ਸਾਨੂੰ 93 ਵੋਟਾਂ ਪਈਆਂ-ਭਗਵੰਤ ਮਾਨ

ਸਾਨੂੰ 93 ਵੋਟਾਂ ਪਈਆਂ-ਭਗਵੰਤ ਮਾਨ

ਵੋਟਿੰਗ ਲਈ ਅਕਾਲੀ ਅਤੇ ਬਸਪਾ ਵਿਧਾਇਕ ਦਾ ਕੀਤਾ ਧੰਨਵਾਦ

ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਡਾ: ਨਛੱਤਰਪਾਲ ਨੇ ਆਪ ਦੇ ਝੂਠ ਦਾ ਕੀਤਾ ਪਰਦਾਫਾਸ਼ , ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਮਤੇ ਨੂੰ ਸਮਰਥਨ ਨਹੀਂ ਦਿੱਤਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਵਿਧਾਨ ਸਭਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਸ਼ ਮੰਤਰੀ ਮੰਡਲ ਵਿਚ ਵਿਸ਼ਵਾਸ ਮਤੇ ਨੂੰ ਪਾਸ ਕਰ ਦਿੱਤਾ ਗਿਆ। ਸਪੀਕਰ ਵਲੋਂ ਸਦਨ ਵਿਚ ਹਾਲਾਂਕਿ ਮਤੇ ਦੇ ਸਮਰਥਨ ਵਿਚ 93 ਵੋਟਾਂ ਦਾ ਐਲਾਨ ਕੀਤਾ ਗਿਆ, ਪਰ ਆਮ ਆਦਮੀ ਪਾਰਟੀ ਦੇ 91 ਵਿਧਾਇਕਾਂ ਤੋਂ ਇਲਾਵਾ ਉਸ ਸਮੇਂ ਸਦਨ ਵਿਚ ਹਾਜ਼ਰ ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਡਾ: ਨਛੱਤਰਪਾਲ ਨੇ ਇਸ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਮਤੇ ਨੂੰ ਸਮਰਥਨ ਨਹੀਂ ਦਿੱਤਾ। ਮੁੱਖ ਮੰਤਰੀ ਨੇ ਵਿਸ਼ਵਾਸ ਮਤੇ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਮੁੱਦਿਆਂ 'ਤੇ ਅਸੀਂ ਜਵਾਬਦੇਹ ਹਾਂ, ਪ੍ਰੰਤੂ ਫੌਜਾ ਸਿੰਘ ਸਰਾਰੀ, ਜਿਸ ਸੰਬੰਧੀ ਵਿਰੋਧੀ ਧਿਰ ਲਗਾਤਾਰ ਮੁੱਖ ਮੰਤਰੀ ਤੋਂ ਜਵਾਬ ਮੰਗਦੀ ਰਹੀ, ਦੇ ਸੰਬੰਧ 'ਵਿਚ ਮੁੱਖ ਮੰਤਰੀ ਦੀ ਚੁੱਪੀ ਬਰਕਰਾਰ ਰਹੀ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ  ਕਾਂਗਰਸ, ਜੋ ਖ਼ੁਦ ਭਾਜਪਾ ਦੇ ਆਪ੍ਰੇਸ਼ਨ ਲੋਟਸ ਤੋਂ ਪੀੜਤ ਹੈ, ਫਿਰ ਵੀ ਅਜਿਹੀਆਂ ਸਾਜਿਸ਼ਾਂ ਦਾ ਸਮਰਥਨ ਕਰ ਰਹੀ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਨ 'ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਬਾਜਵਾ ਦੀ ਥਾਂ ਪਹਿਲਾਂ ਭਾਜਪਾ ਕਿਹਾ ਤੇ ਫਿਰ ਨੌਟੰਕੀ ਵਾਲੇ ਅੰਦਾਜ਼ ਵਿਚ ਆਪਣੇ ਮੈਂਬਰ ਵੱਲ ਵੇਖ ਕੇ ਕਿਹਾ ਕਿ ਮੁਆਫ਼ ਕਰਨਾ, ਮੈਂ ਬਾਜਵਾ ਕਹਿਣਾ ਸੀ। ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁਖੀ ਨਾ ਮੰਤਰੀ ਤੇ ਨਾ ਪ੍ਰਧਾਨ ਬਣਨ ਲਈ ਤਿਆਰ ਹੋਇਆ ਤੇ ਸਿੱਧਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਜੋ ਉਸ ਨੂੰ ਲੋਕ ਬਣਾ ਨਹੀਂ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦੀ ਗਾਰੰਟੀ ਲੈਂਦੇ ਹਨ ਕਿ ਕਿਸੇ 'ਤੇ ਕੋਈ ਦਾਗ਼ ਨਹੀਂ ਹੈ।  ਮਤੇ 'ਤੇ ਬੋਲਦਿਆਂ ਮੁੱਖ ਮੰਤਰੀ ਕਿਹਾ ਕਿ ਪੰਜਾਬ 'ਚ ਜ਼ੀਰੋ ਬਿੱਲ ਵਾਲੇ ਬਿਜਲੀ ਖਪਤਕਾਰਾਂ ਦੀ ਗਿਣਤੀ 50 ਲੱਖ 'ਤੇ ਪੁੱਜ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਨੇ ਗੰਨੇ ਦੇ ਖ਼ਰੀਦ ਭਾਅ 'ਵਿਚ 20 ਰੁਪਏ ਦਾ ਵਾਧਾ ਕਰਦਿਆਂ ਖ਼ਰੀਦ ਮੁੱਲ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ 200 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਜੋ ਗੰਨਾ ਮਿੱਲ ਮਾਲਕ ਗੰਨੇ ਦੀ ਕੀਮਤ ਦੀ ਅਦਾਇਗੀ ਕੀਤੇ ਬਿਨਾਂ ਵਿਦੇਸ਼ ਭੱਜੇ ਹੋਏ ਹਨ, ਉਨ੍ਹਾਂ ਦੀਆਂ ਮਿੱਲਾਂ ਦੀ ਕੁਰਕੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਪੁਲਿਸ ਦੀ ਹਿਰਾਸਤ 'ਵਿਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਸੰਬੰਧੀ ਦਾਅਵਾ ਕੀਤਾ ਕਿ ਉਸ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਇਕ ਦਿਨ ਵਿਚ ਪੈਦਾ ਨਹੀਂ ਹੋਇਆ ਅਤੇ ਇਸ ਲਈ ਮਗਰਲੀਆਂ ਸਰਕਾਰਾਂ ਜ਼ਿੰਮੇਵਾਰ ਹਨ।  ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਨਾਲ ਸੰਬੰਧਿਤ 36 'ਚੋਂ 28 ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ ਤੇ 24 ਦੋਸ਼ੀਆਂ ਵਿਰੁੱਧ ਚਲਾਨ ਵੀ ਪੇਸ਼ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਮਤੇ 'ਤੇ ਬੋਲਦਿਆਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਰੋਸੇ ਦਾ ਮਤਾ ਲਿਆਉਣ ਦੀ ਤਾਂ ਕਿਸੇ ਵਲੋਂ ਮੰਗ ਹੀ ਨਹੀਂ ਸੀ ਤੇ ਨਾ ਹੀ ਇਸ ਦਾ ਕੋਈ ਜ਼ਿਕਰ ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ਦੌਰਾਨ ਹੋਇਆ। ਉਨ੍ਹਾਂ ਕਿਹਾ ਕਿ ਜੇ ਕਿਸੇ ਵਲੋਂ ਪੈਸੇ ਦੇਣ ਦੀ ਪੇਸ਼ਕਸ਼ ਹੋਈ ਹੈ ਤਾਂ ਉਸ ਦਾ ਸਬੂਤ ਲੋਕਾਂ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਿਜੀਲੈਂਸ ਕੋਲ 20-22 ਪਹਿਲਾਂ ਕੇਸ ਦਰਜ ਕਰਵਾਇਆ ਗਿਆ ਸੀ ਪਰ ਅੱਜ ਤੱਕ ਉਸ 'ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਲਈ ਇਸ ਨੂੰ ਮੁੱਦਾ ਬਣਾਉਣ ਦਾ ਡਰਾਮਾ ਹੋ ਰਿਹਾ ਹੈ। ਉਨ੍ਹਾਂ ਸਦਨ 'ਵਿਚ ਸਪੱਸ਼ਟ ਕਿਹਾ ਕਿ ਉਹ ਮਤੇ ਦੇ ਵਿਰੋਧ ਵਿਚ ਹਨ ਅਤੇ ਇਸ ਦੀ ਕੋਈ ਲੋੜ ਨਹੀਂ ਸੀ। ਮਤੇ 'ਤੇ ਮੰਤਰੀ ਅਨਮੋਲ ਗਗਨ ਮਾਨ, ਬਲਜਿੰਦਰ ਕੌਰ, ਜਸਵੰਤ ਸਿੰਘ ਗੱਜਣਮਾਜਰਾ, ਦਿਨੇਸ਼ ਚੱਢਾ, ਸ਼ੀਤਲ ਅੰਗੁਰਾਲ, ਅਜੀਤਪਾਲ ਸਿੰਘ ਕੋਹਲੀ, ਅੰਮ੍ਰਿਤਪਾਲ ਸਿੰਘ, ਬੁੱਧ ਰਾਮ, ਅਮੋਲਕ ਸਿੰਘ, ਗੁਰਦੇਵ ਸਿੰਘ ਅਤੇ ਬਸਪਾ ਦੇ ਡਾ: ਨਛੱਤਰਪਾਲ ਨੇ ਵੀ ਵਿਚਾਰ ਰੱਖੇ।

ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ 'ਵਿਚ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਆਮ ਲੋਕ ਵੱਡੇ ਡਰ ਤੇ ਸਹਿਮ ਵਿਚ ਹਨ। ਸੂਬੇ ਨੂੰ ਇਕ ਤਰ੍ਹਾਂ ਨਾਲ ਗੈਂਗਸਟਰਾਂ ਵਲੋਂ ਚਲਾਇਆ ਜਾ ਰਿਹਾ ਹੈ। ਉਹ ਕਿਸੇ ਨੂੰ ਵੀ ਮਾਰ ਰਹੇ ਹਨ, ਕਿਸੇ ਤੋਂ ਵੀ ਫਿਰੌਤੀ ਲੈ ਸਕਦੇ ਹਨ ਤੇ ਦੀਪਕ ਟੀਨੂੰ ਜਿਸ ਵਿਰੁੱਧ 34 ਕੇਸ ਹਨ, ਉਸ ਨੂੰ ਪੁਲਿਸ ਵਲੋਂ ਭਜਾ ਦਿੱਤਾ ਗਿਆ, ਜੋ ਕਿ ਮੂਸੇਵਾਲਾ ਕੇਸ ਵਿਚ ਅਹਿਮ ਕੜੀ ਸੀ। ਉਨ੍ਹਾਂ ਕਿਹਾ ਕਿ ਮਾਨਸਾ ਸੀ.ਆਈ.ਏ. ਸਟਾਫ਼ ਦਾ ਮੁਖੀ ਇਕ ਏ.ਐਸ.ਆਈ. ਓ.