ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਸਿੱਖਾਂ ਦੇ ਮਸਲੇ ਹੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਸਿੱਖਾਂ ਦੇ ਮਸਲੇ ਹੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 19 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ ਤੋਂ ਓ ਪੀ ਡੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਹਸਪਤਾਲ ਵਿਚ ਲੋੜਵੰਦਾਂ ਵਾਸਤੇ ਓ ਪੀ ਡੀ ਸੇਵਾਵਾਂ ਮੁਫਤ ਹੋਣਗੀਆਂ।

ਅੱਜ ਇਥੇ ਇਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਤਾਂ ਸਾਡੇ ਵਿਰੋਧੀਆਂ ਨੇ ਇਸ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਕੰਮ ਵਿਚ ਰੁਕਾਵਟਾਂ ਪਾਉਣ ਵਾਸਤੇ ਅਦਾਲਤਾਂ ਵਿਚ ਪਹੁੰਚ ਕਰਨ ਸਮੇਤ ਬਹੁਤ ਸਾਰੀਆਂ ਜੁਗਤਾਂ ਲੜਾਈਆਂ ਸੀ ਜੋ ਸਾਰੀਆਂ ਫੇਲ੍ਹ ਸਾਬਤ ਹੋਈਆਂ ਹਨ। ਉਹਨਾਂ ਦੱਸਿਆ ਕਿ ਅਸੀਂ ਪੜਾਅ ਦਰ ਪੜਾਅ ਮੁਸ਼ਕਿਲਾਂ ਨੂੰ ਹੱਲ ਕਰਦੇ ਹੋਏ ਹੁਣ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ਼ਿਜ਼ ਵਿਖੇ ਓ ਪੀ ਡੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ ਅਤੇ 5 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਕੀਰਤਨ ਅਤੇ ਅਰਦਾਸ ਕਰਨ ਉਪਰੰਤ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।

ਉਹਨਾਂ ਇਹ ਵੀ ਦੱਸਿਆ ਕਿ ਹਸਪਤਾਲ ਵਿਚ ਅਤਿ ਆਧੁਨਿਕ ਮਸ਼ੀਨਰੀ ਲਗਾਈ ਜਾ ਰਹੀ ਹੈ ਜਿਸ ਨਾਲ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮਿਲੇਗੀ ਅਤੇ ਇਸ ਹਸਪਤਾਲ ਵਿਚ ਪ੍ਰੋਫੈਸ਼ਨਲ ਡਾਕਟਰ ਆਪਣੀਆਂ ਸੇਵਾਵਾਂ ਨਿਭਾਉਣਗੇ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਬਾਲਾ ਸਾਹਿਬ ਹਸਪਤਾਲ ਵਿਚ ਮੁਫਤ ਡਾਇਲਸਿਸ ਦੀ ਸੇਵਾ ਚਲ ਰਹੀ ਹੈ ਤੇ ਹੁਣ ਤੱਕ 75 ਹਜ਼ਾਰ ਲੋਕ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸੇ ਤਰੀਕੇ ਅਣਗਿਣਤ ਮਰੀਜ਼ ਗੁਰਦੁਆਰਾ ਬੰਗਲਾ ਸਾਹਿਬ ਵਿਚ ਚਲ ਮੈਡੀਕਲ ਸੈਂਟਰ ਵਿਚ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਕਰਵਾ ਚੁੱਕੇ ਹਨ।

ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਇਸ ਵਾਰ ਦਿੱਲੀ ਫਤਿਹ ਦਿਵਸ 27 ਅਤੇ 28 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਮਨਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਦਿਨ ਕੀਰਤਨ ਦਰਬਾਰ ਹੋਵੇਗਾ ਤੇ ਅਗਲੇ ਦਿਨ ਗੁਰੂ ਕੀਆਂ ਲਾਡਲੀਆਂ ਫੌਜਾਂ ਆਪਣਾ ਜੌਹਰ ਵਿਖਾਉਣਗੀਆਂ। ਸਮਾਗਮ ਵਾਸਤੇ ਸਾਰੇ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਪੰਥਕ ਸੰਸਥਾਵਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ।

ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ਵਿਚ ਸਿੱਖ ਮਸਲੇ ਹੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਐਲਾਨ ਕਰਨ ਦਾ ਮਨ ਬਣਾ ਚੁੱਕਾ ਹੈ ਜਿਸਦਾ ਰਸਮੀ ਐਲਾਨ ਅਗਲੇ ਹਫਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਨਾ ਕੀਤੀ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ, 1984 ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਭੇਜਿਆ, ਉਥੇ ਹੀ ਹੋਰ ਸਿੱਖ ਮਸਲੇ ਵੀ ਵੱਡੀ ਪੱਧਰ ’ਤੇ ਹੱਲ ਕੀਤੇ ਹਨ ਜੋ ਅੱਜ ਤੱਕ ਕਿਸੇ ਨੇ ਨਹੀਂ ਹੱਲ ਕੀਤੇ ਸਨ।

ਇਸ ਮੌਕੇ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।