ਜੇਲ੍ਹਾਂ ਵਿੱਚ ਬੰਦ ਕਾਤਲ ਪੁਲਸੀਆਂ ਦੀਆਂ ਸਜ਼ਾਵਾਂ ਮੁਆਫ ਕਰਕੇ ਰਿਹਾਈਆਂ ਲਈ ਰਾਹ ਪੱਧਰਾ

ਜੇਲ੍ਹਾਂ ਵਿੱਚ ਬੰਦ ਕਾਤਲ ਪੁਲਸੀਆਂ ਦੀਆਂ ਸਜ਼ਾਵਾਂ ਮੁਆਫ ਕਰਕੇ ਰਿਹਾਈਆਂ ਲਈ ਰਾਹ ਪੱਧਰਾ

ਚੰਡੀਗੜ੍ਹ: ਪੰਜਾਬ ਵਿੱਚ ਸਰਕਾਰੀ ਤਾਕਤ ਦੇ ਸਿਰ 'ਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਪੰਜਾਬ ਪੁਲਿਸ ਦੇ ਜਿਹੜੇ ਕੁੱਝ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਪੀੜਤ ਲੋਕਾਂ ਨੇ ਲੰਬੀਆਂ ਕਾਨੂੰਨੀ ਲੜਾਈਆਂ ਲੜ ਕੇ ਸਜ਼ਾਵਾਂ ਦਵਾਈਆਂ ਸਨ, ਪੰਜਾਬ ਸਰਕਾਰ ਉਹਨਾਂ ਕਾਤਲ ਪੁਲਸੀਆਂ ਨੂੰ ਬਰੀ ਕਰਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਕੀਤੀਆਂ ਸਿਫਾਰਿਸ਼ਾਂ ਦੇ ਅਧਾਰ 'ਤੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮ/ਅਫਸਰਾਂ ਦੀ ਸਜ਼ਾ ਮੁਆਫ ਕਰਕੇ ਉਹਨਾਂ ਨੂੰ ਰਿਹਾਅ ਕਰਨ ਦਾ ਫੈਂਸਲਾ ਕੀਤਾ ਹੈ। 

ਪੰਜਾਬ ਦੇ ਗ੍ਰਹਿ ਵਿਭਾਗ ਦੇ ਇੱਕ ਉੱਚ ਅਫਸਰ ਦੇ ਹਵਾਲੇ ਨਾਲ ਲੱਗੀਆਂ ਖਬਰਾਂ ਮੁਤਾਬਿਕ ਪੰਜਾਬ ਸਰਕਾਰ ਸਜ਼ਾਯਾਫਤਾ 45 ਪੁਲਸੀਆਂ ਨੂੰ ਰਿਹਾਅ ਕਰਾਉਣਾ ਚਾਹੁੰਦੀ ਹੈ ਜਿਹਨਾਂ ਦੇ ਨਾਮ ਸਜ਼ਾ ਮੁਆਫੀ ਲਈ ਭਾਰਤ ਸਰਕਾਰ ਨੂੰ ਭੇਜੇ ਗਏ ਹਨ। 

ਇਹ ਸਾਰੇ ਪੁਲਸੀਆਂ 'ਤੇ ਪੰਜਾਬ ਵਿੱਚ ਸਿੱਖ ਅਜ਼ਾਦ ਦੇਸ਼ ਲਈ ਚੱਲੇ ਸੰਘਰਸ਼ ਦੇ ਦੌਰਾਨ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਦੋਸ਼ ਹਨ ਜਿਹਨਾਂ ਅਧੀਨ ਇਹਨਾਂ ਨੂੰ ਸਜ਼ਾਵਾਂ ਹੋਈਆਂ ਹਨ। ਇਹਨਾਂ ਪੁਲਸੀਆਂ ਨੂੰ ਸਜ਼ਾਵਾਂ ਦਵਾਉਣ ਲਈ ਪੀੜਤ ਪਰਿਵਾਰਾਂ ਨੇ ਦਹਾਕਿਆਂ ਤੱਕ ਸੰਘਰਸ਼ ਕੀਤਾ ਤੇ ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ ਲਈ ਜ਼ਿੰਦਗੀ ਦੀ ਸਾਰੀ ਪੂੰਜੀ ਤੱਕ ਲਾ ਦਿੱਤੀ ਸੀ। ਪਰ ਹੁਣ ਪੰਜਾਬ ਸਰਕਾਰ ਇਹਨਾਂ ਕਾਤਲ ਪੁਲਸੀਆਂ ਨੂੰ ਬਰੀ ਕਰਨ ਜਾ ਰਹੀ ਹੈ।

ਇੱਕ ਜਾਣਕਾਰੀ ਮੁਤਾਬਿਕ 45 ਪੁਲਸੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਉਮਰ ਕੈਦ ਜਾਂ ਹੋਰ ਸਜ਼ਾਵਾਂ ਹੋਈਆਂ ਹਨ ਜਿਹਨਾਂ ਵਿੱਚੋਂ 22 ਜੇਲ੍ਹਾਂ ਵਿੱਚ ਬੰਦ ਹਨ ਜਦਕਿ 23 ਨੂੰ ਉੱਚ ਅਦਾਲਤਾਂ ਨੇ ਜ਼ਮਾਨਤ 'ਤੇ ਰਿਹਾਅ ਕੀਤਾ ਹੋਇਆ ਹੈ ਜਾਂ ਸਜ਼ਾ ਮੁਲਤਵੀ ਕਰਕੇ ਰਾਹਤ ਦਿੱਤੀ ਹੋਈ ਹੈ।

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਸਜ਼ਾ ਮੁਆਫੀਆਂ ਲਈ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੇ ਨਾਲ ਹੀ ਬਰਾਬਰ ਰੱਖ ਕੇ ਇਹਨਾਂ ਪੁਲਸੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਪਰ ਅਹਿਮ ਗੱਲ ਇਹ ਹੈ ਕਿ ਜਿੱਥੇ ਸਿੱਖ ਸਿਆਸੀ ਕੈਦੀ ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਪਰ ਇਹਨਾਂ ਪੁਲਸੀਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਬਰੀ ਕੀਤਾ ਜਾ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।