36 ਸਾਲਾਂ ਬਾਅਦ ਵੀ ਮਾਪਿਆ ਨੂੰ ਇਨਸਾਫ਼ ਨਾ ਮਿਲਿਆ

36 ਸਾਲਾਂ ਬਾਅਦ ਵੀ ਮਾਪਿਆ ਨੂੰ ਇਨਸਾਫ਼ ਨਾ ਮਿਲਿਆ

ਮਾਮਲਾ ਨਕੋਦਰ ਬੇਅਦਬੀ ਕਾਂਡ ਦਾ             

ਅੰਮ੍ਰਿਤਸਰ ਟਾਈਮਜ਼

ਜਲੰਧਰ: ਨਕੋਦਰ ਬੇਅਦਬੀ ਕਾਂਡ ਨੂੰ 36 ਸਾਲ ਬੀਤ ਗਏ ਹਨ ਪਰ ਅੱਜ ਵੀ ਪੀੜਤ ਮਾਪੇ ਇਨਸਾਫ਼ ਮਿਲਣ ਦੀ ਉਡੀਕ ਕਰ ਰਹੇ ਹਨ। ਇਸ ਘਟਨਾ ਦੌਰਾਨ ਚਾਰ ਸਿੱਖ ਨੌਜਵਾਨ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ। ਇਨ੍ਹਾਂ ਚਾਰ ਸਿੱਖ ਨੌਜਵਾਨਾਂ ਵਿੱਚੋਂ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਕਿ ਕੈਪਟਨ ਨੇ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਨਕੋਦਰ ਬੇਅਦਬੀ ਕਾਂਡ ਦੀ ਜਾਂਚ ਮੁੜ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਇਸ ’ਤੇ ਅਮਲ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ 2 ਫਰਵਰੀ 1986 ਨੂੰ ਨਕੋਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੇ ਵੇਲੇ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸ਼ਰਾਰਤੀ ਅਨਸਰਾਂ ਨੇ ਸਾੜ ਦਿੱਤੀਆਂ ਸਨ। ਉਦੋਂ 4 ਫਰਵਰੀ 1986 ਨੂੰ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਗਟਾ ਰਹੀ ਸੰਗਤ ’ਤੇ ਪੰਜਾਬ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਹਰਮਿੰਦਰ ਸਿੰਘ ਚਲੂਪਰ ਤੇ ਭਾਈ ਝਿਲਮਣ ਸਿੰਘ ਗੌਰਸੀਆਂ ਸ਼ਹੀਦ ਹੋੲ ਸਨ। ਪੁਲੀਸ ਨੇ ਉਦੋਂ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਮਾਪਿਆਂ ਨੂੰ ਸੌਂਪਣ ਦੀ ਥਾਂ ਅਣਪਛਾਤੀਆਂ ਦੱਸ ਕੇ ਸਾੜ ਦਿੱਤੀਆਂ ਸਨ, ਜਦਕਿ ਪੋਸਟ ਮਾਰਟਮ ਦੀਆਂ ਰਿਪੋਰਟਾਂ ਵਿਚ ਇਨ੍ਹਾਂ ਨੌਜਵਾਨਾਂ ਦੀ ਸਪੱਸ਼ਟ ਪਛਾਣ ਹੋ ਗਈ ਸੀ ਤੇ ਬਲਦੇਵ ਸਿੰਘ ਆਪਣੇ ਪੁੱਤਰ ਦੀ ਲਾਸ਼ ਲੈਣ ਲਈ ਹਾੜੇ ਕੱਢਦਾ ਰਿਹਾ ਸੀ ਬਲਦੇਵ ਸਿੰਘ ਨੇ ਦੱਸਿਆ ਕਿ ਸਿੱਖ ਪੰਥ ਨੇ ਇਸ ਮੁੱਦੇ ਨੂੰ ਕੇਂਦਰ ਬਿੰਦੂ ’ਤੇ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਦੇ ਮੈਨਟੀਕਾ ਸ਼ਹਿਰ ਤੇ ਸੈਂਟਾ ਕਲਾਰਾ ਕੌਂਟੀ ਦੇ ਪੰਜ ਜ਼ਿਲ੍ਹਿਆਂ ਦੇ ਸੁਪਰਵਾਈਜ਼ਰਾਂ ਨੇ 4 ਫਰਵਰੀ 2020 ਨੂੰ ਸਾਕਾ ਨਕੋਦਰ ਵਜੋਂ ਮਾਨਤਾ ਦਿੱਤੀ ਹੈ। ਇਸ ਦੌਰਾਨ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਛੋਟੇ ਭਰਾ ਡਾ. ਹਰਿੰਦਰ ਸਿੰਘ ਨੂੰ ਸਿਟੀ ਕੌਂਸਲ ਦੀ ਮੀਟਿੰਗ ਵਿਚ ਸਾਕਾ ਨਕੋਦਰ ਨੂੰ ਮਾਨਤਾ ਦੇਣ ਵਾਲਾ ਪ੍ਰਮਾਣ ਪੱਤਰ ਸੌਂਪਿਆ ਗਿਆ। ਪੀੜਤ ਪਰਿਵਾਰ ਵਿੱਚੋਂ ਬੀਬੀ ਬਲਦੀਪ ਕੌਰ ਤੇ ਬਲਦੇਵ ਸਿੰਘ ਨੇ ਦੱਸਿਆ ਕਿ 1986 ਤੋਂ ਬਾਅਦ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਪਰ ਉਨ੍ਹਾਂ ਇਨਸਾਫ਼ ਨਹੀਂ ਕੀਤਾ।                                                ਇਥੇ ਜਿਕਰਯੋਗ ਹੈ ਕਿ  ਜਸਟਿਸ ਗੁਰਨਾਮ ਸਿੰਘ ਉਸ ਵੇਲੇ ਇਸ ਰਿਪੋਰਟ ਦੇ ਨਾਲ-ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਹੋਈ ਮੌਤ ਬਾਰੇ ਵੀ ਜਾਂਚ ਕਰ ਰਹੇ ਸਨ। ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਦੇ ਸਫਾ ਨੰਬਰ 49 ‘ਤੇ ਲਿਖਿਆ ਹੈ ਕਿ ਪੁਲਿਸ ਦੇ ਗੋਲੀਆਂ ਚਲਾਉਣ ਤੋਂ ਬਾਅਦ ਵੀ ਪੁਲਿਸ ਅਧਿਕਾਰੀ ਏਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ। ਜਦਕਿ ਉਸ ਵੇਲੇ ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਕੋਲੋਂ ਇਕ ਕਿਲੋਮੀਟਰ ਹੀ ਦੂਰ ਸਨ। ਹਾਲਾਤ ਇਹ ਦਰਸਾਉਂਦੇ ਹਨ ਕਿ ਭੀੜ ਹਿੰਸਕ ਨਹੀਂ ਸੀ।ਭੀੜ ਵਿਚ ਸ਼ਾਮਲ ਲੋਕਾਂ ਦਾ ਮੰਤਵ ਗੁਰਦੁਆਰੇ ਜਾਣਾ ਸੀ ਕਿਉਂ ਜੋ ਉਨ੍ਹਾਂ ਨੇ ਪਵਿੱਤਰ ਬੀੜਾਂ ਦਾ ਸਾੜਿਆ ਜਾਣਾ ਧਾਰਮਿਕ ਬੇਅਦਬੀ ਦੀ ਕਾਰਵਾਈ ਸਮਝਿਆ ਸੀ। ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਵਿਚ ਪੁਲਿਸ ਵੱਲੋਂ ਕੀਤੇ ਇਸ ਦਾਅਵੇ ਨੂੰ ਵੀ ਝੁਠਲਾਇਆ ਹੈ ਕਿ ਭੀੜ ਕੋਲੋਂ ਦੋ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਸਨ। ਉਨ੍ਹਾਂ ਆਪਣੀ ਰਿਪੋਰਟ ‘ਚ ਸਵਾਲ ਖੜ੍ਹਾ ਕੀਤਾ ਕਿ ਜਿਸ ਇੰਸਪੈਕਟਰ ਜਸਵੰਤ ਸਿੰਘ ਦੇ ਗੋਲੀ ਲੱਗਣ ਦਾ ਦਾਅਵਾ ਕੀਤਾ ਗਿਆ ਸੀ, ਉਸ ਗੋਲੀ ਦੀ ਫੌਂਰੈਂਸਿਕ ਜਾਂਚ ਕਿਉਂ ਨਹੀਂ ਕਰਵਾਈ ਗਈ? ਸਿਰਫ ਇਹ ਕਹਿ ਦੇਣਾ ਕਿ ਜ਼ਖਮ ਵਿਚੋਂ ਛਰ੍ਹੇ ਵਰਗੀ ਚੀਜ਼ ਨਿਕਲੀ ਹੈ, ਹਨੇਰੇ ਵਿਚ ਰੱਖਣ ਵਾਲੀ ਗੱਲ ਹੈ ਤੇ ਸ਼ੱਕ ਪੈਦਾ ਕਰਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਸਨ, ਉਨ੍ਹਾਂ ਨੂੰ ਕੇਵਲ ਲਾਠੀਆਂ ਤੇ ਤਲਵਾਰਾਂ ਨਾਲ ਲੈਸ ਹੀ ਦੱਸਿਆ ਗਿਆ ਸੀ। ਇਹ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਭੀੜ ਵਾਲੇ ਵਿਅਕਤੀ ਭੱਜਦੇ ਸਮੇਂ ਘਟਨਾ ਵਾਲੇ ਥਾਂ ‘ਤੇ ਦੇਸੀ ਪਿਸਤੌਲ ਤੇ ਖਾਲੀ ਕਾਰਤੂਸ ਛੱਡ ਗਏ ਸਨ। ਜਿਹੜੇ ਹੋਰ ਪੁਲਿਸ ਵਾਲਿਆਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਸੀ, ਉਨ੍ਹਾਂ ਬਾਰੇ ਡਾਕਟਰ ਦੀ ਰਿਪੋਰਟ ਅਨੁਸਾਰ ਇਹ ਸੱਟ ਡਿੱਗਣ ਨਾਲ ਜਾਂ ਲਾਠੀ ਲੱਗਣ ਨਾਲ ਹੋ ਸਕਦੀ ਹੈ। ਇਹ ਵੀ ਕੋਈ ਗੰਭੀਰ ਸੱਟਾਂ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਖਮੀ ਪੁਲਿਸ ਅਧਿਕਾਰੀਆਂ ਦੀਆਂ ਚੋਟਾਂ ਲਾਠੀਆਂ ਨਾਲ ਲੱਗੀਆਂ ਨਹੀਂ ਹੋ ਸਕਦੀਆਂ ਕਿਉਂਕਿ ਜਦੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ ਤੇ ਹੋਰ ਅੱਥਰੂ ਗੈਸ ਗੋਲੇ ਸੁੱਟੇ ਸਨ ਤਾਂ ਭੀੜ ਅਤੇ ਸੁਰੱਖਿਆ ਬਲਾਂ ਵਿਚ ਫਾਸਲਾ 15 ਤੋਂ 20 ਗਜ਼ ਦਾ ਸੀ। ਰਿਪੋਰਟ ਵਿਚ ਪੁਲਿਸ ਦੇ ਇਸ ਦਾਅਵੇ ਨੂੰ ਵੀ ਝੁਠਲਾਇਆ ਗਿਆ ਹੈ ਕਿ ਭੀੜ ਕੋਲ ਇੱਟਾਂ-ਰੋੜੇ ਸਨ।