ਵਿਵਾਦਤ ਫ਼ਿਲਮ ‛ਦਾਸਤਾਨ-ਏ-ਸਰਹਿੰਦ’ ਨੂੰ ਬੰਦ ਕਰਵਾਉਣ ਲਈ ਮਸਤੂਆਣਾ ਸਾਹਿਬ ਵਿਖੇ ਸੰਕੇਤਕ ਰੋਸ

ਵਿਵਾਦਤ ਫ਼ਿਲਮ ‛ਦਾਸਤਾਨ-ਏ-ਸਰਹਿੰਦ’ ਨੂੰ ਬੰਦ ਕਰਵਾਉਣ ਲਈ ਮਸਤੂਆਣਾ ਸਾਹਿਬ ਵਿਖੇ ਸੰਕੇਤਕ ਰੋਸ

*ਪ੍ਰੈਸ ਨੋਟ*

*ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਚੁੱਪ ਭਵਿੱਖ ਲਈ ਘਾਤਕ*

ਸਿੱਖ ਜਥਾ ਮਾਲਵਾ ਅਤੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਸੰਗਰੂਰ ਵੱਲੋਂ ਆਉਣ ਵਾਲੀ ਫਿਲਮ 'ਦਾਸਤਾਨ-ਏ-ਸਰਹਿੰਦ' ਨੂੰ ਬੰਦ ਕਰਵਾਉਣ ਸਬੰਧੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਸੰਕੇਤਕ ਰੋਸ ਬਿਨਾਂ ਕਿਸੇ ਨਾਹਰੇ ਤੋਂ ਹੱਥਾਂ ਵਿੱਚ ਵੱਖ-ਵੱਖ ਇਸਤਿਹਾਰ ਫੜ੍ਹ ਕੇ ਕੀਤਾ ਗਿਆ। 

ਇਹ ਸੰਕੇਤਕ ਰੋਸ ਪ੍ਰਦਰਸ਼ਨ ਇਸ ਲਈ ਕੀਤਾ ਗਿਆ ਕਿਉਂਕਿ ਸਿੱਖ ਸਿਧਾਤਾਂ ਮੁਤਾਬਕ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਨੂੰ ਕਿਸੇ ਵੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ,ਗੁਰਮਤਿ ਰਵਾਇਤ ਅੰਦਰ ਇਨ੍ਹਾਂ ਦੀਆਂ ਨਕਲਾਂ ਲਾਹੁਣ ’ਤੇ ਸਵਾਂਗ ਰਚਣ ਦੀ ਸਖਤ ਮਨਾਹੀ ਹੈ। 

2 ਦਸੰਬਰ ਨੂੰ ਜਾਰੀ ਹੋਣ ਵਾਲੀ ਇਸ ਫਿਲਮ ਵਿਚ ਗੁਰੂ ਸਾਹਿਬ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਿਆ ਗਿਆ ਹੈ। ਸਾਲ 2005 ਵਿਚ ਆਈ ਕਾਰਟੂਨ ਫਿਲਮ 'ਸਾਹਿਬਜ਼ਾਦੇ' ਤਕਨੀਕ ਦੇ ਬਹਾਨੇ ਇਸ ਕੁਰਾਹੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਸੀ। ਜਿਸ ਤੋਂ ਬਾਅਦ ਅਜਿਹੀਆਂ ਗੈਰ ਸਿਧਾਂਤਕ ਫ਼ਿਲਮਾਂ ਦੀ ਲੜੀ ਲੱਗ ਗਈ, ਜਿਹਨਾਂ ਵਿਚ ਚਾਰ ਸਾਹਿਬਜ਼ਾਦੇ, ਭਾਈ ਮੂਲਾ ਖੱਤਰੀ, ਭਾਈ ਤਾਰੂ ਸਿੰਘ, ਨਾਨਕ ਸ਼ਾਹ ਫਕੀਰ, ਦਾਸਤਾਨ-ਏ-ਮੀਰੀ ਪੀਰੀ, ਮਦਰਹੁੱਡ ਵਰਗੀਆਂ ਫਿਲਮਾਂ ਸ਼ਾਮਲ ਹਨ। ਹੁਣ ਇਹ ਫਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ। ਐਨੀਮੇਸ਼ਨ ਤਕਨੀਕ ਰਾਹੀਂ ਫਿਲਮ ਬਣਾਉਣ ਵਾਲਿਆ ਦਾ ਹਮੇਸ਼ਾ ਇਹ ਤਰਕ ਹੁੰਦਾ ਹੈ ਕਿ ਇਸ ਤਕਨੀਕ ਵਿਚ ਕਿਸੇ ਮਨੁੱਖ ਵਲੋਂ ਰੋਲ ਨਹੀਂ ਨਿਭਾਇਆ ਜਾਂਦਾ ਪਰ ਹੁਣ ਸਬੂਤਾਂ ਸਮੇਤ ਪਰਦੇ ਪਿਛਲੀ ਇਹ ਗੱਲ ਸਿੱਖ ਸੰਗਤ ਦੇ ਸਾਹਮਣੇ ਆ ਗਈ ਹੈ ਕਿ ਬਾਬਾ ਜ਼ੋਰਾਵਰ ਸਿੰਘ ਦੀ ਭੂਮਿਕਾ ਮਾਸੂਮ ਬੱਚੇ ਵਲੋਂ ਕਰਵਾਈ ਗਈ ਹੈ। ਜੋ ਕਿ ਸਰਾਸਰ ਗਲਤ ਹੈ, ਜਿਸਨੂੰ ਸਿੱਖ ਸੰਗਤ ਕਦੇ ਬਰਦਾਸ਼ਤ ਨਹੀਂ ਕਰੇਗੀ। 

ਜਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇਸ ਫਿਲਮ ਦੇ ਵਿਰੋਧ ਵਿੱਚ ਮਤੇ ਪਾਏ ਜਾ ਰਹੇ ਹਨ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ। ਜੇਕਰ ਇਸ ਵਿਰੋਧ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਸਿੱਧ ਹੋਵੇਗਾ ਜਿਸ ਦੌਰਾਨ ਇਹਨਾਂ ਸੰਸਥਾਵਾਂ ਵੱਲੋਂ ਵੱਟੀ ਚੁੱਪ ਦੇ ਘਾਤਕ ਨਤੀਜੇ ਸਾਡੀਆਂ ਆਉਂਦੀਆਂ ਪੀੜੀਆਂ ਭੁਗਤਣਗੀਆਂ। 

ਇਸ ਮੌਕੇ ਭਾਈ ਸਤਪਾਲ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਮਲਕੀਤ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਬਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ  ਹਾਜਰ ਸਨ।