੋਟ*

*ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਵੇ ਹੁਕਮਨਾਮਾ ਜਾਰੀ*

*ਸਿਨੇਮਾ ਘਰਾਂ ਨੂੰ ਸੌਂਪੀਆਂ ਸੰਗਤ ਦੇ ਹੁਕਮ ਦੀਆਂ ਕਾਪੀਆਂ*

ਸੰਗਰੂਰ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਆਉਣ ਵਾਲੀ ਫਿਲਮ 'ਦਾਸਤਾਨ-ਏ-ਸਰਹਿੰਦ' ਨੂੰ ਬੰਦ ਕਰਵਾਉਣ ਸਬੰਧੀ ਸੰਗਰੂਰ ਸ਼ਹਿਰ ਵਿਖੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਸੰਕੇਤਕ ਰੋਸ ਬਿਨਾਂ ਕਿਸੇ ਨਾਹਰੇ ਤੋਂ ਹੱਥਾਂ ਵਿੱਚ ਵੱਖ-ਵੱਖ ਇਸਤਿਹਾਰ ਫੜ੍ਹ ਕੇ ਕੀਤਾ ਗਿਆ। 

ਪ੍ਰਦਰਸ਼ਨ ਤੋਂ ਪਹਿਲਾਂ ਸਿੱਖ ਸੰਗਤ ਸੰਗਰੂਰ ਸ਼ਹਿਰ ਦੇ ਸਿਨੇਮਾ ਘਰਾਂ ਦੇ ਮੁਖੀ ਪ੍ਰਬੰਧਕਾਂ ਨੂੰ ਸੰਗਤ ਦੇ ਹੁਕਮ ਦੀਆਂ ਕਾਪੀਆਂ ਵੀ ਦੇ ਕੇ ਆਈ ਹੈ ਜਿਸ ਵਿੱਚ ਇਸ ਫਿਲਮ ਨੂੰ ਨਾ ਚਲਾਉਣ ਲਈ ਕਿਹਾ ਗਿਆ ਹੈ। ਸਿਨੇਮਾ ਘਰਾਂ ਵੱਲੋਂ ਸੰਗਤ ਦਾ ਹੁਕਮ ਮੰਨਦਿਆਂ ਇਹ ਫਿਲਮ ਨਾ ਚਲਾਉਣ ਲਈ ਕਿਹਾ ਗਿਆ ਹੈ ਅਤੇ ਫਿਲਮ ਦੇ ਬੋਰਡ ਹਟਾਏ ਗਏ। 

ਜਿਕਰਯੋਗ ਹੈ ਕਿ 2 ਦਸੰਬਰ ਨੂੰ ਜਾਰੀ ਹੋਣ ਵਾਲੀ ਇਸ ਫਿਲਮ ਵਿਚ ਗੁਰੂ ਸਾਹਿਬ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਿਆ ਗਿਆ ਹੈ ਜਿਸ ਦਾ ਲਗਾਤਾਰ ਸਿੱਖ ਸੰਗਤ ਵੱਲੋਂ ਵਿਰੋਧ ਹੋ ਰਿਹਾ ਹੈ। ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇਸ ਫਿਲਮ ਦੇ ਵਿਰੋਧ ਵਿੱਚ ਮਤੇ ਪਾਏ ਜਾ ਰਹੇ ਹਨ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਲੰਘੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਪੱਖ ਸਪਸ਼ੱਟ ਕੀਤਾ ਹੈ ਕਿ ਕਮੇਟੀ ਵੱਲੋਂ ਇਸ ਫਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਮੈਂਬਰ ਸ.ਕਰਨੈਲ ਸਿੰਘ ਪੰਜੋਲੀ ਨੇ ਵੀ ਫਿਲਮ ਦੀ ਟੀਮ ਨੂੰ ਕਿਹਾ ਹੈ ਕਿ ਉਹ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਫਿਲਮ ਨੂੰ ਵਾਪਸ ਲੈਣ। 

ਇਸ ਫਿਲਮ ਦੇ ਵਿਰੁੱਧ ਸੰਗਤ ਦਾ ਰੋਹ ਦਿਨ ਪਰ ਦਿਨ ਵਧ ਰਿਹਾ ਹੈ। ਅਜਿਹੀਆਂ ਫਿਲਮਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਉਣ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ। 

ਇਸ ਮੌਕੇ ਭਾਈ ਸਤਪਾਲ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਮਲਕੀਤ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਬਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ ਹਾਜਰ ਸਨ।