ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਰੋਸ ਮਾਰਚ

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਰੋਸ ਮਾਰਚ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲ਼ਾ : ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇੰਨਸਾਫ਼ ਮੋਰਚੇ ਦੇ ਸਮਰਥਨ ਵਿੱਚ 7 ਫ਼ਰਵਰੀ ਦਿਨ ਮੰਗਲਵਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਹਿਲ ਕਰਦੇ ਹੋਏ ‘ਬੰਦੀ ਸਿੰਘਾਂ ਦੀ ਰਿਹਾਈ’ ਸੰਬੰਧੀ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਆਪਣਾ ਸਮਰਥਨ ਦਿੰਦਿਆਂ ਸ਼ਮੂਲੀਅਤ ਕੀਤੀ ਗਈ, ਜਿਸ ਵਿੱਚ SYFI, PSU, DSO ਆਦਿ ਜਥੇਬੰਦੀਆਂ ਹਾਜ਼ਰ ਸਨ।

ਜਿਸ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆ ਨੇ ਭਾਰਤੀ ਨਿਆ ਤੰਤਰ ਦੀ ਸਿੱਖਾਂ ਪ੍ਰਤੀ ਦੋਗਲੀ ਨੀਤੀ ਦੇ ਪ੍ਰਗਟਾਵੇ ਨੂੰ ਪੇਸ਼ ਕੀਤਾ। ਅੱਗੇ ਬੋਲਦਿਆਂ ਕਿਹਾ ਕਿ ਜੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਕੌਮ ਦੇ ਨਿਸ਼ਾਨਾਂ ਨੂੰ ਉੱਚਾ ਚੁੱਕਣ ਵਾਲੇ, ਆਪਣੇ ਹੱਕਾਂ ਲਈ ਜੂਝਨ ਵਾਲੇ, ਕਈ ਸਾਲਾਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਜਾ ਸਕਦਾ ? ਦੂਜੇ ਪਾਸੇ ਭਾਰਤੀ ਨਿਆਂ ਪ੍ਰਣਾਲੀ ਦੇ ਦੋਗਲੇਪਣ ਬਾਰੇ ਗੱਲ ਕਰਦਿਆਂ ਹੋਇਆਂ ਕਿਹਾ ਗਿਆ ਕਿ ਬਿਲਕਸ ਬਾਨੋ ਦਾ ਬਲਾਤਕਾਰ ਕਰਨ ਵਾਲੇ ਅਤੇ ਉਸ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵੱਡੇ ਅਪਰਾਧੀਆਂ ਨੂੰ ਰਿਹਾਈ ਦਿੱਤੀ ਜਾਂਦੀ ਹੈ। ਸੌਦਾ ਸਾਧ ਨੂੰ, ਜੋ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਅਪਰਾਧਾਂ ਹੇਠ ਦੋਹਰੀ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ, ਨੂੰ ਵਾਰ-ਵਾਰ ਪੈਰੋਲ ‘ਤੇ ਰਿਹਾਅ ਕੀਤਾ ਜਾਂਦਾ ਹੈ। ਇਹ ਭਾਰਤੀ ਨਿਆਂ ਪ੍ਰਣਾਲੀ ਦੀ ਨੀਵੇਂ ਪੱਧਰ ਦੀ ਹਰਕਤ ਹੈ।

ਇਸ ਉਪਰੰਤ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੋਂ ਯੂਨੀਵਰਸਿਟੀ ਦੇ ਮੁੱਖ ਦਰਵਾਜ਼ੇ ਤੱਕ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਸਮਰਥਨ ਦਿੰਦੇ ਹੋਏ ਭਾਗ ਲਿਆ ਗਿਆ। ਸਮਾਪਤੀ ਉਪਰੰਤ ਸਮੂਹ ਹਾਜ਼ਰੀਨ ਦਾ ਯੁਨਾਇਟਡ ਸਿੱਖ ਸਟੂਡੈਂਟਸ ਫੇਡਰੇਸ਼ਨ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਅਗਾਂਹ ਵੀ ਪੰਥਕ ਕਾਰਜਾਂ ਹਿਤ ਪ੍ਰੋਗਰਾਮ ਉਲੀਕਣ ਹਿਤ ਅਹਿਦ ਲਿਆ ਗਿਆ।