ਸਿੱਖਾਂ ਪ੍ਰਤੀ ਭਾਰਤੀ ਹਕੂਮਤ ਦਾ ਤਲਖ਼ੀ ਰਵੱਈਆ  

ਸਿੱਖਾਂ ਪ੍ਰਤੀ ਭਾਰਤੀ ਹਕੂਮਤ ਦਾ ਤਲਖ਼ੀ ਰਵੱਈਆ  

  ਸਰਬਜੀਤ ਕੌਰ ਸਰਬ

ਸਿੱਖ ਕੌਮ ਦੀ ਸਭ ਤੋਂ ਵੱਡੀ ਖਾਸੀਅਤ  ਕੀ ਇਸ ਨੇ ਨਾ ਹੀ ਕਦੇ ਕਿਸੇ ਮਜ਼ਲੂਮ ਉਤੇ ਜ਼ੁਲਮ ਕੀਤਾ ਹੈ ਅਤੇ ਨਾ ਹੀ ਜ਼ੁਲਮ ਨੂੰ ਸਹਿਣ ਕੀਤਾ ਹੈ ਪਰ ਭਾਰਤੀ ਹਕੂਮਤ ਇਸ ਅਣਖੀਲੀ ਕੌਮ ਨਾਲ  ਸਮੇਂ ਸਮੇਂ ਉੱਤੇ ਬਿਗਾਨਿਆਂ ਵਾਲਾ ਵਿਵਹਾਰ ਕਰਦੀ ਰਹਿੰਦੀ ਹੈ। ਜਿਸ ਦੀਆਂ ਨਵੀਨਤਮ ਉਦਾਹਰਨਾਂ  ਜਗਮੀਤ ਸਿੰਘ ਅਤੇ ਜੱਗੀ ਜੌਹਲ ਵਰਕੇ ਅਨੇਕਾਂ ਅਜਿਹੇ ਨੌਜਵਾਨ ਹਨ  ਜਿਨ੍ਹਾਂ ਉੱਤੇ ਗ਼ਲਤ ਧਾਰਾਵਾਂ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ । ਅਣਖੀਲੇ ਗੱਭਰੂਆਂ ਦੇ ਮਾਪਿਆਂ ਨਾਲ ਵੀ ਦੁਰਵਿਵਹਾਰ ਕੀਤਾ ਜਾਂਦਾ ਹੈ ਅਜਿਹੇ ਹਾਲਾਤ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਧ ਰਹੇ ਹਨ । ਰਾਜ ਸਰਕਾਰਾਂ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈਆਂ ਹਨ । ਅਤਿ ਨੀਵੀਂ ਸੋਚ ਦੇ ਮਾਲਿਕ ਕੁਝ ਰਾਜਨੀਤਿਕ ਲੀਡਰ  ਆਪਣੀ ਧਾਕ ਜਮਾਉਣ ਦੇ ਲਈ ਇਨ੍ਹਾਂ  ਗੁਰਸਿੱਖ ਨੌਜਵਾਨਾਂ ਨੂੰ  ਨਿਸ਼ਾਨਾ ਬਣਾਉਂਦੇ ਹਨ ਅਤੇ ਜਦੋਂ ਉਨ੍ਹਾਂ ਦਾ ਮਕਸਦ ਪੂਰਾ ਹੋ ਜਾਂਦਾ ਹੈ ਤਾਂ ਉਨ੍ਹਾਂ ਨੌਜਵਾਨਾਂ ਦੇ ਹੱਥ ਹਥਿਆਰ ਦੇ ਕੇ  ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ । 

