ਪੰਜਾਬ ਵਿਚ ਬਲੈਕ ਫੰਗਸ ਦਾ ਕਹਿਰ

ਪੰਜਾਬ ਵਿਚ ਬਲੈਕ ਫੰਗਸ ਦਾ ਕਹਿਰ

  *ਦੋਵੇਂ ਅੱਖਾਂ ਕੱਢਣ ਤੋਂ ਬਾਅਦ ਵੀ ਨਹੀਂ ਬਚ ਸਕਿਆ ਮਰੀਜ਼

ਅੰਮ੍ਰਿਤਸਰ ਟਾਈਮਜ਼ ਬਿਉਰੋ

 ਅੰਮਿ੍ਤਸਰ :  ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਵਾਸੀ 53 ਸਾਲ ਦਾ ਰਸ਼ਪਾਲ ਸਿੰਘ ਬਲੈਕ ਫੰਗਸ ਦੀ ਲਪੇਟ 'ਚ ਆ ਗਿਆ। ਉਸ ਦੀਆਂ ਦੋਵੇਂ ਅੱਖਾਂ, ਨੱਕ ਤੇ ਅੱਖਾਂ ਵਿਚਲੀ ਸਾਇਨਸ ਹੱਡੀ ਵੀ ਕੱਢਣੀ ਪਈ।ਸਭ ਕੁੱਝ ਠੀਕ ਚੱਲ ਰਿਹਾ ਸੀ, ਲੇਕਿਨ ਬਲੈਕ ਫੰਗਸ ਰਸ਼ਪਾਲ ਦੇ ਦਿਮਾਗ ਤੱਕ ਪਹੁੰਚ ਗਿਆ ਤੇ ਵੀਰਵਾਰ  ਗੁਰੂ ਨਾਨਕ ਦੇਵ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ। ਮਿ੍ਤਕ ਦੇ ਭਰਾ ਤਰਸੇਮ ਸਿੰਘ ਅਨੁਸਾਰ ਜੂਨ ਮਹੀਨੇ 'ਚ ਰਸ਼ਪਾਲ ਸਿੰਘ ਦਾ ਸ਼ੂਗਰ ਲੈਵਲ ਵੱਧ ਗਿਆ ਸੀ। ਉਨ੍ਹਾਂ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਨਿੱਜੀ ਡਾਕਟਰ ਨੇ ਜਨੇਊੁ ਹੋਣ ਦੀ ਪੁਸ਼ਟੀ ਕੀਤੀ ਤੇ ਇਲਾਜ ਸ਼ੁਰੂ ਕਰ ਦਿੱਤਾ।ਰਸ਼ਪਾਲ ਸਿੰਘ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ, ਇਸ ਲਈ ਅਸੀ ਇਕ ਹੋਰ ਡਾਕਟਰ ਨਾਲ ਸੰਪਰਕ ਕੀਤਾ। ਈਐੱਨਟੀ ਡਾਕਟਰ ਨੇ ਜਾਂਚ ਦੇ ਬਾਅਦ ਬਲੈਕ ਫੰਗਸ ਦੀ ਪੁਸ਼ਟੀ ਕੀਤੀ। ਮਿ੍ਤਕ ਦੇ ਭਰਾ ਨੇ ਦੱਸਿਆ ਕਿ ਅਸੀ ਰਸ਼ਪਾਲ ਨੂੰ ਅੰਮਿ੍ਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਲੈ ਆਏ। ਜੀਐੱਨਡੀਐੱਚ ਦੇ ਡਾਕਟਰਾਂ ਨੇ ਜਾਂਚ ਦੇ ਬਾਅਦ ਬਲੈਕ ਫੰਗਸ ਦੀ ਪੁਸ਼ਟੀ ਕੀਤੀ।ਬਲੈਕ ਫੰਗਸ ਉਨ੍ਹਾਂ ਦੀ ਅੱਖਾਂ ਤੇ ਸਾਇਨਸ 'ਚ ਫੈਲ ਚੁੱਕਿਆ ਸੀ, ਲਿਹਾਜਾ ਅੱਖਾਂ ਕੱਢਣ ਤੋਂ ਇਲਾਵਾ ਕੋਈ ਵੀ ਬਦਲ ਨਹੀਂ ਸੀ। ਵੀਹ ਦਿਨ ਪਹਿਲਾਂ ਡਾਕਟਰਾਂ ਨੇ ਰਸ਼ਪਾਲ ਦੀਆਂ ਦੋਵੇਂ ਅੱਖਾਂ ਤੇ ਸਾਇਨਸ ਦੀ ਹੱਡੀ ਕੱਢ ਦਿੱਤੀ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਬਲੈਕ ਫੰਗਸ ਉਸ ਦੇ ਦਿਮਾਗ ਤਕ ਪੁੱਜਣ ਲੱਗਾ।

ਡਾਕਟਰਾਂ ਨੇ ਦਵਾਈਆਂ ਦੇ ਕੇ ਇਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋ ਸਕੇ।  ਰਸ਼ਪਾਲ ਸਿੰਘ ਦੀ ਮੌਤ ਹੋ ਗਈ। ਤਰਸੇਮ ਦੇ ਅਨੁਸਾਰ ਗੁਰਦਾਸਪੁਰ ਦੇ ਨਿੱਜੀ ਹਸਪਤਾਲ 'ਚ ਦਸ ਦਿਨ ਤੱਕ ਰਸ਼ਪਾਲ ਸਿੰਘ ਦਾ ਗਲਤ ਇਲਾਜ ਹੁੰਦਾ ਰਿਹਾ।ਜੇਕਰ ਡਾਕਟਰ ਬਲੈਕ ਫੰਗਸ ਬਾਰੇ ਜਾਣਕਾਰੀ ਦਿੰਦੀ ਤਾਂ ਅਸੀ ਉਸੇ ਵਕਤ ਉਨ੍ਹਾਂ ਨੂੰ ਜੀਐੱਨਡੀਐੱਚ ਲੈ ਆਉਂਦੇ। ਜੀਐੱਨਡੀਐੱਚ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਨੂੰ ਸਮਾਂ ਰਹਿੰਦੇ ਇੱਥੇ ਲਿਆਇਆ ਜਾਂਦਾ ਤਾਂ ਮਰੀਜ਼ ਦੀ ਜਾਨ ਬੱਚ ਸਕਦੀ ਸੀ। ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰੀਡੈਂਟ ਡਾ. ਨਰਿੰਦਰ ਸਿੰਘ ਅਨੁਸਾਰ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਸੀ। ਡਾਕਟਰਾਂ ਨੇ ਬਲੈਕ ਫੰਗਸ ਕੱਢ ਦਿੱਤਾ ਸੀ, ਪਰ ਇਹ ਦਿਮਾਗ ਵੱਲ ਚਲਾ ਗਿਆ। ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਬਲੈਕ ਫੰਗਸ ਦਾ ਸ਼ਿਕਾਰ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।