ਸਿਆਸੀ ਪਾਰਟੀਆਂ ਜਨਤਾ ਨੂੰ ਦੱਸਣ ਕਿ ਮੁਫ਼ਤ ਯੋਜਨਾਵਾਂ ਦੀ ਫੰਡਿੰਗ ਕਿਥੋਂ ਹੋਏਗੀ

ਸਿਆਸੀ ਪਾਰਟੀਆਂ ਜਨਤਾ ਨੂੰ ਦੱਸਣ ਕਿ ਮੁਫ਼ਤ ਯੋਜਨਾਵਾਂ ਦੀ ਫੰਡਿੰਗ ਕਿਥੋਂ ਹੋਏਗੀ

ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ 19 ਅਕਤੂਬਰ ਤੱਕ ਜਵਾਬ ਦੇਣ ਲਈ ਕਿਹਾ       

ਅੰਮ੍ਰਿਤਸਰ ਟਾਈਮਜ਼

 ਨਵੀਂ ਦਿੱਲੀ-ਸਿਆਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਚੋਣ ਵਾਅਦਿਆਂ 'ਵਿਚ ਮੁਫ਼ਤ ਸਕੀਮਾਂ ਨੂੰ ਲੈ ਕੇ ਛਿੜੀ ਚਰਚਾ ਦਰਮਿਆਨ ਚੋਣ ਕਮਿਸ਼ਨ ਨੇ ਪਾਰਟੀਆਂ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਵਿਚ ਕਮਿਸ਼ਨ ਨੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ 'ਵਿਚ ਵੋਟਰਾਂ ਨਾਲ ਕੀਤੇ ਜਾਣ ਵਾਲੇ ਵਾਅਦਿਆਂ ਦੇ ਨਾਲ ਇਹ ਵੀ ਦੱਸਣ ਕਿ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਫੰਡ ਕਿਥੋਂ ਆਉਣਗੇ ।ਚੋਣ ਕਮਿਸ਼ਨ ਵਲੋਂ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੂੰ ਲਿਖੀ ਚਿੱਠੀ 'ਵਿਚ ਕਿਹਾ ਗਿਆ ਹੈ ਕਿ ਜੇਕਰ ਸਿਆਸੀ ਪਾਰਟੀਆਂ ਸਿਰਫ਼ ਖੋਖਲੇ ਵਾਅਦੇ ਕਰ ਰਹੀਆਂ ਹਨ ਤਾਂ ਇਸ ਦੇ ਬੜੇ ਦੂਰਗਾਮੀ ਨਤੀਜੇ ਹੋਣਗੇ ।

ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਦੇ ਇਕ ਨਿਸਚਿਤ ਫਾਰਮੈਟ 'ਵਿਚ ਵੋਟਰਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੋ ਵਾਅਦੇ ਕੀਤੇ ਜਾ ਰਹੇ ਹਨ, ਉਹ ਕਿੰਨੇ ਸਹੀ ਹਨ । ਨਾਲ ਹੀ ਇਹ ਵੀ ਦੱਸਣ ਕਿ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਰਾਜ ਜਾਂ ਕੇਂਦਰ ਸਰਕਾਰ ਕੋਲ ਕੀ ਵਿੱਤੀ ਅਸਾਸੇ ਹਨ ।ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ 19 ਅਕਤੂਬਰ ਤੱਕ ਇਨ੍ਹਾਂ ਪ੍ਰਸਤਾਵਿਤ ਬਦਲਾਵਾਂ 'ਤੇ ਜਵਾਬ ਦੇਣ ਲਈ ਕਿਹਾ ਹੈ । ਕਮਿਸ਼ਨ ਨੇ ਕਿਹਾ ਕਿ ਉਹ ਚੋਣ ਵਾਅਦਿਆਂ 'ਤੇ ਪੂਰੀ ਜਾਣਕਾਰੀ ਨਾ ਦੇਣ ਅਤੇ ਉਸ ਦੀ ਵਿੱਤੀ ਸਥਿਰਤਾ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਅਣਗੌਲ ਨਹੀਂ ਸਕਦੇ।