ਬੀਜੇਪੀ ਅਤੇ ਕਾਂਗਰਸ ਦੋਵੇ ਪੰਜਾਬ ਸੂਬੇ ਅਤੇ ਇਨਸਾਨੀਅਤ ਵਿਰੋਧੀ, ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦੈ : ਟਿਵਾਣਾ

ਬੀਜੇਪੀ ਅਤੇ ਕਾਂਗਰਸ ਦੋਵੇ ਪੰਜਾਬ ਸੂਬੇ ਅਤੇ ਇਨਸਾਨੀਅਤ ਵਿਰੋਧੀ, ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦੈ : ਟਿਵਾਣਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 25 ਮਈ (ਮਨਪ੍ਰੀਤ ਸਿੰਘ ਖਾਲਸਾ):- “ਬੀਜੇਪੀ ਅਤੇ ਕਾਂਗਰਸ ਦੋਵੇ ਪਾਰਟੀਆਂ ਮੁਤੱਸਵੀ ਫਿਰਕੂ ਸੋਚ ਵਾਲੀਆ ਹਨ ਅਤੇ ਦੋਵੇ ਹੀ ਸਾਜਸੀ ਢੰਗਾਂ ਰਾਹੀ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਕੌਮ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਮਸਰੂਫ ਹਨ । ਦੋਵੇ ਹੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਸੋਚ ਦੀਆਂ ਮਾਲਕ ਹਨ । ਦੋਵਾਂ ਨੇ ਹੀ ਸਾਡੇ ਨਾਲ ਲੰਮੇ ਸਮੇ ਤੋ ਧ੍ਰੋਹ ਕਮਾਉਦੀਆ ਆ ਰਹੀਆ ਹਨ । ਕਿਉਂਕਿ ਕਾਂਗਰਸ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ, ਗੁਰਧਾਮਾਂ ਦੀ ਤਹਿਸ-ਨਹਿਸ ਕਰਨ ਦੇ ਨਾਲ-ਨਾਲ ਦਰਬਾਰ ਸਾਹਿਬ ਪਹੁੰਚੇ ਹਜਾਰਾਂ ਹੀ ਨਿਹੱਥੇ ਨਿਰਦੋਸ਼ ਸਰਧਾਲੂਆਂ ਦੇ ਖੂਨ ਨਾਲ ਹੋਲੀ ਖੇਡੀ ਅਤੇ ਉਨ੍ਹਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲਿਆ। ਉਥੇ ਬੀਜੇਪੀ ਤੇ ਆਰ.ਐਸ.ਐਸ ਨੇ ਇਸ ਮਨੁੱਖਤਾ ਵਿਰੋਧੀ ਅਮਲ ਦੀ ਉੱਚੀ ਆਵਾਜ ਵਿਚ ਸਹਿਯੋਗ ਕੀਤਾ । ਸ੍ਰੀ ਵਾਜਪਾਈ ਨੇ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾਮਾਤਾ ਦਾ ਖਿਤਾਬ ਦੇ ਕੇ ਨਿਵਾਜਿਆ ਅਤੇ ਸ੍ਰੀ ਅਡਵਾਨੀ ਨੇ ਕਿਹਾ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਕਹਿਣ ਤੋ ਭਾਵ ਹੈ ਕਿ ਜਿਥੇ ਕਿਤੇ ਵੀ ਘੱਟ ਗਿਣਤੀ ਕੌਮਾਂ ਵਿਰੁੱਧ ਜ਼ਬਰ-ਜੁਲਮ, ਕਤਲੇਆਮ ਕਰਨਾ ਹੋਵੇ ਜਾਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਕਰਨਾ ਹੋਵੇ ਤਾਂ ਦੋਵੇ ਜਮਾਤਾਂ ਦੀ ਇਨਸਾਨੀਅਤ ਵਿਰੋਧੀ ਨੀਤੀ ਇਕੋ ਹੁੰਦੀ ਹੈ । ਇਸ ਲਈ ਪੰਜਾਬੀਆਂ ਅਤੇ ਸਮੁੱਚੇ ਘੱਟਗਿਣਤੀ ਕੌਮਾਂ ਨੂੰ ਚਾਹੀਦਾ ਹੈ ਕਿ ਦੋਵੇ ਇਨਸਾਨੀਅਤ ਵਿਰੋਧੀ ਜਮਾਤਾਂ ਬੀਜੇਪੀ-ਕਾਂਗਰਸ ਨੂੰ ਪੰਜਾਬ ਵਿਚੋ ਹਾਰ ਦੇ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਪੰਜਾਬ, ਪੰਜਾਬੀ, ਪੰਜਾਬੀਅਤ ਹਿਤੈਸੀ ਹੈ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੀ ਜਮਾਤ ਹੈ, ਉਸ ਵੱਲੋ ਪੰਜਾਬ ਦੇ 12 ਲੋਕ ਸਭਾ ਹਲਕਿਆ, 1 ਚੰਡੀਗੜ੍ਹ ਅਤੇ ਖਡੂਰ ਸਾਹਿਬ ਤੋ ਸ. ਅੰਮ੍ਰਿਤਪਾਲ ਸਿੰਘ ਦੇ ਹਲਕਿਆ ਵਿਚ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਜੋ ਲੰਮੇ ਸਮੇਂ ਤੋਂ ਹੋ ਰਹੀਆ ਬੇਇਨਸਾਫ਼ੀਆਂ ਨੂੰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਉਨ੍ਹਾਂ ਦੀ ਪਾਰਟੀ ਖਤਮ ਕਰਵਾ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2024 ਦੀਆਂ 01 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਪੈ ਰਹੀਆ ਵੋਟਾਂ ਤੋਂ ਪਹਿਲੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਅਮਨ ਅਤੇ ਜਮਹੂਰੀਅਤ ਦੇ ਤਕਾਜੇ ਉਤੇ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਆਮ ਆਦਮੀ ਪਾਰਟੀ ਅਤੇ ਬਾਦਲ ਦਲ ਦੀ ਗੱਲ ਆਉਦੀ ਹੈ, ਇਨ੍ਹਾਂ ਨੇ ਆਪਣੇ ਲੰਮੇ ਸਮੇ ਦੇ ਰਾਜ ਭਾਗ ਦੌਰਾਨ ਅਤੇ ਹੁਣ ਢਾਈ ਸਾਲਾਂ ਤੋ ਚੱਲਦੇ ਆ ਰਹੇ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿਚ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਇਕ ਵੀ ਮਸਲੇ ਨੂੰ ਹੱਲ ਨਹੀ ਕੀਤਾ, ਬਲਕਿ ਪੰਜਾਬ ਵਿਚ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਜਿਹੀਆ ਗੈਰ ਇਖਲਾਕੀ ਅਤੇ ਗੈਰ ਵਿਧਾਨਿਕ ਕਾਰਵਾਈਆ ਕਰਦੇ ਆ ਰਹੇ ਹਨ । ਜਿਸ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਦੁੱਖ ਤਕਲੀਫਾਂ ਵਿਚ ਵਾਧਾ ਹੋਵੇ ਅਤੇ ਸੈਂਟਰ ਦੇ ਹੁਕਮਰਾਨਾਂ ਨੂੰ ਇਹ ਜਮਾਤਾਂ ਖੁਸ਼ ਕਰਕੇ ਆਪਣੇ ਰਾਜ ਭਾਗ ਨੂੰ ਗੈਰ ਜਮਹੂਰੀਅਤ ਢੰਗ ਨਾਲ ਪੰਜਾਬ ਵਿਚ ਚੱਲਦਾ ਰੱਖ ਸਕਣ । ਇਨ੍ਹਾਂ ਦੋਵਾਂ ਜਮਾਤਾਂ ਨੇ ਪੰਜਾਬ ਦੇ ਭਖਦੇ ਕਿਸਾਨੀ, ਮਜਦੂਰ, ਬੇਰੁਜਗਾਰੀ, ਮਹਿੰਗਾਈ, ਪੰਜਾਬ ਦੇ ਵਪਾਰ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਕਰਕੇ ਇਥੋ ਦੀ ਮਾਲੀ ਹਾਲਤ ਨੂੰ ਮਜਬੂਤ ਕਰਨ ਵਿਚ ਕੋਈ ਯੋਗਦਾਨ ਨਹੀ ਪਾਇਆ । ਬਲਕਿ ਘਸੀਆ-ਪਿੱਟੀਆ ਸਿਆਸੀ ਖੇਡਾਂ ਖੇਡਕੇ ਇਥੋ ਦੇ ਮਾਹੌਲ ਨੂੰ ਨਿਰੰਤਰ ਗੰਧਲਾ ਕਰਦੇ ਆ ਰਹੇ ਹਨ । ਇਥੋ ਤੱਕ ਨਸ਼ੀਲੀਆ ਵਸਤੂਆਂ ਦੀ ਖਰੀਦੋ ਫਰੋਖਤ ਅਤੇ ਹੋਰ ਗੈਰ ਕਾਨੂੰਨੀ ਕਾਰਵਾਈਆ ਕਰਨ ਵਾਲਿਆ ਦੀ ਸਰਪ੍ਰਸਤੀ ਕਰਕੇ ਇਥੋ ਦੇ ਉੱਚੇ-ਸੁੱਚੇ ਇਖਲਾਕ ਵਾਲੇ ਮਾਹੌਲ ਨੂੰ ਵਿਸਫੋਟਕ ਹੀ ਬਣਾਉਦੇ ਆ ਰਹੇ ਹਨ । ਜੇਕਰ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀ ਨਿਰਪੱਖਤਾ ਤੇ ਇਮਾਨਦਾਰੀ ਨਾਲ ਕੋਈ ਸਖਸ਼ੀਅਤ ਜਾਂ ਪਾਰਟੀ ਬਿਹਤਰੀ ਕਰਨ ਦੀ ਸਮਰੱਥਾਂ ਰੱਖਦੀ ਹੈ ਤਾਂ ਉਹ ਕੇਵਲ ਤੇ ਕੇਵਲ ਇਸ ਸਮੇ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਹੀ ਅਜਿਹੇ ਪੰਜਾਬ ਸੂਬੇ ਅਤੇ ਕੌਮ ਪ੍ਰਤੀ ਹੱਕਾਂ ਦੀ ਪੂਰਤੀ ਕਰ ਸਕਦੀ ਹੈ । ਇਸ ਲਈ ਸਮੁੱਚੇ ਪੰਜਾਬੀਆਂ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਰੰਗ-ਨਸਲ ਆਦਿ ਦੇ ਭੇਦਭਾਵ ਤੋ ਉਪਰ ਉੱਠਕੇ ਸ. ਮਾਨ ਵੱਲੋ 12 ਲੋਕ ਸਭਾ ਹਲਕਿਆ ਅਤੇ 1 ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਅਤੇ ਖਡੂਰ ਸਾਹਿਬ ਤੋ ਆਜਾਦ ਉਮੀਦਵਾਰ ਸ. ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਮਾਈਕ ਉਤੇ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਆਪਣੀਆ ਵੋਟਾਂ ਪਾ ਕੇ ਕਾਮਯਾਬ ਕਰਨ ਦੇ ਫਰਜ ਅਦਾ ਕਰਨੇ ਚਾਹੀਦੇ ਹਨ ਅਤੇ ਮਨੁੱਖਤਾ ਵਿਰੋਧੀ ਉਪਰੋਕਤ ਪਾਰਟੀਆ ਨੂੰ ਕਰਾਰੀ ਹਾਰ ਦੇਣ ਦੇ ਫਰਜ ਅਦਾ ਕਰਨੇ ਬਣਦੇ ਹਨ। ਅਜਿਹਾ ਅਮਲ ਕਰਕੇ ਹੀ ਸਮੁੱਚੇ ਪੰਜਾਬੀ ਇਥੇ ਅਸਲੀਅਤ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਸਾਫ ਸੁਥਰਾ, ਰਿਸਵਤ ਤੋ ਰਹਿਤ, ਇਨਸਾਫ ਪਸੰਦ, ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਨ ਵਾਲਾ ਹਲੀਮੀ ਰਾਜ ਕਾਇਮ ਕਰ ਸਕਣਗੇ ।