ਕੈਥਲ ਵਿਚ ਹਿੰਦੂ ਭਾਈਚਾਰੇ ਨੇ ਸਿੱਖਾਂ 'ਤੇ ਕੀਤਾ ਹਮਲਾ; 1 ਸਿੱਖ ਦੀ ਮੌਤ, ਗੁਰਦੁਆਰਾ ਸਾਹਿਬ ਦੀ ਭੰਨ ਤੋੜ

ਕੈਥਲ ਵਿਚ ਹਿੰਦੂ ਭਾਈਚਾਰੇ ਨੇ ਸਿੱਖਾਂ 'ਤੇ ਕੀਤਾ ਹਮਲਾ; 1 ਸਿੱਖ ਦੀ ਮੌਤ, ਗੁਰਦੁਆਰਾ ਸਾਹਿਬ ਦੀ ਭੰਨ ਤੋੜ
ਪਿੰਡ ਵਿਚ ਮੰਦਿਰ ਅਤੇ ਗੁਰਦੁਆਰਾ ਸਾਹਿਬ ਦੀ ਤਸਵੀਰ

ਕੈਥਲ: ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਕਾਰਨ ਕੈਥਲ ਜ਼ਿਲ੍ਹੇ ਦੇ ਪਿੰਡ ਬਦਸੂਹੀ ਵਿਚ ਹਿੰਦੂ ਭਾਈਚਾਰੇ ਵੱਲੋਂ ਸਿੱਖਾਂ 'ਤੇ ਕੀਤਾ ਹਮਲੇ ਵਿਚ ਇੱਕ ਸਿੱਖ ਦੀ ਮੌਤ ਹੋ ਗਈ ਹੈ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕਤਲ ਹੋਏ ਸ਼ਮਸ਼ੇਰ ਸਿੰਘ ਦੇ ਪੁੱਤਰ ਹਰਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ। 


ਗੁਰਦੁਆਰਾ ਸਾਹਿਬ 'ਤੇ ਕੀਤੀ ਗਈ ਪੱਥਰਬਾਜ਼ੀ

ਸ਼ਮਸ਼ੇਰ ਸਿੰਘ ਦੇ ਸਪੁੱਤਰ ਹਰਦੀਪ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਬਾਰੇ ਪਹਿਲਾਂ ਪਿੰਡ ਦੀ ਪੰਚਾਇਤ ਵਿਚ ਫੈਂਸਲਾ ਹੋ ਚੁੱਕਿਆ ਸੀ ਕਿ ਇਹਨਾਂ ਦੋਵਾਂ ਸਥਾਨਾਂ ਦਰਮਿਆਨ ਕੋਈ ਕੰਧ ਨਹੀਂ ਉਸਾਰੀ ਜਾਵੇਗੀ। ਪਰ ਸਾਬਕਾ ਸਰਪੰਚ ਓਮ ਪ੍ਰਕਾਸ਼ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਮੰਦਿਰ ਦੀ 90 ਫੁੱਟ ਥਾਂ ਤੋਂ ਵੱਧ ਕਈ ਫੁੱਟ ਜ਼ਿਆਦਾ ਗੁਰਦੁਆਰਾ ਸਾਹਿਬ ਦੀ ਥਾਂ ਘੇਰਦਿਆਂ ਕੰਧ ਉਸਾਰ ਦਿੱਤੀ। ਇਸ ਸਬੰਧੀ ਸਿੱਖ ਭਾਈਚਾਰੇ ਨੇ ਇਤਰਾਜ਼ ਪ੍ਰਗਟ ਕੀਤਾ ਅਤੇ ਪਿੰਡ ਦੀ ਪੰਚਾਇਤ ਬੁਲਾਈ ਗਈ ਸੀ। 

ਉਨ੍ਹਾਂ ਦੱਸਿਆ ਕਿ ਜਦੋਂ ਪੰਚਾਇਤ ਬੈਠੀ ਤਾਂ ਦੋਸ਼ੀ ਓਮ ਪ੍ਰਕਾਸ਼ ਅਤੇ ਉਸਦੇ ਸਹਿਯੋਗੀ ਪਹਿਲਾਂ ਬਣਾਈ ਨੀਤੀ ਤਹਿਤ ਤਿਆਰੀ ਕਰਕੇ ਆਏ ਸਨ ਅਤੇ ਉਨ੍ਹਾਂ ਨਿਹੱਥੇ ਸਿੱਖਾਂ 'ਤੇ ਮਾਰੂ ਹਥਿਆਰਾਂ ਤਲਵਾਰਾਂ ਤੇ ਗੰਢਾਸੀਆਂ ਨਾਲ ਪੰਚਾਇਤ ਵਿਚ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਤੇ 10 ਤੋਂ ਵੱਧ ਸਿੱਖ ਜ਼ਖਮੀ ਹੋਏ ਹਨ। 

ਇਸ ਹਮਲੇ ਵਿਚ ਗੁਰਦੁਆਰਾ ਸਾਹਿਬ ਦੀ ਵੀ ਭੰਨ ਤੋੜ ਕੀਤੀ ਗਈ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਉਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਹਨ।

ਮੁੱਖ ਦੋਸ਼ੀ ਓਮਪ੍ਰਕਾਸ਼ ਸਮੇਤ ਕਈਆਂ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਇਸ ਮਾਮਲੇ ਵਿਚ ਹਰਦੀਪ ਸਿੰਘ ਦੇ ਬਿਆਨਾਂ 'ਤੇ ਭਾਰਤੀ ਸਜ਼ਾਵਲੀ ਦੀ ਧਾਰਾ 148, 149, 302, 323 ਅਤੇ 324 ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮੁੱਖ ਦੋਸ਼ੀ ਓਮਪ੍ਰਕਾਸ਼ ਸਮੇਤ 20 ਦੇ ਕਰੀਬ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ

ਇਸ ਮਾਮਲੇ ਦੀ ਅੈਫ ਆਈ ਆਰ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।