ਪੰਜਾਬ ਭਾਜਪਾ ਦੀ ਨਵੀਂ ਸਿਆਸੀ ਸ਼ਿਕਾਰਗਾਹ
*ਮੋਦੀ ਦਾ ਭਾਜਪਾ ਨੂੰ ਹੁਕਮ ਕਿ ਸਿੱਖਾਂ ਨਾਲ ਰਾਬਤਾ ਕਾਇਮ ਰਖਿਆ ਜਾਵੇ
*ਪਾਰਟੀ ਵਰਕਰਾਂ ਨੂੰ 2024 ਦੀਆਂ ਆਮ ਚੋਣਾਂ ਲਈ ਡਟਣ ਦਾ ਦਿੱਤਾ ਸੱਦਾ
ਭਾਜਪਾ ਦਾ ਮਿਸ਼ਨ 2024 ਸ਼ੁਰੂ ਹੋ ਚੁਕਾ ਹੈ ਅਤੇ ਪੰਜਾਬ ਹੁਣ ਇਸ ਦਾ ਨਵਾਂ ਸ਼ਿਕਾਰਗਾਹ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਉੱਤਰੀ ਭਾਰਤ ਦੇ ਅਜਿਹੇ ਸੂਬੇ ਹਨ, ਜਿਨ੍ਹਾਂ 'ਤੇ ਰਾਜ ਕਰਨਾ ਭਾਜਪਾ ਅਤੇ ਆਰ.ਐੱਸ.ਐੱਸ. ਦਾ ਲੰਬੇ ਸਮੇਂ ਤੋਂ ਸੁਪਨਾ ਰਿਹਾ ਹੈ। ਜੰਮੂ, ਕਸ਼ਮੀਰ ਅਤੇ ਲੱਦਾਖ ਇਸ ਸਮੇਂ ਲੰਬੀ ਮਿਆਦ ਲਈ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਹਨ, ਪਰ ਉੱਥੇ ਦਾ ਸ਼ਾਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਦੇ ਨਿਰਦੇਸ਼ਾਂ 'ਤੇ ਚੱਲਦਾ ਹੈ। ਇਸੇ ਲਈ ਭਾਜਪਾ ਦਾ ਫੌਰੀ ਧਿਆਨ ਪੰਜਾਬ 'ਤੇ ਹੈ।ਭਾਜਪਾ ਹਮੇਸ਼ਾ ਬਾਦਲ ਅਕਾਲੀ ਦਲ ਨਾਲ ਗਠਜੋੜ ਕਰਕੇ ਸੱਤਾ ਵਿੱਚ ਆਉਂਦੀ ਰਹੀ ਹੈ, ਪਰ ਹੁਣ ਉਹ ਬਾਦਲ ਨਾਲ ਸਿਆਸੀ ਤੋੜ ਵਿਛੋੜਾ ਕਰਨ ਬਾਅਦ ਵੱਖ-ਵੱਖ ਅਕਾਲੀ ਧੜਿਆਂ ਦੇ ਸਮਰਥਨ ਨਾਲ ਉਹ ਪੰਜਾਬ ਵਿਚ ‘ਪੂਰਨ ਸੱਤਾ’ ਚਾਹੁੰਦੀ ਹੈ। ਬੇਸ਼ੱਕ ਇਹ ਇਕ ਅਸੰਭਵ ਸੁਪਨਾ ਜਾਪਦਾ ਹੈ ਪਰ ਇਸ ਨੂੰ ਪੂਰਾ ਕਰਨ ਲਈ ਅਮਿਤ ਸ਼ਾਹ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੱਡਾ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਨਰਿੰਦਰ ਮੋਦੀ-ਅਮਿਤ ਸ਼ਾਹ ਦੀ ਜੋੜੀ ਵਾਲੀ ਭਾਜਪਾ ਨੇ ਇਸ ਮਿਸ਼ਨ ਤਹਿਤ ਪੰਜਾਬ ਕਾਂਗਰਸ ਵਿੱਚ ਬੀਤੇ ਦਿਨੀਂ ਜ਼ਬਰਦਸਤ ਸੰਨ੍ਹ ਲਗਾਈ ਸੀ।ਕੁਛ ਸਮਾਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਭਾਜਪਾ ਵਿਚ ਸ਼ਾਮਲ ਹੋਏ ਸਨ। ਕੈਪਟਨ ਅਮਰਿੰਦਰ ਸਿੰਘ ਸੂਬਾ ਕਾਂਗਰਸ ਵਿੱਚ ਸਭ ਤੋਂ ਸੀਨੀਅਰ, ਤਜਰਬੇਕਾਰ ਅਤੇ ਵੱਡਾ ਚਿਹਰਾ ਸਨ। ਪਰ ਉਹ ਵੀ ਇਕ ਤਰ੍ਹਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਆਪਣੀ ਪਾਰਟੀ ਬਣਾਕੇ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ।ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੂੰ ਵੀ ਇਸ ਦਾ ਕੋਈ ਫ਼ੌਰੀ ਲਾਭ ਨਹੀਂ ਮਿਲਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਸਾਹਮਣੇ ਬਾਦਲ ਦਲ ਸਮੇਤ ਸਾਰੀਆਂ ਪਾਰਟੀਆਂ ਲਗਭਗ ਬੁਰੀ ਤਰ੍ਹਾਂ ਹਾਰੀਆਂ ਸਨ। ਕੈਪਟਨ ਅਤੇ ਉਸ ਦੀ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ ਅਤੇ ਭਾਜਪਾ ਸਿਰਫ਼ ਦੋ ਸੀਟਾਂ 'ਤੇ ਹੀ ਸਿਮਟ ਗਈ ਸੀ।
ਕੁਝ ਸਮਾਂ ਪਹਿਲਾਂ ਆਪਣੇ ਆਪ ਨੂੰ ਜਨਮ ਤੋਂ ਕਾਂਗਰਸੀ ਦੱਸਣ ਵਾਲੇ ਸੁਨੀਲ ਕੁਮਾਰ ਜਾਖੜ ਵੀ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਜਾਖੜ ਨੂੰ ਕਾਂਗਰਸ ਵਿਚ ਹਿੰਦੂ ਚਿਹਰੇ ਕਰਕੇ ਮਹੱਤਵ ਦਿੱਤਾ ਜਾਂਦਾ ਸੀ, ਕਿਉਂਕਿ ਕਾਂਗਰਸ ਵਿਚੋਂ ਬਹੁਤੇ ਸਿੱਖ ਸਨ। ਜਦਕਿ ਜਾਖੜ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਦੋਸ਼ ਲਾਇਆ ਸੀ ਕਿ ਕਾਂਗਰਸ ਸੂਬੇ ਵਿਚ ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਨੌਂ ਮਹੀਨੇ ਪਹਿਲਾਂ, ਭਾਜਪਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਅਪੀਲ 'ਤੇ ਪੰਜਾਬ ਦੇ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਸੀ ਅਤੇ ਉਸਦਾ ਉਦੇਸ਼ ਪੰਜਾਬ ਉਪਰ ਸਿਆਸੀ ਕਬਜ਼ਾ ਕਰਨ ਦਾ ਸੀ। ਭਾਜਪਾ ਦੇ ਸਿਆਸਤਦਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿੱਖਾਂ ਦੇ ਸਮਰਥਨ ਤੋਂ ਬਿਨਾਂ ਉਹ ਪੰਜਾਬ ਵਿੱਚ ਕੁਝ ਨਹੀਂ ਕਰ ਸਕਦੇ। ਨਤੀਜੇ ਵਜੋਂ ਭਾਜਪਾ ਨੇ ਇਹ ਨੀਤੀ ਅਪਣਾ ਲਈ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਭਾਜਪਾ ਵਿੱਚ ਲਿਆਂਦਾ ਜਾਵੇ। ਮੋਦੀ ਨੇ ਭਾਜਪਾ ਨੂੰ ਹੁਕਮ ਕੀਤਾ ਕਿ ਸਿਖਾਂ ਨਾਲ ਰਾਬਤਾ ਕਾਇਮ ਰਖਿਆ ਜਾਵੇ।
ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਜਪਾ ਨੱਢਾ ਦੀ ਅਗਵਾਈ ਹੇਠ 2024 ਦੀਆਂ ਲੋਕ ਸਭਾ ਚੋਣਾਂ ਵਿਚ 2019 ਨਾਲੋਂ ਵੀ ਵੱਡੇ ਫਰਕ ਨਾਲ ਜਿੱਤੇਗੀ। ’ ਸ਼ਾਹ ਨੇ ਉਮੀਦ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਨੱਢਾ ਦੀ ਅਗਵਾਈ ਹੇਠ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ 2019 ਨਾਲੋਂ ਵੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ।