ਆਰ. ਰੈਂਕ ਦੇ ਇੰਸਪੈਕਟਰ ਬਣਾ ਕੇ ਲਗਾਇਆ ਹੋਇਆ ਸੀ, ਜਿਸ ਵਲੋਂ 'ਏ' ਸ਼੍ਰੇਣੀ ਦੇ ਗੈਂਗਸਟਰ ਨੂੰ ਭਜਾਇਆ ਗਿਆ। ਉਨ੍ਹਾਂ ਕਿਹਾ ਕਿ ਇਕ ਹੋਰ ਗੈਂਗਸਟਰ ਅਮਰੀਕ ਸਿੰਘ ਨੂੰ ਜੇਲ੍ਹ ਸੁਪਰਡੈਂਟ ਪਟਿਆਲਾ ਦੀ ਸੂਚਨਾ ਤੋਂ ਬਿਨਾਂ ਜੇਲ੍ਹ ਤੋਂ ਕੱਢ ਕੇ ਭਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਲਾਤ ਦੇ ਮੁੱਖ ਮੰਤਰੀ ਤੇ ਡੀ.ਜੀ.ਪੀ. ਖ਼ੁਦ ਜ਼ਿੰਮੇਵਾਰ ਹਨ, ਪਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਸਮੇਤ ਦੂਜੇ ਮੈਂਬਰਾਂ ਨੂੰ ਸਿਫ਼ਰ ਕਾਲ 'ਵਿਚ ਸਪੀਕਰ ਵਲੋਂ ਮੁੱਦਾ ਉਠਾਉਣ ਲਈ ਸਮਾਂ ਨਾ ਮਿਲਣ ਕਾਰਨ ਕਾਂਗਰਸ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ ਤੇ ਕੁਝ ਸਮੇਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ। ਦਿਲਚਸਪ ਗੱਲ ਇਹ ਸੀ ਕਿ ਇਸ ਤੋਂ ਪਹਿਲਾਂ ਵੀ ਬਾਜਵਾ ਨੇ ਸਿਫ਼ਰ ਕਾਲ ਸਮਾਗਮ ਦੇ ਅਖ਼ੀਰ 'ਵਿਚ ਰੱਖਣ ਦੀ ਥਾਂ ਵਿਸ਼ਵਾਸ ਮਤੇ ਤੋਂ ਪਹਿਲਾਂ ਰੱਖਣ ਦੀ ਮੰਗ ਉਠਾਈ ਤਾਂ ਸਪੀਕਰ ਸਦਨ 15 ਮਿੰਟਾਂ ਲਈ ਮੁਅੱਤਲ ਕਰਕੇ ਚਲੇ ਗਏ।

ਹਲਵਾਰਾ ਹਵਾਈ ਅੱਡੇ ਦਾ ਨਾਂਅ ਸਰਾਭਾ ਦੇ ਨਾਂਅ 'ਤੇ ਰੱਖਣ ਦੀ ਕਰਾਂਗੇ ਮੰਗ

ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 16 ਨਵੰਬਰ ਨੂੰ ਬਰਸੀ ਤੋਂ ਪਹਿਲਾਂ ਉਨ੍ਹਾਂ ਦੇ ਇਲਾਕੇ ਲਈ ਮੁੱਖ ਮਾਰਗ ਦੀ ਮੁਰੰਮਤ ਦੀ ਮੰਗ ਉਠਾਉਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੜਕ ਠੀਕ ਹੋ ਜਾਵੇਗੀ ਤੇ ਅਸੀਂ ਭਾਰਤ ਸਰਕਾਰ ਵਲੋਂ ਹਲਵਾਰਾ ਹਵਾਈ ਅੱਡੇ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਣ ਲਈ ਵੀ ਲਿਖ ਰਹੇ ਹਾਂ। ਸਦਨ ਦੀ ਬੈਠਕ ਉੱਠਣ ਤੋਂ ਪਹਿਲਾਂ ਇਸ ਮੌਕੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦਾ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਬੇਅਦਬੀ ਕਾਂਡ ਅਤੇ ਬਰਗਾੜੀ ਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਛੇਤੀ ਪੂਰੀ ਕਰਨ ਅਤੇ ਇਨਸਾਫ਼ ਦੇਣ ਦਾ ਵਾਅਦਾ ਵੀ ਦੁਹਰਾਇਆ।

