ਬੀ.ਐਸ.ਐਫ ਪੰਜਾਬ ਪੁਲਿਸ ਨੂੰ ਕੇਵਲ ਕਾਰਵਾਈ ਵਿਚ ਸਹਿਯੋਗ ਕਰੇਗੀ : ਆਈ. ਜੀ. ਸੋਨਾਲੀ ਮਿਸ਼ਰਾ
*ਅੱਗ ਲੈਣ ਆਈ ਘਰਵਾਲੀ ਬਣ ਬੈਠੀ
ਅੰਮ੍ਰਿਤਸਰ ਟਾਈਮਜ਼
ਜਲੰਧਰ- ਕੇਂਦਰ ਸਰਕਾਰ ਨੇ ਪੰਜਾਬ ਸਰਹਦੀ ਖੇਤਰ ਦਾ ਪੰਜਾਹ ਕਿਲੋਮੀਟਰ ਘੇਰਾ ਮਿਥ ਕੇ ਅਧੇ ਪੰਜਾਬ ਉਪਰ ਕਬਜਾ ਕਰ ਲਿਆ ਹੈ।ਇਹ ਰਾਜ ਵਿਚ ਕੇਂਦਰ ਦੀ ਸਿਧੀ ਦਖਲ ਅੰਦਾਜੀ ਹੈ। ਕਹਿ ਸਕਦੇ ਹਾਂ ਕਿ ਅੱਗ ਲੈਣ ਆਈ ਘਰਵਾਲੀ ਬਣ ਬੈਠੀ ।ਸੀਮਾ ਸੁਰੱਖਿਆ ਬਲ ਦੀ ਪਹਿਲੀ ਮਹਿਲਾ ਆਈ.ਜੀ. ਬਣੀ ਸੋਨਾਲੀ ਮਿਸ਼ਰਾ ਨੇ ਪੱਤਰਕਾਰ ਸੰਮੇਲਨ ਕੀਤਾ, ਜਿਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਵਲੋਂ ਸੀਮਾ ਸੁਰੱਖਿਆ ਬਲ ਦੇ ਸੂਬੇ ਅੰਦਰ ਕਾਰਵਾਈ ਕੀਤੇ ਜਾਣ ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਿਰ ਤੱਕ ਕੀਤੇ ਜਾਣ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਚਾਹੇ ਬੀ.ਐਸ.ਐਫ਼ ਦੀ ਕਾਰਗੁਜ਼ਾਰੀ ਦਾ ਅਧਿਕਾਰ ਪਹਿਲਾਂ ਨਾਲੋਂ ਵਧਾ ਦਿੱਤਾ ਗਿਆ ਹੈ, ਪਰ ਫਿਰ ਵੀ ਬੀ.ਐਸ.ਐਫ਼ ਕੇਵਲ ਸਥਾਨਕ ਪੁਲਿਸ ਨੂੰ ਅਪਰਾਧੀਆਂ ਖ਼ਿਲਾਫ਼ ਕੀਤੀ ਜਾਣ ਵਾਲੀ ਕਾਰਵਾਈ 'ਚ ਸਹਿਯੋਗ ਹੀ ਕਰੇਗੀ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥ ਜਾਂ ਹਥਿਆਰ ਆਦਿ ਦੀ ਸਪਲਾਈ ਕਰਦਾ ਹੈ ਤਾਂ ਭਾਰਤ ਵਾਲੇ ਪਾਸੇ ਉਸ ਦੇ ਨਾਲ ਜੁੜੇ ਵਿਅਕਤੀਆਂ ਤੱਕ ਪਹੁੰਚਣ ਲਈ ਬੀ.ਐਸ.ਐਫ਼ ਆਪਣੀ ਯੋਗਤਾ ਅਤੇ ਆਧੁਨਿਕ ਤਕਨੀਕ ਦਾ ਲਾਭ ਸਥਾਨਕ ਪੁਲਿਸ ਨੂੰ ਦੇਵੇਗੀ | ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਉਸ ਖ਼ਿਲਾਫ਼ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਪਹਿਲਾਂ ਦੀ ਤਰ੍ਹਾਂ ਸਥਾਨਕ ਪੁਲਿਸ ਵਲੋਂ ਹੀ ਅਮਲ 'ਚ ਲਿਆਂਦੀ ਜਾਵੇਗੀ ।
ਆਈ.ਜੀ. ਮਿਸ਼ਰਾ ਨੇ ਕਿਹਾ ਕਿ ਬੀ.ਐਸ.ਐਫ਼ ਦੀ ਕਾਰਗੁਜ਼ਾਰੀ ਦੇ ਖੇਤਰ 'ਚ ਕੀਤਾ ਗਿਆ ਇਹ ਵਾਧਾ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਥਾਪਨਾ ਤੋਂ ਬਾਅਦ ਵਧੇ ਆਤੰਕੀ ਖ਼ਤਰੇ ਤੋਂ ਦੇਸ਼ ਦੀ ਸਰਹੱਦ ਨੂੰ ਮਜ਼ਬੂਤ ਕਰਨ ਲਈ ਵਧੀਆ ਕਦਮ ਸਿੱਧ ਹੋਵੇਗਾ । ਉਨ੍ਹਾਂ ਕਿਹਾ ਕਿ ਪਾਕਿਸਤਾਨ ਤਸਕਰਾਂ ਵਲੋਂ ਪਹਿਲਾਂ ਸਰਹੱਦ 'ਤੇ ਜ਼ਮੀਨ ਹੇਠਾਂ ਸੁਰੰਗਾਂ ਬਣਾ ਕੇ ਨਸ਼ੀਲਿਆਂ ਪਦਾਰਥਾਂ ਅਤੇ ਹਥਿਆਰਾਂ ਆਦਿ ਦੀ ਸਪਲਾਈ ਕੀਤੀ ਜਾਂਦੀ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਆਦਿ ਦੀ ਸਪਲਾਈ ਅਸਮਾਨੀ ਰਸਤੇ ਡਰੋਨ ਜ਼ਰੀਏ ਹੋਣ ਲੱਗੀ ਹੈ ।