ਭਾਜਪਾ ਤੋਂ ਬਹੁਤ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ 1947 ਤੋਂ ਪਹਿਲਾਂ ਜ਼ਮੀਨੀ ਪੱਧਰ 'ਤੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਰਚਦਾ ਰਿਹਾ ਹੈ ਪਰ ਕਦੇ ਕਾਮਯਾਬ ਨਹੀਂ ਹੋ ਸਕਿਆ। ਪਰ ਉਸ ਨੇ ਕੋਸ਼ਿਸ਼ ਜਾਰੀ ਰਖੀ ਹੋਈ ਹੈ ।ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਢਾਈ ਦਹਾਕੇ ਪਹਿਲਾਂ ਸਮਝੌਤਾ ਹੋਇਆ ਸੀ। ਪਰ ਸੰਘ ਆਪਣੇ ਰਾਹ 'ਤੇ ਚੱਲਦਾ ਰਿਹਾ। ਉਸ ਨੇ ਸਿੱਖਾਂ ਵਿਚ ਆਪਣੀ ਹੋਂਦ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਪਰ ਸਿਖ ਪੰਥ ਨੇ ਸੰਘ ਨੂੰ ਆਪਣੀ ਹੋਂਦ ਲਈ ਖਤਰਾ ਮੰਨਦਿਆਂ ਕੋਈ ਤਰਜੀਹ ਨਹੀਂ ਦਿਤੀ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਨੇ ਪੰਜਾਬ ਦੇ ਜਿੰਨੇ ਦੌਰੇ ਕੀਤੇ ਹਨ, ਇਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੀ ਸਿਆਸੀ ਆਗੂ ਨੇ ਨਹੀਂ ਕੀਤੇ ਸਨ। ਆਪਣੇ ਦੌਰੇ ਦੌਰਾਨ ਸੰਘ ਮੁਖੀ ਵੱਖ-ਵੱਖ ਡੇਰੇਦਾਰਾਂ ਨੂੰ ਖੁੱਲ੍ਹ ਕੇ ਮਿਲਦੇ ਰਹੇ। ਕਰੀਬ ਚਾਰ ਸਾਲ ਪਹਿਲਾਂ ਮੌਜੂਦਾ ਸੰਘ ਮੁਖੀ ਮੋਹਨ ਭਾਗਵਤ ਮਾਲਵੇ ਦੇ ਮਾਨਸਾ ਜ਼ਿਲ੍ਹੇ ਵਿੱਚ ਆਏ ਸਨ।ਮਾਨਸਾ ਪੰਜਾਬ ਦਾ ਅਣਗੌਲਿਆ ਜ਼ਿਲ੍ਹਾ ਹੈ। ਹਾਲ ਹੀ ਵਿੱਚ ਉਹ ਸੁਰਖੀਆਂ ਵਿੱਚ ਆਇਆ ਜਦੋਂ ਗਾਇਕ ਸਿੱਧੂ ਮੂਸੇਵਾਲ ਦਾ ਇੱਕ ਗੈਂਗਸਟਰ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਮੋਹਨ ਭਾਗਵਤ ਨੇ ਉਦੋਂ ਕੁਝ ਅਹਿਮ ਫੈਸਲਿਆਂ ਲਈ ਇਸ ਜ਼ਿਲ੍ਹੇ ਦੀ ਚੋਣ ਕੀਤੀ ਸੀ ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਵਿਰੋਧੀਆਂ ਦੀ ਆਲੋਚਨਾ ਦਾ ਪਰਛਾਵਾਂ ਨਾ ਪਵੇ। ਜ਼ਿਕਰਯੋਗ ਹੈ ਕਿ ਉਦੋਂ ਉਹ ਪੰਜਾਬ ਦੇ ਰਾਧਾ ਸਵਾਮੀ ਮੁਖੀ ਨੂੰ ਮਿਲਣ ਆਪਣੇ ਜੈੱਟ ਜਹਾਜ਼ ਰਾਹੀਂ ਮਾਨਸਾ ਗਏ ਸਨ।ਇਹ ਸੰਘ ਦੀ ਰਾਜਨੀਤਕ ਮੁਹਿੰਮ ਹੈ ਤਾਂ ਜੋ ਭਾਜਪਾ ਲਈ ਡੇਰਿਆਂ ਦਾ ਸਮਰਥਨ ਹਾਸਲ ਕੀਤਾ ਜਾ ਸਕੇ। ਇਸ ਤੋਂ ਬਾਅਦ ਵੀ ਦੋਵੇਂ ਹਸਤੀਆਂ ਕਈ ਵਾਰ ਮਿਲੀਆਂ ਅਤੇ ਹੁਣ ਵੀ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਯਾਦ ਰਹੇ ਕਿ ਪੰਜਾਬ ਵਿਚ ਬਹੁਤ ਸਾਰੇ ਡੇਰੇ ਹਨ ਅਤੇ ਉਹਨਾਂ ਨੂੰ ਮੰਨਣ ਵਾਲੇ ਸਿੱਖਾਂ ਅਤੇ ਹਿੰਦੂਆਂ ਦੀਆਂ ਵੋਟਾਂ ਕਈ ਥਾਵਾਂ 'ਤੇ ਫੈਸਲਾਕੁੰਨ ਭੂਮਿਕਾ ਨਿਭਾਉਂਦੀਆਂ ਹਨ। ਸੰਘ ਇਹਨਾਂ ਡੇਰਿਆਂ ਨੂੰ ਭਾਜਪਾ ਨਾਲ ਜੋੜਨਾ ਚਾਹੁੰਦਾ ਹੈ ਤਾਂ ਜੋ ਸਿਆਸੀ ਲਾਭ ਹੋ ਸਕੇ।