ਪੰਜਾਬ ਵਿੱਚ ਅਨੇਕਾਂ ਅਜਿਹੇ ਗੁਰਸਿੱਖ ਪਰਿਵਾਰ ਹਨ ਜਿਨ੍ਹਾਂ ਦੇ ਬੱਚਿਆਂ ਨੂੰ  ਗ਼ਲਤ ਧਾਰਾਵਾਂ ਲਾ ਕੇ ਪੁਲੀਸ ਵੱਲੋਂ ਜੇਲ੍ਹਾਂ ਦੀ ਚਾਰਦੀਵਾਰੀ ਵਿੱਚ ਬੰਦ ਕੀਤਾ ਜਾਂਦਾ ਹੈ ਤੇ  ਉਨ੍ਹਾਂ ਕੋਲੋਂ ਜ਼ੁਲਮ ਨੂੰ ਕਬੂਲਣ ਲਈ ਤਸ਼ੱਦਦ ਵੀ ਕੀਤਾ ਜਾਂਦਾ ਹੈ । ਇਹ ਹੀ ਅਸਲ ਕਾਰਨ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਬਣਾਉਣ ਦੇ ਲਈ  ਕੈਨੇਡਾ ਅਮਰੀਕਾ ਅਤੇ ਹੋਰ ਯੂਰਪ ਦੇਸ਼ਾਂ ਵਿਚ ਜਾ ਰਹੇ ਹਨ । ਪੰਜਾਬ ਲਗਾਤਾਰ ਨੌਜਵਾਨਾਂ ਤੋਂ ਸੱਖਣਾ ਹੋ ਰਿਹਾ ਹੈ । ਗੁਰਸਿੱਖ ਨੌਜਵਾਨ ਭਾਰਤ ਵਿੱਚ ਰਹਿ ਕੇ ਨਾ ਤਾਂ ਉਹ ਆਪਣੇ ਹੱਕ ਮੰਗ ਸਕਦੇ ਹਨ ਤੇ ਨਾ ਹੀ ਉਹ ਸੁਤੰਤਰਤਾ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਨ ।ਜੇਕਰ ਕੁਝ ਜੁਝਾਰੂ ਨੌਜਵਾਨ ਆਪਣਾ ਹੱਕ ਮੰਗਦੇ ਹਨ ਤਾਂ ਉਨ੍ਹਾਂ ਦੀ ਨਸਲਕੁਸ਼ੀ ਕਰ ਦਿੱਤੀ ਜਾਂਦੀ ਹੈ । 

ਪੰਜਾਬ ਵਿੱਚ ਕੁਝ ਅਜਿਹੀਆਂ ਧਿਰਾਂ ਮੌਜੂਦ ਹਨ ਜੋ ਅਲੱਗ ਦੇਸ਼ ਦੀ ਮੰਗ ਕਰ ਰਹੀਆਂ ਹਨ ਕਿਉਂ ਕੀ ਉਹ ਸਿੱਖ ਕੌਮ ਨੂੰ ਭਾਰਤੀ ਹਕੂਮਤ ਦੇ  ਰਾਜ ਵਿੱਚ  ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।  ਇੱਥੇ ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ । ਪੰਜਾਬ ਦੇ  ਜੁਝਾਰੂ ਗੁਰਸਿੱਖ ਨੌਜਵਾਨਾਂ ਉੱਤੇ  ਭਾਰਤੀ ਸਰਕਾਰਾਂ ਨੇ ਸਦਾ ਹੀ  ਤਸ਼ੱਦਦ ਕੀਤਾ ਹੈ ,1984 ਸਿੱਖ ਕਤਲੇਆਮ ਵਿੱਚ  ਜੋ ਤਸ਼ੱਦਦ ਭਾਰਤੀ ਹਕੂਮਤ ਨੇ ਸਿੱਖਾਂ ਉੱਤੇ ਕੀਤਾ  ਉਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਹੈ । ਸਿੱਖ ਕੌਮ ਲਈ ਸੰਘਰਸ਼ ਕਦੇ ਵੀ ਬੁੱਢਾ ਨਹੀਂ ਹੋਇਆ  ਇਹ  ਸੰਘਰਸ਼ ਸਦਾ ਜਵਾਨ ਰਹਿ ਕੇ  