ਉਨ੍ਹਾਂ ਕਿਹਾ ਕਿ 2019 'ਚ ਪਾਕਿਸਤਾਨ ਵਲੋਂ ਅਉਣ ਵਾਲੇ ਡ੍ਰੋਨ ਕਰੀਬ 1000 ਫੁੱਟ ਦੀ ਉਚਾਈ ਤੇ ਪਾਏ ਜਾਂਦੇ ਸਨ, ਜਿਨ੍ਹਾਂ ਦੀ ਆਵਾਜ਼ਾਂਂ ਅਤੇ ਉਸਦੀ ਜੱਗਦੀ-ਬੁੱਝਦੀ ਬੱਤੀ ਗਸ਼ਤੀ ਟੁੱਕੜੀਆਂ ਨੂੰ ਅਕਸਰ ਸੁਣਾਈ ਤੇ ਦਿਖਾਈ ਦਿੰਦੀ ਸੀ, ਪਰ ਹੁਣ ਨਵੀਂ ਤਕਨੀਕ ਦੇ ਡਰੋਨਾਂ ਦੀ ਉਚਾਈ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ ਅਤੇ ਉਸ ਦੀ ਬੱਤੀ ਨੂੰ ਵੀ ਢੱਕ ਦਿੱਤਾ ਜਾਂਦਾ ਜਾਂ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਡਰੋਨ ਦਾ ਪਤਾ ਲੱਗਣਾ ਮੁਸ਼ਕਿਲ ਹੋ ਗਿਆ ਹੈ ।ਅਜਿਹੇ ਡਰੋਨਾ ਦਾ ਪਤਾ ਲਗਾਉਣ ਲਈ ਬੀ.ਐਸ.ਐਫ਼. ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਿਚ ਵੀ ਸਮਰੱਥ ਹੋ ਜਾਵੇਗੀ । ਇਸ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸਿਉਂ ਭੇਜੇ ਜਾ ਰਹੇ ਡਰੋਨਾ ਜੀ.ਪੀ.ਐਸ. ਦੀ ਮਦੱਦ ਨਾਲ ਆਪਣੀ ਮਿੱਥੀ ਹੋਈ ਜਗ੍ਹਾ 'ਤੇ ਸਾਮਾਨ ਸੁੱਟ ਕੇ ਤੁਰੰਤ ਵਾਪਸ ਚਲੇ ਜਾਂਦੇ ਹਨ । ਡਰੋਨ ਵਲੋਂ ਸੁੱਟਿਆ ਗਿਆ ਸਾਮਾਨ ਚੁੱਕ ਕੇ ਭਾਰਤੀ ਤਸਕਰ ਕੁਝ ਹੀ ਮਿੰਟਾ ਵਿਚ ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਤੋਂ ਦੂਰ ਲੈ ਜਾਣ ਵਿਚ ਸਫ਼ਲ ਹੋ ਜਾਂਦੇ ਸਨ, ਪਰ ਹੁਣ ਇਸ ਦਾ ਦਾਇਰਾ ਵੱਧਣ ਨਾਲ ਬੀ.ਐਸ.ਐਫ਼. ਨੂੰ ਤਸਕਰਾਂ ਦਾ ਦੂਰ ਤੱਕ ਪਿੱਛਾ ਕਰਨ 'ਚ ਅਸਾਨੀ ਹੋਵੇਗੀ । ਉਨ੍ਹਾਂ ਕਿਹਾ ਕਿ ਬੀ.ਐਸ.ਐਫ਼. ਮੁਲਜ਼ਮਾਂ ਦੀ ਭਾਲ ਕਰਨ ਅਤੇ ਤਸਕਰੀ ਨੂੰ ਰੋਕਣ 'ਚ ਸਥਾਨਕ ਪੁਲਿਸ ਨਾਲੋਂ ਤਕਨੀਕ ਅਤੇ ਸੂਚਨਾ ਇਕੱਠੀ ਕਰਨ 'ਚ ਵੱਧ ਸਮਰੱਥ ਹੈ ।ਬੀ.ਐਸ.ਐਫ਼ ਦੀ ਇਹ ਕਾਬਲੀਅਤ ਸਥਾਨਕ ਪੁਲਿਸ ਨੂੰ ਤਸਕਰਾਂ ਅਤੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ 'ਚ ਸਹਿਯੋਗੀ ਸਿੱਧ ਹੋਵੇਗੀ ।
Comments (0)