ਫ਼ਾਜਿਲਕਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਟੇਡੀਅਮ ਦਾ ਨਾਮ ਬਦਲਣਾ, ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਖ਼ਤਮ ਕਰਨ ਦੀ ਸਾਜਿ਼ਸ ਦਾ ਹਿੱਸਾ : ਟਿਵਾਣਾ

ਫ਼ਾਜਿਲਕਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਟੇਡੀਅਮ ਦਾ ਨਾਮ ਬਦਲਣਾ, ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਖ਼ਤਮ ਕਰਨ ਦੀ ਸਾਜਿ਼ਸ ਦਾ ਹਿੱਸਾ : ਟਿਵਾਣਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 07 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਕੱਟੜਵਾਦੀ ਮੁਤੱਸਵੀ ਤਾਕਤਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ-ਵਿਰਾਸਤ, ਸੱਭਿਆਚਾਰ, ਭਾਸਾ, ਬੋਲੀ, ਪਹਿਰਾਵਾ ਆਦਿ ਨੂੰ ਨਿਸ਼ਾਨਾਂ ਬਣਾਉਣ ਅਧੀਨ ਲੰਮੇ ਸਮੇ ਤੋ ਗੁੱਝੀਆ ਸਾਜਿ਼ਸਾਂ ਤਹਿਤ ਨੁਕਸਾਨ ਪਹੁੰਚਾਉਣ ਲਈ ਕਿਵੇ ਕੰਮ ਕਰਦੀਆ ਹਨ, ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਲੰਮੇ ਸਮੇ ਤੋ ਫਾਜਿਲਕਾ ਦੇ ਇਕ ਸਟੇਡੀਅਮ ਦਾ ਨਾਮ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਿਆ ਹੋਇਆ ਸੀ ਅਤੇ ਲੰਮੇ ਸਮੇ ਤੋ ਚੱਲਦਾ ਆ ਰਿਹਾ ਸੀ, ਉਸਦਾ ਨਾਮ ਬਦਲਕੇ ਭਗਤ ਸਿੰਘ ਸਟੇਡੀਅਮ ਰੱਖਣ ਦੀ ਦੁੱਖਦਾਇਕ ਕਾਰਵਾਈ ਅਤਿ ਨਿੰਦਣਯੋਗ, ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਤੱਸਵੀਆਂ ਨਾਲ ਮਿਲਕੇ ਕੀਤੀਆ ਜਾ ਰਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਅਮੀਰ ਵਿਰਸੇ ਨੂੰ ਖ਼ਤਮ ਕਰਨ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਮੌਜੂਦਾ ਸਰਕਾਰ ਵੀ ਉਨ੍ਹਾਂ ਮੁਤੱਸਵੀਆਂ ਦੀ ਸੋਚ ਉਤੇ ਕੰਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਜਰਖੇਜ ਧਰਤੀ ਜਿਸਨੂੰ ਮਨੁੱਖਤਾ ਨਾਲ ਪਿਆਰ ਕਰਨ ਵਾਲੇ, ਸਰਬੱਤ ਦੇ ਭਲੇ ਦੇ ਮਿਸਨ ਨੂੰ ਇਥੇ ਲਾਗੂ ਕਰਨ ਵਾਲੇ, ਹਰ ਤਰ੍ਹਾਂ ਦੇ ਦੁਨਿਆਵੀ ਵਿਤਕਰਿਆ ਤੋ ਰਹਿਤ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਸਰਜਮੀਨ ਉਤੇ ਲੰਮੇ ਸਮੇ ਤੋ ਹੁਕਮਰਾਨ ਅਜਿਹੀਆ ਸਾਜਿਸਾਂ ਉਤੇ ਅਮਲ ਕਰਦਾ ਆ ਰਿਹਾ ਹੈ ਜਿਸ ਨਾਲ ਇਥੋ ਦੇ ਮਹਾਨ ਕੁਰਬਾਨੀਆ ਅਤੇ ਸ਼ਹਾਦਤਾਂ ਭਰੇ ਉਹ ਇਤਿਹਾਸ ਜਿਸ ਵਿਚੋ ਇਨਸਾਨੀਅਤ ਤੇ ਮਨੁੱਖੀ ਕਦਰਾਂ-ਕੀਮਤਾਂ ਮਜ਼ਬੂਤ ਹੁੰਦੀਆ ਹਨ, ਉਸ ਵਿਰਸੇ-ਵਿਰਾਸਤ ਨੂੰ ਹੌਲੀ-ਹੌਲੀ ਖਤਮ ਕਰਨਾ ਹੀ ਇਨ੍ਹਾਂ ਤਾਕਤਾਂ ਦੇ ਮਨਸੂਬੇ ਹਨ । ਇਹੀ ਵਜਹ ਹੈ ਕਿ ਜਿਥੇ ਕੌਮਾਂਤਰੀ ਪੱਧਰ ਦੀਆਂ ਯੂਨੀਵਰਸਿਟੀਆਂ, ਵਿਦਿਅਕ ਅਦਾਰਿਆ, ਕਾਲਜਾਂ, ਸੰਸਥਾਵਾਂ ਅਤੇ ਹੋਰ ਸਾਂਝੇ ਸਥਾਨਾਂ ਦੇ ਨਾਮ ਗੁਰੂ ਸਾਹਿਬਾਨ, ਮਨੁੱਖਤਾ ਤੇ ਇਨਸਾਨੀਅਤ ਦੀ ਬਿਹਤਰੀ ਲਈ ਉਦਮ ਕਰਨ ਵਾਲੀਆ ਸਖਸ਼ੀਅਤਾਂ ਦੇ ਨਾਮ ਤੇ ਹੋਣੇ ਚਾਹੀਦੇ ਹਨ, ਉਨ੍ਹਾਂ ਸੰਸਥਾਵਾਂ ਦੇ ਨਾਮ ਪੰਜਾਬੀਆਂ ਤੇ ਸਿੱਖ ਕੌਮ ਦੇ ਕਾਤਲਾਂ ਅਤੇ ਇਨ੍ਹਾਂ ਨਾਲ ਧੋਖਾ ਕਰਨ ਵਾਲੇ ਮਰਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਨਾਮ ਤੇ ਜ਼ਬਰੀ ਰੱਖੇ ਜਾਂਦੇ ਆ ਰਹੇ ਹਨ । ਇਥੋ ਤੱਕ ਪ੍ਰਵਾਸੀ ਮਜਦੂਰਾਂ ਦੀਆਂ ਬਣਨ ਵਾਲੀਆ ਕਲੋਨੀਆ ਨੂੰ ਵੀ ਪੰਜਾਬ ਦੇ ਸੱਭਿਆਚਾਰ ਵਿਰਸੇ-ਵਿਰਾਸਤ ਵਿਰੋਧੀ ਨਾਮ ਦਿੱਤੇ ਜਾ ਰਹੇ ਹਨ । ਕੋਈ ਵੀ ਪੰਜਾਬੀ ਜਾਂ ਸਿੱਖ ਹਿਮਾਚਲ, ਰਾਜਸਥਾਂਨ, ਜੰਮੂ-ਕਸ਼ਮੀਰ ਅਤੇ ਹੋਰ ਕਈ ਸੂਬਿਆਂ ਵਿਚ ਜਮੀਨ-ਜਾਇਦਾਦ ਖਰੀਦਣ ਦਾ ਹੱਕ ਨਹੀ ਰੱਖਦਾ, ਲੇਕਿਨ ਪੰਜਾਬ ਵਿਚ ਬਿਹਾਰ, ਬੰਗਾਲ, ਆਸਾਮ, ਛੱਤੀਸਗੜ੍ਹ ਕਿਸੇ ਵੀ ਸੂਬੇ ਤੋ ਪ੍ਰਵਾਸੀ ਆ ਕੇ ਜਮੀਨ-ਜਾਇਦਾਦ ਵੀ ਖਰੀਦ ਸਕਦੇ ਹਨ, ਉਨ੍ਹਾਂ ਦੇ ਰਾਸਨ ਕਾਰਡ, ਵੋਟਰ ਕਾਰਡ ਵੀ ਪੰਜਾਬ ਦੇ ਪਤਿਆ ਉਤੇ ਝੱਟ ਬਣਾ ਦਿੱਤੇ ਜਾਂਦੇ ਹਨ । ਕੀ ਅਜਿਹੀਆ ਸਾਜਿਸਾਂ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਭਾਸਾ ਨੂੰ ਨੁਕਸਾਨ ਪਹੁੰਚਾਉਣ ਹਿੱਤ ਨਿਰੰਤਰ ਅਮਲ ਨਹੀ ਹੁੰਦੇ ਆ ਰਹੇ ? ਇਸ ਗਹਿਰੀ ਚਿੰਤਾ ਵਾਲੇ ਵਿਸ਼ੇ ਉਤੇ ਪੰਜਾਬ, ਪੰਜਾਬੀ, ਪੰਜਾਬੀਅਤ ਪੱਖੀ ਸਖਸ਼ੀਅਤਾਂ, ਵਿਦਵਾਨ, ਸਿਆਸੀ ਤੇ ਸਮਾਜਿਕ ਆਗੂ ਗਹਿਰੀ ਨੀਦ ਕਿਉ ਸੁੱਤੇ ਹਨ ? ਇਨ੍ਹਾਂ ਦੇ ਅਵੇਸਲੇ ਹੋਣ ਦੇ ਅਮਲਾਂ ਦੀ ਬਦੌਲਤ ਹੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਆਪਣੇ ਮਨਸੂਬਿਆ ਨੂੰ ਅਛੋਪਲੇ ਪੂਰੇ ਕਰਨ ਤੇ ਲੱਗੇ ਹੋਏ ਹਨ । ਜਿਸ ਉਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੰਜ਼ੀਦਗੀ ਢੰਗ ਨਾਲ ਸੁਚੇਤ ਹੁੰਦੇ ਹੋਏ ਆਪਣੇ ਸੂਬੇ, ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਨੂੰ ਬਚਾਉਣ ਲਈ ਤੇ ਸਥਾਈ ਤੌਰ ਤੇ ਕਾਇਮ ਰੱਖਣ ਲਈ ਆਪਣੀਆ ਜਿ਼ੰਮੇਵਾਰੀਆ ਨਿਭਾਉਣੀਆ ਪੈਣਗੀਆ । ਵਰਨਾ ਹੁਕਮਰਾਨ ਇਸ ਸਾਜਿਸ ਤਹਿਤ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਸਿੱਖ ਵਿਰਸੇ-ਵਿਰਾਸਤ ਦੇ ਅਸਲ ਮਨੁੱਖਤਾ ਪੱਖੀ ਛਬੀ ਨੂੰ ਨੁਕਸਾਨ ਪਹੁੰਚਾਉਣ ਵਿਚ ਕਾਮਯਾਬ ਹੋ ਜਾਣਗੇ ।