ਇਸ ਵੇਲੇ ਸਥਿਤੀ ਇਹ ਹੈ ਕਿ ‘ਮਿਸ਼ਨ ਪੰਜਾਬ’ ਤਹਿਤ ਭਾਜਪਾ ਨੇ ਉੱਘੇ ਸਿੱਖ ਚਿਹਰਿਆਂ ਨੂੰ ਕੇਂਦਰੀ ਕਮੇਟੀ ਵਿੱਚ ਲਿਆ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ। ਮਾਹਿਰਾਂ ਅਨੁਸਾਰ ਸਾਲ 2000 ਯਾਨੀ ਕਿ 2023 ਦੇ ਮੁਕਾਬਲੇ ਪੰਜਾਬ ਵਿੱਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਹਨ। ਅਜਿਹਾ ਕਹਿਣ ਵਾਲੇ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਢੀਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘ ਦੇ ਕਹਿਣ 'ਤੇ ਹੀ ਸਿਖ ਪੰਥ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਸਾਹਮਣੇ ਝੁਕ ਗਏ।ਇਹ ਸਭ ਜਾਣਦੇ ਹਨ ਕਿ ਪੰਜਾਬ ਦੀ ਖੇਤੀ ਸਿੱਖਾਂ ਦੇ ਹੱਥਾਂ ਵਿੱਚ ਹੈ। ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ‘ਅੰਨਦਾਤਾ’ ਨੂੰ ਸੰਤੁਸ਼ਟ ਕਰਨ ਦੀ ਗੱਲ ਤਾਂ ਦੁਹਰਾਉਂਦੇ ਰਹਿੰਦੇ ਹਨ ਪਰ ਇਸ ਅੰਦੋਲਨ ਦੌਰਾਨ ਮਾਰੇ ਗਏ 700 ਕਿਸਾਨਾਂ ਦਾ ਕਦੇ ਜ਼ਿਕਰ ਤੱਕ ਨਹੀਂ ਕਰਦੇ। ਜਿਨ੍ਹਾਂ 'ਤੇ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਕੇਸ ਦਰਜ ਹਨ, ਉਨ੍ਹਾਂ ਬਾਰੇ ਭਾਜਪਾ ਦਾ ਕੋਈ ਵੀ ਆਗੂ ਚਰਚਾ ਨਹੀਂ ਕਰਦਾ।
ਖੈਰ, ਪੰਜਾਬ ਭਾਜਪਾ ਦਾ ਨਵਾਂ ਸਿਆਸੀ ਸ਼ਿਕਾਰ ਮੈਦਾਨ ਹੈ, ਇਸ ਲਈ ਮਿਸ਼ਨ ਪੰਜਾਬ ਦੀ ਕਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਜੇਪੀ ਨੱਡਾ ਦੇ ਹੱਥ ਹੈ। ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਅਗਨੀ ਪ੍ਰੀਖਿਆ ਮੰਨ ਰਹੀ ਹੈ। ਭਾਜਪਾ ਨੇ ਕੁੱਲ 9 ਸੀਟਾਂ 'ਤੇ ਲੋਕ ਸਭਾ ਚੋਣ ਨਹੀਂ ਲੜੀ ,ਕਿਉਂਕਿ ਇਹ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਸਨ। ਭਾਜਪਾ ਦਾ ਤਾਜ਼ਾ ਐਲਾਨ ਹੈ ਕਿ ਉਹ ਸਾਰੀਆਂ ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ। ਫਿਰ ਨਤੀਜੇ ਹੀ ਦੱਸਣਗੇ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਨੂੰ ਨਵਾਂ ਸਿਆਸੀ ਸ਼ਿਕਾਰ ਬਣਾਉਣ ਵਿਚ ਕਿੰਨੀ ਕੁ ਕਾਮਯਾਬ ਹੋਵੇਗੀ?
Comments (0)