ਅੰਮ੍ਰਿਤਸਰ ਵਿਖੇ 10 ਦਸੰਬਰ, ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਉਤੇ ਘੱਟ ਗਿਣਤੀਆਂ ਤੇ ਹੋ ਰਹੇ ਜ਼ਬਰ ਵਿਰੁੱਧ ਕੀਤਾ ਜਾਵੇਗਾ ਸੈਮੀਨਾਰ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸਿੱਖਾਂ ਨੂੰ ਸਾਜਸੀ ਢੰਗਾਂ ਨਾਲ ਕਤਲ ਕਰਨ ਦੇ ਮੁੱਦੇ ਨੂੰ ਉਜਾਗਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 10 ਦਸੰਬਰ ਜਿਸ ਦਿਨ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਹੈ, ਉਸ ਸਮੇ ਤੇ ਅੰਮ੍ਰਿਤਸਰ ਵਿਖੇ ਮਨੁੱਖੀ ਅਧਿਕਾਰ ਸੰਗਠਨਾਂ, ਮਨੁੱਖੀ ਹੱਕਾਂ ਦੀ ਰਾਖੀ ਲਈ ਉੱਦਮ ਕਰਨ ਵਾਲੇ ਬੁੱਧੀਜੀਵੀਆਂ ਅਤੇ ਸਖਸ਼ੀਅਤਾਂ ਨੂੰ ਸੱਦਾ ਦੇ ਕੇ ਸੈਮੀਨਾਰ ਕਰਨ ਜਾ ਰਿਹਾ ਹੈ । ਇਸ ਤੋ ਪਹਿਲੇ ਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਪਾਰਟੀ ਵੱਲੋ ਪਟਿਆਲਾ ਵਿਖੇ ਵੱਡਾ ਸੈਮੀਨਾਰ ਕੀਤਾ ਜਾਵੇਗਾ । ਜਿਸ ਸੈਮੀਨਾਰ ਵਿਚ ਇਹ ਮੁੱਦੇ ਉਠਾਕੇ ਕੌਮਾਂਤਰੀ ਪੱਧਰ ਉਤੇ ਇੰਡੀਆਂ ਦੇ ਕਾਤਲ ਅਤੇ ਜਾਬਰ ਮਨੁੱਖਤਾ ਵਿਰੋਧੀ ਚੇਹਰੇ ਨੂੰ ਸਾਹਮਣੇ ਲਿਆਂਦਾ ਜਾਵੇਗਾ । ਇਸ ਤੋ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਮਨੁੱਖੀ ਹੱਕਾਂ, ਇਨਸਾਨੀ ਕਦਰਾਂ ਕੀਮਤਾਂ, ਸਰਬੱਤ ਦੇ ਭਲੇ, ਬਰਾਬਰਤਾ ਤੇ ਇਨਸਾਫ ਦੇ ਰਾਜ ਪ੍ਰਬੰਧ ਲਈ ਜੰਗਾਂ ਲੜਦੇ ਹੋਏ ਸ਼ਹਾਦਤਾਂ ਦਾ ਸਫਰ ਸੁਰੂ ਕੀਤਾ, ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ 15 ਦਸੰਬਰ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਮਾਰਚ ਕੱਢਕੇ, ਕਾਨਫਰੰਸਾਂ ਕਰਕੇ, ਇਸ ਵਿਸੇ ਤੇ ਲਿਟਰੇਚਰ ਵੰਡਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਬਾਰੇ ਜਾਗਰੂਕ ਕਰੇਗੀ ਅਤੇ ਸਿੱਖ ਕੌਮ ਉਤੇ ਹੋ ਰਹੇ ਜਾਨਲੇਵਾ ਹਕੂਮਤੀ ਹਮਲਿਆ ਨੂੰ ਪੂਰਨ ਰੂਪ ਵਿਚ ਰੋਕਣ ਲਈ ਸੰਜ਼ੀਦਾ ਉੱਦਮ ਕੀਤੇ ਜਾਣਗੇ । ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਜੋ ਪੰਜਾਬ ਦੀਆਂ ਵੱਖ-ਵੱਖ ਜਿ਼ਲ੍ਹਿਆ ਵਿਚ ਬਾਰ ਐਸੋਸੀਏਸਨਜ ਹਨ ਉਨ੍ਹਾਂ ਨੂੰ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੀਆ ਬਾਰਾਂ ਵਿਚ ਇਸ ਵਿਸੇ ਉਤੇ ਸੈਮੀਨਾਰ ਕਰਵਾਉਣ ਅਤੇ ਹਕੂਮਤੀ ਜ਼ਬਰ ਨੂੰ ਰੋਕਣ ਲਈ ਉਹ ਵੀ ਆਪਣਾ ਇਖਲਾਕੀ ਤੇ ਸਮਾਜਿਕ ਯੋਗਦਾਨ ਪਾਉਣ ਦੀ ਜਿੰਮੇਵਾਰੀ ਨਿਭਾਉਣ।
Comments (0)