ਨੌਜੁਆਨਾਂ ਦੀਆਂ ਸ਼ਹਾਦਤਾਂ ਲੈਂਦਾ ਰਿਹਾ ਹੈ  । ਇਨ੍ਹਾਂ ਸੰਘਰਸ਼ਾਂ  ਵਿੱਚ ਅਨੇਕਾਂ ਜੁਝਾਰੂ ਗੁਰਸਿੱਖ ਨੌਜਵਾਨਾਂ ਨੇ ਆਪਣੀ ਜਵਾਨੀ ਨੂੰ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਅੰਦਰ  ਬਤੀਤ ਕੀਤਾ ਹੈ । ਜੁਝਾਰੂ ਗੁਰਸਿੱਖ ਨੌਜਵਾਨਾਂ ਦੀ ਜੋ ਸੋਚ ਸੀ ਉਹ ਆਮ ਵਿਅਕਤੀ ਤੋਂ ਕਿਤੇ ਭਿੰਨਤਾ ਰੱਖਦੀ ਹੈ  । ਰਣਜੀਤ ਸਿੰਘ ਕੂਕੀ ਜੀ  ਨੇ ਇਸ ਸੰਘਰਸ਼  ਪ੍ਰਤੀ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਆਖਿਆ ਹੈ ਕਿ *ਅੰਗਾਰੇ ਮਾਂਗਨੇਂ ਆਏ ਥੇ ਰੋਸ਼ਨੀ ਕੀ ਭੀਖ ਤੋ ਆਪਣਾ ਘਰ ਨਾ ਜਲਾਤੇ ਤੋ ਕਿਆ ਕਰਤੇ* ਰਣਜੀਤ ਸਿੰਘ ਕੁਕੀ ਇਕ ਅਜਿਹੀ ਜੁਝਾਰੂ  ਰੂਹ ਜਿਨ੍ਹਾਂ ਨੇ  ਆਪਣੇ ਜੀਵਨ ਵਿੱਚ ਸੰਘਰਸ਼ ਕੀਤਾ ਤੇ ਉਸ ਸੰਘਰਸ਼ ਦੇ ਦੌਰਾਨ ਉਨ੍ਹਾਂ ਨੇ ਆਪਣੀ ਜਵਾਨੀ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਅੰਦਰ ਬਤੀਤ ਕੀਤੀ । ਇਨ੍ਹਾਂ ਜੁਝਾਰੂ ਰੂਹਾਂ ਵਿੱਚ ਸਿੱਖ ਕੌਮ ਦਾ ਉਹ ਦਰਦ ਛੁਪਿਆ ਹੋਇਆ ਸੀ ਜੋ ਉਨ੍ਹਾਂ ਨੂੰ ਸਦੀਵੀ ਅੰਦਰੋਂ ਝੰਜੋੜ ਰਿਹਾ ਸੀ । ਅਜਿਹੀਆਂ ਅਨੇਕਾਂ ਜੁਝਾਰੂ ਰੂਹਾਂ ਜੋ  ਆਜ਼ਾਦ ਸੋਚ ਰੱਖਦੀਆਂ ਹਨ।  ਸਿੱਖ ਕੌਮ ਦੇ ਪ੍ਰਤੀ  ਭਾਰਤੀ ਹਕੂਮਤ ਦੁਆਰਾ ਅਪਣਾਇਆ ਜਾਂਦਾ ਗਲਤ ਰਵੱਈਆ  ਜੋ ਉਨ੍ਹਾਂ ਅੰਦਰ ਅਣਖ ਪੈਦਾ ਕਰਦਾ ਹੈ । ਭਾਰਤੀ ਸੁਪਰੀਮ ਕੋਰਟ ਦੇ ਅਨੁਸਾਰ ਹਰ ਇਕ ਇਨਸਾਨ ਨੂੰ ਆਪਣੇ ਹੱਕ ਮੰਗਣ ਦੀ ਅਤੇ  ਸੁਤੰਤਰ ਬੋਲਣ ਦੀ ਆਜ਼ਾਦੀ ਹੈ ਪਰ ਸਮੇਂ ਦੇ ਹਾਲਾਤ ਦੱਸ ਸਕਦੇ ਹਨ ਕੀ ਇਹ ਆਜ਼ਾਦੀ ਸਿੱਖਾਂ ਲਈ ਨਹੀਂ ਹੈ ।ਜੇਕਰ ਸਿੱਖ ਆਪਣਾ ਹੱਕ ਮੰਗਦੇ ਹਨ ਜਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਜਾਂਦਾ ਹੈ। 