ਕਾਰਵਾਈ ਵਾਹਿਗੁਰੂ ਜੀ ਕੀ ਫ਼ਤਹਿ ਨਾਲ ਖ਼ਤਮ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ  ਸਦਨ ਦੀ ਆਖ਼ਰੀ ਬੈਠਕ ਅਣਮਿੱਥੇ ਸਮੇਂ ਲਈ ਉਠਾ ਦਿੱਤੇ ਜਾਣ ਦਾ ਐਲਾਨ ਕਰਨ ਤੋਂ ਬਾਅਦ ਕਾਰਵਾਈ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਨਾਲ ਖ਼ਤਮ ਕੀਤੀ।

ਪੰਜਾਬ ਵਿਧਾਨ ਸਭਾ ਅੰਦਰ ਸਰਕਾਰ ਵਲੋਂ ਭਰੋਸਗੀ ਮਤਾ ਪੇਸ਼ ਕਰਨ ਮਗਰੋਂ ਅਕਾਲੀ ਦਲ ਤੇ ਬਸਪਾ ਦੀ ਵੋਟ 'ਤੇ ਵਿਵਾਦ ਛਿੜਨ ਮਗਰੋਂ, ਦੋਵੇਂ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਗਈ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਵਿਧਾਇਕ ਡਾ: ਨਛੱਤਰਪਾਲ ਵਲੋਂ ਸਪੀਕਰ ਨੂੰ ਮਿਲ ਕੇ ਆਪਣਾ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਲਿਖਤੀ ਤੌਰ 'ਤੇ ਸਪੀਕਰ ਕੋਲ ਆਪਣਾ ਇਤਰਾਜ਼ ਦਰਜ ਕਰਾਇਆ। ਬਾਹਰ ਆ ਕੇ ਦੋਵੇਂ ਵਿਧਾਇਕਾਂ ਨੇ ਕਿਹਾ ਕਿ ਅਸੀਂ ਸਪੀਕਰ ਕੋਲ ਆਪਣਾ ਇਤਰਾਜ਼ ਦਰਜ ਕਰਵਾ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨੂੰ ਰਿਕਾਰਡ ਵਿਚ ਦਰੁਸਤ ਕੀਤਾ ਜਾਵੇ। ਦੋਵਾਂ ਵਿਧਾਇਕਾਂ ਨੇ ਸਪੀਕਰ ਨੂੰ ਕਿਹਾ ਕਿ ਕਿਸੇ ਗ਼ਲਤਫ਼ਹਿਮੀ ਦੇ ਚਲਦਿਆਂ ਉਨ੍ਹਾਂ ਦੀ ਵੋਟ ਨੂੰ ਸਰਕਾਰ ਦੇ ਮਤੇ ਦੇ ਹੱਕ 'ਵਿਚ ਗਿਣ ਲਿਆ ਗਿਆ, ਜਿਸ ਨੂੰ ਤੁਰੰਤ ਰਿਕਾਰਡ ਵਿਚ ਦਰੁਸਤ ਕਰ ਲਿਆ ਜਾਵੇ। ਡਾ: ਨਛੱਤਰਪਾਲ ਨੇ ਕਿਹਾ ਕਿ ਸਦਨ ਦੇ ਅੰਦਰ ਸਾਰੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਜਾਣੀ ਚਾਹੀਦੀ ਸੀ। ਇਨ੍ਹਾਂ ਵਿਧਾਇਕਾਂ ਨੇ ਪੁੱਛੇ ਜਾਣ 'ਤੇ ਕਿਹਾ ਕਿ ਇਸ ਵਿਚ ਸ਼ਰਾਰਤ ਵੀ ਲਗਦੀ ਹੈ ਤੇ ਭੁਲੇਖਾ ਵੀ ਹੋ ਸਕਦਾ ਹੈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ 'ਆਪ' ਕੋਲ 92 ਵਿਧਾਇਕ ਹਨ, ਛੇ ਮਹੀਨੇ ਹੋਏ ਹਨ ਕਿਸੇ ਨੇ ਚੈਲੰਜ ਨਹੀਂ ਕੀਤਾ, ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ।