ਭਾਈ ਅੰਮਿ੍ਤਪਾਲ ਸਿੰਘ ਤੇ ਭਾਈ ਖ਼ਾਲਸਾ ਦੀ ਜਿੱਤ ਨੇ ਪੰਜਾਬ ਵਿਚ ਪੰਥਕ ਸਿਆਸਤ ਦੀ ਪੁਨਰ ਸਿਰਜਣਾ ਦੀ ਨੀਂਹ ਰੱਖੀ
*ਅਕਾਲੀ ਦਲ ਤੇ ਪੰਥਕ ਧੜਿਆਂ ਦੀ ਏਕਤਾ ਦੀ ਲੋੜ
*ਕੀ ਸੁਖਬੀਰ ਬਾਦਲ ਕਰਨਗੇ ਪਹਿਲ ਕਦਮੀ
ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਸਾਹਮਣੇ ਆਏ ਨਤੀਜਿਆਂ ਖ਼ਾਸਕਰ ਖਡੂਰ ਸਾਹਿਬ ਅਤੇ ਫ਼ਰੀਦਕੋਟ ਹਲਕੇ ਨੇ ਪੰਜਾਬ ਦੀ ਸਿਆਸਤ ਦਾ ਨਜ਼ਰੀਆ ਮੁੜ ਬਦਲ ਦਿੱਤਾ ਹੈ । ਇਨ੍ਹਾਂ ਹਲਕਿਆਂ ਤੋਂ ਆਜ਼ਾਦ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਹੋਈ ਜਿੱਤ ਨਾਲ ਪੰਜਾਬ ਵਿਚ ਪੰਥਕ ਸਿਆਸਤ ਦੀ ਪੁਨਰ -ਸੁਰਜੀਤੀ ਦੀ ਨੀਂਹ ਰੱਖੀ ਗਈ ਹੈ ਤੇ ਲੋਕ ਸਭਾ ਚੋਣਾਂ ਬਾਅਦ ਪੰਜਾਬ ਵਿਚ ਖਾਲੀ ਹੋਈਆਂ ਪੰਜ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉੱਪ-ਚੋਣਾਂ ਲਈ ਪੰਥਕ ਧਿਰਾਂ ਨੇ ਹੁਣ ਤੋਂ ਵਿਉਂਤਬੰਦੀ ਵਿੱਢ ਦਿੱਤੀ ਹੈ ।ਜੇਕਰ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਨੂੰ ਪੰਥਕ ਸਿਆਸਤ ਵੱਲ ਮੁੱਖ ਤੌਰ 'ਤੇ ਮੋੜਾ ਦੇਣ ਵਾਲੇ ਦੋ ਆਜ਼ਾਦ ਸਿੱਖ ਉਮੀਦਵਾਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਝੰਡੇ ਹੇਠਾਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਵੋਟ ਬੈਂਕ 'ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਆਦਾਤਰ ਸਿੱਖ ਵੋਟਾਂ ਦੀ ਹੀ ਵੰਡ ਹੋਈ ਹੈ, ਜਿਸ ਕਾਰਨ ਖੇਤਰੀ ਪਾਰਟੀ ਦੀ ਹਾਲਤ ਪਾਣੀ ਤੋਂ ਪਤਲੀ ਹੋਈ ਹੈ ।20-22 ਕੁ ਸਾਲ ਪਿੱਛੇ ਨਜ਼ਰ ਮਾਰੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਭੇ ਕੀਤੇ ਜਾਣ ਬਾਅਦ ਗੁਰਚਰਨ ਸਿੰਘ ਟੌਹੜਾ ਨੇ 30 ਮਈ 1999 ਨੂੰ 'ਸਰਬਹਿੰਦ ਸ਼੍ਰੋਮਣੀ ਅਕਾਲੀ ਦਲ' ਦਾ ਗਠਨ ਕੀਤਾ ਸੀ ਤੇ ਪੰਥਕ ਧਿਰਾਂ ਨਾਲ ਮਿਲ ਕੇ 1999 ਦੀਆਂ ਲੋਕ ਸਭਾ ਚੋਣਾਂ ਲੜਦਿਆਂ 4.15 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ, ਜਿਸ ਕਾਰਨ ਅਕਾਲੀ ਦਲ ਨੂੰ ਜਿੱਤ ਨਸੀਬ ਨਹੀਂ ਹੋਈ, ਫੇਰ ਉਨ੍ਹਾਂ ਸਿਮਰਨਜੀਤ ਸਿੰਘ ਮਾਨ ਤੇ ਹੋਰਨਾਂ ਸਿੱਖ ਧਿਰਾਂ ਨਾਲ ਮਿਲ ਕੇ 'ਪੰਥਕ ਮੋਰਚਾ' ਦੇ ਝੰਡੇ ਹੇਠਾਂ 2002 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਸਿੱਖ ਵੋਟ ਵੰਡੀ ਜਾਣ ਕਰਕੇ ਅਕਾਲੀ ਦਲ ਦੇ ਹੱਥੋਂ ਸੂਬੇ ਦੀ ਸੱਤਾ ਖੁੰਝ ਗਈ । ਇੱਥੇ ਇਹ ਵੀ ਜ਼ਿਕਰ ਕਰਨਾ ਕੁੱਥਾ ਨਹੀਂ ਹੋਵੇਗਾ ਕਿ ਸੂਬੇ ਦੀ ਸਿਆਸਤ 'ਚ ਆਏ ਪੰਥਕ ਮੋੜ ਕਾਰਨ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਮੁੜ 'ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ' ਵਰਗਾ ਕੋਈ 'ਪੰਥਕ ਮੋਰਚਾ' ਹੋਂਦ ਵਿਚ ਆ ਸਕਦਾ, ਜੋ ਪੰਜਾਬ ਦੀ ਖੇਤਰੀ ਤੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਹੋਰ ਦੂਰ ਧੱਕ ਸਕਦਾ ।ਹੁਣ ਸਿਆਸੀ ਸਫ਼ਾਂ 'ਚ ਇੱਕੋ ਸਵਾਲ ਗੂੰਜ ਰਿਹਾ, ਕਿ ਸੂਬੇ ਦੀ ਖੇਤਰੀ ਤੇ ਪੰਥਕ ਪਾਰਟੀ ਦੀ ਮੁੜ ਸੁਰਜੀਤੀ ਲਈ ਸੁਖਬੀਰ ਸਿੰਘ ਬਾਦਲ ਪੰਥ ਤੇ ਪੰਜਾਬ ਦੇ ਖੁਦਮੁਖਤਿਆਰੀ ਏਜੰਡੇ ਤੇ 'ਪੰਥਕ ਏਕਤਾ' ਦਾ 'ਮੁੱਢ' ਬੰਨ੍ਹਣ ਲਈ ਪਹਿਲਕਦਮੀ ਕਰਨਗੇ ਜਾਂ ਨਹੀਂ ।
Comments (0)