ਫਿਲਮ 'ਦਾਸਤਾਨ-ਏ-ਸਰਹਿੰਦ' : ਸ਼੍ਰੋਮਣੀ ਕਮੇਟੀ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ

ਫਿਲਮ 'ਦਾਸਤਾਨ-ਏ-ਸਰਹਿੰਦ' : ਸ਼੍ਰੋਮਣੀ ਕਮੇਟੀ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ

ਸਾਲ 2005 ਵਿਚ ਐਨੀਮੇਸ਼ਨ ਦੀ ਤਕਨੀਕ ਨਾਲ ਫਿਲਮ 'ਸਾਹਿਬਜ਼ਾਦੇ' ਆਉਂਦੀ

ਗੁਰੂ ਸਾਹਿਬਾਨ ਨੇ ਲੋਕਾਈ ਨੂੰ ਮੂਰਤੀ ਪੂਜਾ ਅਤੇ ਬੁੱਤਪ੍ਰਸਤੀ ਤੋਂ ਵਰਜ ਕੇ ਸ਼ਬਦ ਗੁਰੂ ਦੇ ਲੜ ਲਾਇਆ ਹੈ। ਗੁਰਮਤ ਮਨੁੱਖ ਨੂੰ ਸੰਗਤ ਵਿੱਚ ਇਕੱਠਿਆਂ ਕਰਦੀ ਹੈ ਅਤੇ ਦ੍ਰਿਸ਼ਟਮਾਨ ਅਕਾਰਾਂ, ਪੂੰਜੀ ਅਤੇ ਪਦਾਰਥਾਂ ਤੋਂ ਨਿਰਮੋਹ ਕਰਕੇ ਪਰਮਾਤਮਾ ਦੇ ਨਿਰਾਕਾਰ ਸਰੂਪ ਨਾਲ ਜੋੜਦੀ ਹੈ। ਗੁਰੂ ਸਾਹਿਬ ਵਲੋਂ ਖਿੱਚੀ ਲਕੀਰ ਨੂੰ ਮੇਟਣ ਦੀ ਬਿਪਰ ਦੀ ਹਮੇਸਾਂ ਹੀ ਕੋਸਿਸ਼ ਰਹੀ ਹੈ। ਬਿਪਰ ਦ੍ਰਿਸ਼ਟਮਾਨ ਨੂੰ ਸਿਰਮੌਰ ਮੰਨਦਾ ਹੈ। ਪੂੰਜੀ, ਪਦਾਰਥ ਨਾਲ ਜੋੜਦਾ ਹੈ। ਮਨੁੱਖ ਨੂੰ ਮਨੁੱਖ ਤੋਂ ਤੋੜਨ ਦਾ ਹਾਮੀ ਰਿਹਾ ਹੈ। ਅਦ੍ਰਿਸ਼ਟ, ਅਸੀਮ ਨੂੰ ਬੁੱਧੀ ਦੇ ਜ਼ੋਰ ਨਾਲ ਦ੍ਰਿਸ਼ਟ ਅਤੇ ਸੀਮਾ ਵਿੱਚ ਬੰਨਣ ਦੀ ਗਲਤਫਹਿਮੀ ਹੀ ਬੁੱਤ ਜਾਂ ਮੂਰਤੀ ਨੂੰ ਜਨਮ ਦਿੰਦੀ ਹੈ। ਸਦੀਆਂ ਪੁਰਾਣੇ ਬੁੱਤਾਂ, ਮੂਰਤੀਆਂ ਨੂੰ ਤਾਂ ਭਾਵੇਂ ਸਿੱਖ ਸੰਗਤ ਨੇ ਕਦੇ ਪ੍ਰਵਾਨ ਨਹੀਂ ਕੀਤਾ ਪਰ ਨਵੇਂ ਤਕਨੀਕ ਦੇ ਸਹਾਰੇ ਬਣ ਰਹੇ ਬੁੱਤ ਸੰਗਤ ਨੂੰ ਜਰੂਰ ਪ੍ਰਭਾਵਿਤ ਕਰ ਰਹੇ ਹਨ। ਸਾਲ 2005 ਵਿਚ ਐਨੀਮੇਸ਼ਨ ਦੀ ਤਕਨੀਕ ਨਾਲ ਫਿਲਮ 'ਸਾਹਿਬਜ਼ਾਦੇ' ਆਉਂਦੀ ਹੈ। ਜਿਸ ਵਿਚ ਸਾਹਿਬਜ਼ਾਦਿਆਂ ਅਤੇ ਗੁਰੂ ਪਰਿਵਾਰ ਨੂੰ ਕਾਰਟੂਨ ਵਜੋਂ ਦਿਖਾ ਕੇ ਸੰਗਤਾਂ ਵਿਚ ਇਸਨੂੰ ਪ੍ਰਵਾਨਿਤ ਕਰਵਾਉਣ ਦੀ ਕੋਸਿਸ਼ ਕੀਤੀ ਗਈ। ਇਸ ਦਾ ਅਧਾਰ ਸਾਲਾਂ ਤੋਂ ਆਮ ਮਨੁੱਖਾਂ ਦੁਆਰਾ ਸਾਹਿਬਜ਼ਾਦਿਆਂ, ਗੁਰੂ ਸਾਹਿਬਾਨ ਅਤੇ ਸਿੰਘਾਂ ਦੀ ਕਲਪਨਾ ਦੇ ਅਧਾਰ ਤੇ ਬਣਾਈਆਂ ਜਾ ਰਹੀਆਂ ਤਸਵੀਰਾਂ ਬਣਦੀਆਂ ਹਨ। ਉਹਨਾਂ ਖਲੋਤੀਆਂ ਤਸਵੀਰਾਂ ਨੂੰ ਐਨੀਮੇਸ਼ਨ ਦੇ ਬਹਾਨੇ ਨਾਲ ਹਰਕਤ ਮਿਲ ਗਈ ਸੀ। ਸਿੱਖਾਂ ਦਾ ਕਾਫੀ ਵੱਡਾ ਹਿੱਸਾ ਇਸ ਮਾਇਆਵੀ ਚਮਕ ਤੋਂ ਪ੍ਰਭਾਵਿਤ ਹੋਇਆ ਸੀ। ਸਿੱਖਾਂ ਦੇ ਸੁਹਿਰਦ ਹਿੱਸੇ ਵਲੋਂ ਉਸ ਵੇਲੇ ਵੀ ਅਗਾਂਹ ਵਾਸਤੇ ਅਜਿਹੀਆਂ ਕੁਰੀਤੀਆਂ ਦਾ ਰਾਹ ਖੁਲ ਜਾਣ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਗਾਹ ਕੀਤਾ ਗਿਆ ਸੀ। ਸ਼੍ਰੋਮਣੀ ਸੰਸਥਾਵਾਂ ਵਲੋਂ ਚੁੱਪੀ ਧਾਰਨ ਦੇ ਨਤੀਜੇ ਵਜੋਂ ਆਉਂਦਿਆਂ ਸਾਲਾਂ ਵਿਚ ਅਜਿਹੀਆਂ ਗੈਰ ਸਿਧਾਂਤਕ ਫ਼ਿਲਮਾਂ ਦੀ ਲੜੀ ਲੱਗ ਗਈ, ਜਿਹਨਾਂ ਵਿਚ ਚਾਰ ਸਾਹਿਬਜ਼ਾਦੇ, ਭਾਈ ਮੂਲਾ ਖੱਤਰੀ, ਭਾਈ ਤਾਰੂ ਸਿੰਘ, ਨਾਨਕ ਸ਼ਾਹ ਫਕੀਰ, ਦਾਸਤਾਨ-ਏ-ਮੀਰੀ ਪੀਰੀ, ਮਦਰਹੁੱਡ ਵਰਗੀਆਂ ਫਿਲਮਾਂ ਸ਼ਾਮਲ ਹਨ। ਤਕਨੀਕ ਦਾ ਨਾਂ ਲੈ ਕੇ ਸਿੱਖਾਂ ਨੂੰ ਬਿਪਰਵਾਦ ਅਤੇ ਬੁੱਤ-ਪ੍ਰਸਤੀ ਦੇ ਰਾਹ ਤੋਰਨ ਦੀ ਕੋਸ਼ਿਸ਼ ਕਰਦੀਆਂ ਇਹਨਾ ਫਿਲਮਾਂ ਵਿਚ ਸਿੱਖ ਪਰੰਪਰਾ ਦੀ ਕੀਤੀ ਜਾ ਰਹੀ ਉਲੰਘਣਾ ਹੈ ਅਗਲੇ ਪੜਾਵਾਂ ਉਪਰ ਪਹੁੰਚਦੀ ਜਾ ਰਹੀ ਹੈ। ਪਹਿਲਾਂ ਅਜਿਹੀਆਂ ਫਿਲਮਾਂ ਬਣਾਉਣ ਵਾਲੇ ਇਹ ਦਲੀਲ ਦਿੰਦੇ ਸੀ ਕਿ ਉਨ੍ਹਾਂ ਕਾਰਟੂਨ/ਐਨੀਮੇਸ਼ਨ ਤਕਨੀਕ ਰਾਹੀਂ ਹੀ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੀਆਂ ਹਨ ਅਤੇ ਕਿਸੇ ਮਨੁੱਖ ਵੱਲੋਂ ਉਨ੍ਹਾਂ ਦਾ ਸਵਾਂਗ ਨਹੀਂ ਰਚਿਆ ਗਿਆ। ਹਾਲਾਂਕਿ ਇਨ੍ਹਾਂ ਦੋਹਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ ਕਿਉਂਕਿ ਦੋਵੇਂ ਹੀ ਤਰੀਕੇ ਨਾਲ ਸੁਆਂਗ ਰਚਨ ਅਤੇ ਨਕਲਾਂ ਲਾਹੁਣ ਦੀ ਸਿਧਾਂਤਕ ਮਨਾਹੀ ਦੀ ਉਲੰਘਣਾ ਤਾਂ ਹੁੰਦੀ ਹੀ ਹੈ। ਪਰ ਹੁਣ 2 ਦਸੰਬਰ ਨੂੰ ਜਾਰੀ ਹੋਣ ਜਾ ਰਹੀ 'ਦਾਸਤਾਨ-ਏ-ਸਰਹਿੰਦ' ਨਾਮੀ ਵਿਵਾਦਤ ਫਿਲਮ ਬਾਰੇ ਇਹ ਪੁਖਤਾ ਸਬੂਤ ਹੀ ਸਾਹਮਣੇ ਆ ਗਏ ਹਨ ਕਿ ਇਸ ਫਿਲਮ ਵਿਚ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲੁਹਾਈਆਂ ਗਈਆਂ ਹਨ ਤੇ ਬਾਅਦ ਵਿੱਚ ਇਹਨਾ ਨਕਲਾਂ ਨੂੰ ਕਾਰਟੂਨ/ਐਨੀਮੇਸ਼ਨ ਵਿੱਚ ਬਦਲ ਦਿੱਤਾ ਗਿਆ ਹੈ।  

