ਫਰਿਜਨੋ ਨੇੜੇ ਸੜਕ ਹਾਦਸੇ ਵਿਚ 5 ਮੌਤਾਂ 2 ਦੀ ਹਾਲਤ ਗੰਭੀਰ

ਫਰਿਜਨੋ ਨੇੜੇ ਸੜਕ ਹਾਦਸੇ ਵਿਚ 5 ਮੌਤਾਂ 2 ਦੀ ਹਾਲਤ ਗੰਭੀਰ

ਇਕ ਕਾਰ ਦੋ ਪੀਲੀਆਂ ਲਾਈਨਾਂ ਟੱਪ ਕੇ ਦੂਸਰੇ ਪਾਸੇ ਤੋਂ ਆ ਰਹੀ ਹਾਂਡਾ ਗੱਡੀ ਵਿਚ ਜਾ ਵੱਜੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਫਰਿਜਨੋ (ਕੈਲੀਫੋਰੀਨਆ) ਦੇ ਉੱਤਰ ਵਿਚ ਹੋਏ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਜਖਮੀ ਹੋ ਗਏ ਜਿਨਾਂ ਦੀ ਹਾਲਤ ਗੰਭੀਰ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਇਕ ਅਧਿਕਾਰੀ ਲੈਫਟੀਨੈਂਟ ਜੇ ਕੈਸਟੈਂਨੇਡਾ ਨੇ ਦੱਸਿਆ ਕਿ ਇਹ ਹਾਦਸਾ ਤੜਕਸਾਰ 4.30 ਵਜੇ ਉਸ ਵੇਲੇ ਵਾਪਰਿਆ ਜਦੋਂ ਮਿਲਰਟਨ ਰੋਡ ਉਪਰ ਇਕ ਹੁੰਡਾਈ ਅਸੈਂਟ ਗੱਡੀ ਦੋ ਪੀਲੀਆਂ ਲਾਈਨਾਂ ਪਾਰ ਕਰਕੇ ਦੂਸਰੇ ਪਾਸੇ ਤੋਂ ਆ ਰਹੀ ਹਾਂਡਾ ਅਕਾਰਡ ਨਾਲ ਟਕਰਾ ਗਈ। ਟੱਕਰ ਏਨੀ ਜਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਹੁੰਡਾਈ ਵਿਚ ਸਵਾਰ ਡਰਾਈਵਰ ਸਮੇਤ 4 ਜਣੇ ਤੇ ਹਾਂਡਾ ਵਿਚ ਸਵਾਰ ਇਕ ਵਿਅਕਤੀ ਮੌਕੇ ਉਪਰ ਹੀ ਦਮ ਤੋੜ ਗਏ। ਹਾਂਡਾ ਵਿਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਉਨਾਂ ਦੱਸਿਆ ਕਿ ਮਾਰੇ ਗਏ ਸਾਰੇ ਵਿਅਕਤੀਆਂ ਦੀ ਉਮਰ 30 ਤੋਂ 40 ਸਾਲ ਦੇ ਦਰਮਿਆਨ ਸੀ ਤੇ ਉਹ ਆਸ ਪਾਸ ਖੇਤਰ ਨਾਲ ਹੀ ਸਬੰਧਤ ਹਨ। ਅਜੇ ਤੱਕ ਮਾਰੇ ਗਏ ਵਿਅਕਤੀਆਂ ਦੀ ਸ਼ਨਾਖਤ ਨਹੀਂ ਹੋ ਸਕੀ।