ਅਜਿਹੇ ਸਮੇਂ ਦੌਰਾਨ  ਸਿੱਖ ਕੌਮ ਦੇ ਅੰਦਰ ਰੋਸ ਕਿਉਂ ਨਾ ਪ੍ਰਗਟ ਹੋਵੇ । ਪਿਛਲੇ ਦਿਨੀਂ  ਹਰਿਦੁਆਰ ਵਿੱਚ  ਹਿੰਦੂ  ਸੰਤ ਸਮਾਜ ਵੱਲੋਂ ਜੋ ਧਰਮ  ਸੰਵਾਦ ਰਚਾਇਆ ਗਿਆ ਸੀ ਉਸ ਸੰਵਾਦ ਵਿੱਚ ਸ਼ਰ੍ਹੇਆਮ ਇਹ ਗੱਲਾਂ ਕੀਤੀਆਂ ਗਈਆਂ ਸਨ ਕਿ ਮੁਸਲਮਾਨ ਨੌਜਵਾਨਾਂ ਨੂੰ ਮਾਰਿਆ ਜਾਵੇਗਾ ਉਨ੍ਹਾਂ ਦਾ ਕਤਲੇਆਮ ਕੀਤਾ ਜਾਵੇ, ਅਜਿਹਾ ਭਾਸ਼ਣ ਦੇਣ ਵਾਲੇ ਇਸ ਹਿੰਦੂ ਸਮਾਜ ਦੇ ਸੰਤਾਂ ਨੂੰ ਜੇਲ੍ਹਾਂ ਅੰਦਰ ਕਿਉਂ ਨਹੀਂ ਬੰਦ ਕੀਤਾ ਗਿਆ ? ਕੀ ਭਾਰਤ ਵਿੱਚ ਹੁਣ ਕੇਵਲ ਹਿੰਦੂ ਰਾਸ਼ਟਰ ਦਾ ਹੀ ਰਾਜ ਹੋਵੇਗਾ ? ਜੇ ਏਦਾਂ ਹੀ ਹੋਣਾ ਹੈ ਤਾਂ ਭਾਰਤ ਨੂੰ ਲੋਕਤੰਤਰੀ ਰਾਜ ਕਹਾਉਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਲੋਕਤੰਤਰੀ ਰਾਜ ਵਿੱਚ  ਕਿਸੇ ਇੱਕ ਧਰਮ ਦਾ ਦਬਦਬਾ ਨਹੀਂ ਹੁੰਦਾ ਸਗੋਂ  ਸਾਰੇ ਧਰਮਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਪਰ ਅਫ਼ਸੋਸ ਸਿੱਖ ਕੌਮ ਨੂੰ ਅਜੇ ਤਕ ਵੀ  ਆਪਣਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਪੰਜਾਬ ਰਾਜ ਵਿੱਚ ਵੀ ਲਗਾਤਾਰ ਜੋ ਬੇਅਦਬੀਆਂ ਹੋ ਰਹੀਆਂ ਹਨ  ਉਹ ਇਸ ਗੱਲ ਦਾ ਗਵਾਹ ਹਨ ਕਿ  ਕੁਝ ਧਰਮ ਦੇ ਰਖਵਾਲੇ ਅਖਵਾਉਣ ਵਾਲੇ ਰਾਜਨੀਤਕ ਲੀਡਰ  ਪੰਜਾਬ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਹਨ ਤੇ ਹੌਲੀ ਹੌਲੀ ਪੰਜਾਬ ਨੂੰ ਬਰਬਾਦ ਕਰ ਰਹੇ ਹਨ ।