ਕਿਸਾਨ ਦੀ ਜ਼ਮੀਨ ਕੁਰਕ ਕਰਨ ਆਏ ਅਫਸਰਾਂ ਨੂੰ ਕਿਸਾਨ ਜਥੇਬੰਦੀ ਨੇ ਬੰਦੀ ਬਣਾਇਆ

ਕਿਸਾਨ ਦੀ ਜ਼ਮੀਨ ਕੁਰਕ ਕਰਨ ਆਏ ਅਫਸਰਾਂ ਨੂੰ ਕਿਸਾਨ ਜਥੇਬੰਦੀ ਨੇ ਬੰਦੀ ਬਣਾਇਆ

ਭੀਖੀ: ਭਾਰਤ ਸਰਕਾਰ ਦੇ ਪ੍ਰਬੰਧ ਹੇਠ ਦਮ ਤੋੜ ਰਹੀ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਕੰਗਾਲੀ ਤੋਂ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ ਤੇ ਅਜਿਹੇ ਮਾੜੇ ਹਾਲਤਾਂ ਵਿਚ ਸਭ ਤੋਂ ਔਖਾ ਸਮਾਂ ਕਿਸਾਨ 'ਤੇ ਉਹ ਬਣਦਾ ਹੈ ਜਦੋਂ ਉਸਦੀ ਜ਼ਮੀਨ ਦੀ ਕੁਰਕੀ ਹੋਣ ਲਗਦੀ ਹੈ। ਅਜਿਹਾ ਹੀ ਹਾਲ ਬੀਤੇ ਕੱਲ੍ਹ ਇੱਥੇ ਨੇੜਲੇ ਪਿੰਡ ਹੋਡਲਾ ਕਲਾਂ ਵਿਚ ਬਣਿਆ ਜਦੋਂ ਇੱਕ ਕਿਸਾਨ ਦੀ ਜ਼ਮੀਨ ਕੁਰਕ ਕਰਨ ਲਈ ਇੱਕ ਨਿੱਜੀ ਕੰਪਨੀ ਦੇ ਅਫਸਰ ਪਿੰਡ ਪਹੁੰਚ ਗਏ। ਪਰ ਕਿਸਾਨ ਜਥੇਬੰਦੀਆਂ ਵੱਲੋਂ ਮੌਕੇ 'ਤੇ ਕਿਸਾਨ ਨਾਲ ਖੜ੍ਹਨ ਕਰਕੇ ਜ਼ਮੀਨ ਕੁਰਕੀ ਤੋਂ ਬਚਾਅ ਰਿਹਾ। ਕਿਸਾਨ ਜਥੇਬੰਦੀ ਦੇ ਵਰਕਰਾਂ ਨੇ ਜ਼ਮੀਨ ਕਰਕੀ ਕਰਨ ਆਏ ਇਕ ਨਿਜੀ ਕੰਪਨੀ ਦੇ ਅਫਸਰਾਂ ਨੂੰ ਕਿਸਾਨ ਦੇ ਘਰ ਵਿੱਚ ਹੀ ਬੰਦੀ ਬਣਾ ਲਿਆ। ਦੇਰ ਸ਼ਾਮ ਪੁੱਜੇ ਕੰਪਨੀ ਦੇ ਉੱਚ ਅਫਸਰਾਂ ਵੱਲੋਂ ਲਿਖਤੀ ਭਰੋਸਾ ਦੇਣ ਬਾਅਦ ਬੰਦੀ ਬਣਾਏ ਅਫਸਰਾਂ ਨੂੰ ਛੱਡਿਆ ਗਿਆ।

ਜਾਣਕਾਰੀ ਮੁਤਾਬਿਕ ਪਿੰਡ ਹੋਡਲਾ ਕਲਾਂ ਦੇ ਸੁਖਚੈਨ ਸਿੰਘ ਪੁੱਤਰ ਹਰਦੀਪ ਸਿੰਘ ਨੇ ਇੱਕ ਨਿੱਜੀ ਕੰਪਨੀ ਤੋਂ ਕੰਬਾਈਨ ਖਰੀਦਣ ਲਈ ਅੱਠ ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਬਦਲੇ ਉਸ ਨੇ ਆਪਣੀ ਜ਼ਮੀਨ ਉਕਤ ਕੰਪਨੀ ਦੇ ਨਾਮ ਕਰਵਾ ਦਿੱਤੀ ਸੀ ਤੇ 10 ਖਾਲੀ ਚੈੱਕ ਵੀ ਦਸਤਖ਼ਤ ਕਰ ਕੇ ਕੰਪਨੀ ਨੂੰ ਦਿੱਤੇ ਸਨ। ਕਿਸਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਕੰਪਨੀ ਨੂੰ 3 ਲੱਖ ਰੁਪਏ ਦੇ ਕਰੀਬ ਪੈਸੇ ਮੋੜ ਚੁੱਕਾ ਹੈ ਅਤੇ ਹੁਣ ਕੰਪਨੀ ਉਸਦੀ ਜ਼ਮੀਨ ਅਤੇ ਘਰ ਕੁਰਕ ਕਰਨ ਦੀਆਂ ਧਮਕੀਆਂ ਦੇ ਰਹੀ ਸੀ। ਉਸਨੇ ਦੱਸਿਆ ਕਿ ਇਸ ਸਬੰਧੀ ਉਸਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਗੱਲਬਾਤ ਕੀਤੀ। ਅੱਜ ਜ਼ਮੀਨ ਦੀ ਕੁਰਕੀ ਲਈ ਆਏ ਕੰਪਨੀ ਅਫਸਰਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਨੇ ਕਿਸਾਨ ਦੇ ਘਰ ਅੱਗੇ ਧਰਨਾ ਲਗਾ ਕੇ ਘਰ ਵਿੱਚ ਬੰਦੀ ਬਣਾ ਲਿਆ। ਕਰੀਬ 1 ਵਜੇ ਤੋਂ ਬੰਦੀ ਬਣਾਏ ਕੰਪਨੀ ਅਫਸਰਾਂ ਨੂੰ ਦੇਰ ਸ਼ਾਮ ਪੁੱਜੇ ਕੰਪਨੀ ਦੇ ਉੱਚ ਅਫਸਰ ਅਤਰ ਸਿੰਘ ਵੱਲੋਂ ਕਿਸਾਨ ਖਿਲਾਫ਼ ਕੋਈ ਕਾਰਵਾਈ ਨਾ ਕਰਨ ਅਤੇ ਖਾਲੀ ਚੈੱਕ ਵਾਪਸ ਮੋੜਨ ਦਾ ਭਰੋਸਾ ਦੇਣ ਬਾਅਦ ਛੱਡਿਆ ਗਿਆ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ।

ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜਾਂ ਮਕਾਨ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਕਰਵਾਏ ਜਾਣਗੇ। ਕੰਪਨੀ ਦੇ ਬਿਜ਼ਨਸ ਮੁਖੀ ਅਤਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਿਸਾਨ ਯੂਨੀਅਨ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਹੈ ਕਿ ਕਿਸਾਨ ਦੇ ਚੈੱਕ ਦੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਮੁਲਾਜ਼ਮਾਂ ਨੂੰ ਬੰਦੀ ਬਣਾਏ ਜਾਣ ਦਾ ਪਤਾ ਚੱਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