ਸਿੱਖ ਸੰਗਤ ਵੱਲੋਂ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਸਵਾਂਗ ਰਚਦੇ ਨਾਟਕਾਂ ਤੇ ਫਿਲਮਾਂ ਦਾ ਲਗਾਤਾਰ ਵਿਰੋਧ ਕੀਤੇ ਜਾਣ ਦੇ ਬਾਵਜੂਦ ਇਹ ਫਿਲਮਾਂ ਬਣਾਉਣ ਦਾ ਸਿਲਸਿਲਾ ਰੁਕਦਾ ਨਜਰ ਨਹੀਂ ਆ ਰਿਹਾ। ਫਿਲਮ 'ਦਾਸਤਾਨ-ਏ-ਸਰਹਿੰਦ' ਦੇ ਸਬੰਧ ਵਿੱਚ ਸਿੱਖ ਸੰਗਤ ਦੇ ਜਾਗਰੂਕ ਹਿੱਸੇ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਅਤੇ ਅਗਾਂਹ ਤੋਂ ਅਜਿਹੀਆਂ ਮਨਮੱਤੀ ਫਿਲਮਾਂ ਬਣਾਉਣ ਉੱਤੇ ਮੁਕੰਮਲ ਰੋਕ ਲਾਉਣ ਵਾਸਤੇ ਲਾਮਬੰਦ ਹੋ ਰਹੇ ਹਨ। ਲੰਘੀ 18 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਦਾਸਤਾਨ-ਏ-ਸਰਹੰਦ ਫਿਲਮ ਰੁਕਵਾਉਣ ਲਈ ਇੱਕ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ, ਫਿਰ 20 ਨਵੰਬਰ ਨੂੰ ਸਿੱਖ ਸੰਗਤ ਵੱਲੋਂ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੇੜੇ ਸਥਿਤ ਖਾਲਸਾ ਚੌਂਕ ਵਿਖੇ ਪ੍ਰਦਰਸ਼ਨ ਕੀਤਾ ਗਿਆ। ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਲਗਾਤਾਰ ਮਤੇ ਪੈਣੇ ਸ਼ੁਰੂ ਹੋ ਗਏ ਹਨ ਜਿਸ ਵਿੱਚ ਇਸ ਫਿਲਮ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਸੰਗਤ ਦਾ ਕਹਿਣਾ ਹੈ ਕਿ ਅਸੀਂ ਗੁਰ-ਸ਼ਬਦ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਦੇ ਹਾਮੀ ਹਾਂ ਪਰ ਅਸੀਂ ਇਹ ਗੱਲ ਬਿਲਕੁਲ ਸਪੱਸ਼ਟਤਾ ਨਾਲ ਕਹਿਣੀ ਚਾਹੁੰਦੇ ਹਾਂ ਕਿ ਪ੍ਰਚਾਰ-ਪ੍ਰਸਾਰ ਦੇ ਬਹਾਨੇ ਖਾਲਸਾਈ ਰਵਾਇਤਾਂ ਦੀ ਉਲੰਘਣਾ ਕਰਨੀ ਅਤੇ ਸਿੱਖਾਂ ਨੂੰ ਬੁੱਤ-ਪ੍ਰਸਤੀ ਦੇ ਕੁਰਾਹੇ ਉੱਪਰ ਤੋਰਨਾ ਸਰਾਸਰ ਗਲਤ ਹੈ ਅਤੇ ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ। ਨਾਲ ਹੀ ਸੰਗਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰ ਰਹੀ ਹੈ ਕਿ ਇਸ ਸਿਧਾਂਤਕ ਕੁਰਾਹੇ ਨੂੰ ਪੱਕੀ ਠੱਲ੍ਹ ਪਾਉਣ ਲਈ 'ਦਾਸਤਾਨ-ਏ-ਸਰਹਿੰਦ' ਫਿਲਮ 'ਤੇ ਤੁਰੰਤ ਰੋਕ ਲਾਈ ਜਾਵੇ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਬਣਾਉਣ 'ਤੇ ਮੁਕੰਮਲ ਪਾਬੰਦੀ ਲਈ ਹੁਕਮਨਾਮਾ ਜਾਰੀ ਕੀਤਾ ਜਾਵੇ। ਇਸ ਸਿਧਾਂਤਕ ਕੁਰਾਹੇ ਸਬੰਧੀ ਸੰਗਤ ਆਪਣਾ ਵਿਰੋਧ ਦਰਜ ਕਰਵਾ ਰਹੀ ਹੈ ਅਤੇ ਸੰਗਤ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ। 

