ਦਲ ਖਾਲਸਾ ਵੱਲੋਂ ਮੋਦੀ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਨੀਤੀਆਂ ਦਾ ਵਿਰੋਧ

ਦਲ ਖਾਲਸਾ ਵੱਲੋਂ ਮੋਦੀ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਨੀਤੀਆਂ ਦਾ ਵਿਰੋਧ

ਦੂਤਘਰਾਂ ਦੇ ਹਾਈ ਕਮਿਸ਼ਨਰਾਂ ਨੂੰ ਲਿਖੇ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਬੀਤੇ ਦਿਨੀਂ ਸਿੱਖ ਜਥੇਬੰਦੀ ਦਲ ਖਾਲਸਾ ਨੇ ਜੀ-20 ਦੇਸ਼ਾਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਹ ਧਾਰਮਿਕ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੀ ਆਵਾਜ਼ ਸੁਣਨ। ਸਿੱਖ ਜਥੇਬੰਦੀ ਵੱਲੋਂ ਇਹ ਪੱਤਰ ਐਮ.ਐਨ. 20 ਸੰਮੇਲਨ ਨੂੰ ਰੱਦ ਕੀਤੇ ਜਾਣ ਦੇ ਪ੍ਰਤੀਕਰਮ ਵਜੋਂ ਲਿਖਿਆ ਗਿਆ ਸੀ ਜੋ 7 ਸਤੰਬਰ ਨੂੰ ਦਿੱਲੀ ਵਿਚ ਕਰਵਾਇਆ ਜਾਣਾ ਸੀ ਪਰ ਐਨ ਆਖ਼ਰੀ ਮੌਕੇ ਇਸ ਪ੍ਰੋਗਰਾਮ ਲਈ ਬੁੱਕ ਕਰਵਾਏ ਗਏ ਸਥਾਨ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਇਸ ਪੱਤਰ ਵਿੱਚ ਜੀ-20 ਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਿੱਲੀ ਅਤੇ ਸੂਬਿਆਂ ਦਰਮਿਆਨ ਚਲ ਰਹੇ ਰਾਜਸੀ ਟਕਰਾਅ ਤੇ ਝਗੜਿਆਂ ਦੇ ਹੱਲ ਲੱਭਣ ਲਈ ਭੂਮਿਕਾ ਨਿਭਾਉਣ, ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਵਾਉਣ ਵਿੱਚ ਭੂਮਿਕਾ ਨਿਭਾਉਣ, ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਖਤਮ ਕਰਨ ਵਿੱਚ ਮਦਦ ਕੀਤੀ ਜਾਵੇ।

ਇਸ ਸੰਬੰਧੀ ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਲ ਖ਼ਾਲਸਾ ਅਤੇ ਅਕਾਲੀ ਦਲ ਅੰਮਿ੍ਤਸਰ ਵਲੋਂ ਬੀਤੀ 7 ਸਤੰਬਰ ਨੂੰ ਕਾਂਸਟੀਚਿਊਸ਼ਨ ਕਲੱਬ ਆਫ ਇੰਡੀਆ ਦਿੱਲੀ ਵਿਖੇ 'ਐੱਮ. ਐੱਨ-20' ਸੰਮੇਲਨ ਕੀਤਾ ਜਾਣਾ ਸੀ, ਜਿਸ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਘੱਟ ਗਿਣਤੀ ਕੌਮਾਂ ਤੇ ਧਰਮਾਂ ਦੇ ਪ੍ਰਤੀਨਿੱਧਾਂ ਨੇ ਸ਼ਿਰਕਤ ਕਰਨੀ ਸੀ । ਪਰ ਕੇਂਦਰ ਸਰਕਾਰ ਵਲੋਂ ਐਨ ਇਕ ਦਿਨ ਪਹਿਲਾਂ ਇਸ ਸੰਮੇਲਨ 'ਤੇ ਰੋਕ ਲਗਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ । ਪਾਰਟੀ ਦੇ ਬੁਲਾਰੇ ਪਰਮਜੀਤ ਸਿੰੰਘ ਮੰਡ ਨੇ ਦੱਸਿਆ ਕਿ ਦਿੱਲੀ 'ਚ ਵਿਦੇਸ਼ੀ ਦੂਤਘਰਾਂ ਨੂੰ ਭੇਜੇ ਪੱਤਰ 'ਚ ਦੱਸਿਆ ਗਿਆ ਹੈ ਕਿ ਭਾਜਪਾ ਸਰਕਾਰ ਨੇ ਪਰਦੇ ਪਿੱਛੇ ਰਹਿ ਕੇ 7 ਸਤੰਬਰ ਨੂੰ ਦਿੱਲੀ 'ਚ ਹੋਣ ਵਾਲੇ ਐੱਮ.-20 ਸਿਖਰ ਸੰਮੇਲਨ ਵਿਚ ਵਿਘਨ ਪਾਇਆ ਹੈ, ਕਿਉਂਕਿ ਸਰਕਾਰ ਘੱਟ-ਗਿਣਤੀ ਕੌਮਾਂ ਅਤੇ ਧਰਮਾਂ ਨੂੰ ਸਾਂਝੇ ਪਲੇਟਫ਼ਾਰਮ 'ਤੇ ਇਕਜੁੱਟ ਹੁੰਦਿਆਂ ਦੇਖ ਭੈਭੀਤ ਹੋਈ ਹੈ ।ਦਲ ਖ਼ਾਲਸਾ ਆਗੂਆਂ ਨੇ ਉਨ੍ਹਾਂ 70 ਬਰਤਾਨਵੀ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਭਾਰਤੀ ਜੇਲ੍ਹ ਵਿਚ ਬੰਦ ਸਿਆਸੀ ਕੈਦੀ ਜਗਤਾਰ ਸਿੰਘ ਜੱਗੀ ਜੌਹਲ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਕੋਲ ਉਠਾਉਣ ਦੀ ਅਪੀਲ ਕੀਤੀ ਸੀ ।ਉਨ੍ਹਾਂ ਦੱਸਿਆ ਕਿ ਰੱਦ ਹੋਇਆ ਐੱਮ. ਐੱਨ.-20 ਸੰਮੇਲਨ ਜਲਦੀ ਹੀ ਦਿੱਲੀ ਵਿਚ ਕੀਤਾ ਜਾਵੇਗਾ ।