ਦਾਸਤਾਨ-ਏ-ਸਰਹੰਦ’ ਫਿਲਮ ਦੇ ਗੰਭੀਰ ਮਸਲੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਕੰਮਲ ਖਾਮੋਸ਼ੀ ਧਾਰਨ ਕੀਤੀ ਗਈ ਹੈ ਜਿਸ ਕਾਰਨ ਸੰਗਤਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉਪਜ ਰਹੇ ਹਨ। ਜ਼ਿਕਰਯੋਗ ਹੈ ਕਿ ਫਿਲਮ ਨਾਲ ਸੰਬੰਧਤ ਇੱਕ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਫਿਲਮ ਬਣਾਉਣ ਵੇਲੇ ਸਭ ਕੁਝ ਸ਼੍ਰੋਮਣੀ ਕਮੇਟੀ ਦੀ ਸਲਾਹ ਨਾਲ ਹੀ ਕੀਤਾ ਗਿਆ ਹੈ। ਸਿੱਖ ਸੰਗਤਾਂ ਵੱਲੋਂ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਸ਼੍ਰੋਮਣੀ ਕਮੇਟੀ ਨੇ ਇਹ ਫਿਲਮ ਬਣਾਉਣ ਵਾਲਿਆਂ ਨੂੰ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਹਾਉਣ ਦੀ ਇਜਾਜ਼ਤ ਵੀ ਦਿੱਤੀ ਸੀ? ਕਿਉਂਕਿ ਇਕ ਬਾਲ ਕਲਾਕਾਰ ਦੇ ਪਿਤਾ ਨੇ ਇਹ ਇੰਕਸ਼ਾਫ ਕੀਤਾ ਹੈ ਕਿ ਉਸ ਦੇ ਪੁੱਤਰ ਨੇ ਹੀ ਇਸ ਫਿਲਮ ਵਾਸਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਨਕਲ ਲਾਹੀ ਹੈ ਜਿਸ ਨੂੰ ਬਾਅਦ ਵਿਚ ਐਨੀਮੇਸ਼ਨ ਵਿਚ ਬਦਲ ਦਿੱਤਾ ਗਿਆ ਹੈ। ਅਜਿਹੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਧਾਰਨ ਕੀਤੀ ਗਈ ਖਾਮੋਸ਼ੀ ਉਨ੍ਹਾਂ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿਚ ਖੜ੍ਹਾ ਕਰ ਰਹੀ ਹੈ। ਜੇਕਰ ਇਸ ਵਿਰੋਧ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਸਿੱਧ ਹੋਵੇਗਾ ਜਿਸ ਦੌਰਾਨ ਇਹਨਾਂ ਸੰਸਥਾਵਾਂ ਵੱਲੋਂ ਵੱਟੀ ਚੁੱਪ ਦੇ ਖਤਰਨਾਕ ਨਤੀਜੇ ਸਾਡੀਆਂ ਆਉਂਦੀਆਂ ਪੀੜੀਆਂ ਭੁਗਤਣਗੀਆਂ। 

 

ਸੰਪਾਦਕ