ਨਵਜੋਤ ਸਿੱਧੂ'' ਨੂੰ ਪੰਜਾਬ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਹਾਈਕਮਾਂਡ, ਕੈਪਟਨ ਔਖਾ

ਨਵਜੋਤ ਸਿੱਧੂ'' ਨੂੰ ਪੰਜਾਬ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਹਾਈਕਮਾਂਡ, ਕੈਪਟਨ ਔਖਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਪਟਿਆਲਾ  : ਕਈ ਦਿਨਾਂ ਤੋਂ ਚੱਲ ਰਹੇ ਕੈਪਟਨ-ਸਿੱਧੂ ਵਿਵਾਦ ਦੀ ਅਸਲ ਜੜ੍ਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਹੈ। ਕਾਂਗਰਸ ਪਾਰਟੀ ਦੇ ਉੱਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ  ਦਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਇਸ ਬਾਰੇ ਲਗਭਗ ਫ਼ੈਸਲਾ ਹੋ ਵੀ ਚੁੱਕਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਹਾਲ ’ਚ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣਾ ਮਨਜ਼ੂਰ ਨਹੀਂ ਹੈ। ਇਸ ਦਾ ਇੱਕੋ-ਇਕ ਕਾਰਨ ਇਹੀ ਹੈ ਕਿ ਜੇਕਰ ਹਾਈਕਮਾਂਡ ਸਿੱਧੂ ਨੂੰ ਪੀ. ਪੀ. ਸੀ. ਸੀ. ਦਾ ਪ੍ਰਧਾਨ ਬਣਾਉਂਦੀ ਹੈ ਤਾਂ ਪੰਜਾਬ ’ਚ ਇਹ ਮੈਸੇਜ ਚਲਾ ਜਾਵੇਗਾ ਕਿ ਅਗਲੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਵਜੋਤ ਸਿੰਘ ਸਿੱਧੂ ਹੀ ਹੋਵੇਗਾ। ਇਸ ਤੋਂ ਇਲਾਵਾ ਸਿੱਧੂ ਪੰਜਾਬ ’ਚ ਕੈਪਟਨ ਦੇ ਸਮਾਨਾਂਤਰ ਇਕ ਸ਼ਕਤੀ ਦੇ ਰੂਪ ’ਚ ਖੜ੍ਹੇ ਹੋ ਜਾਣਗੇ ਅਤੇ ਵਿਵਾਦਿਤ ਮੁੱਦਿਆਂ ’ਤੇ ਬੋਲ ਕੇ ਕੈਪਟਨ ਅਮਰਿੰਦਰ ਸਿੰਘ ਲਈ ਸਮੱਸਿਆ ਖੜ੍ਹੀ ਕਰਨਗੇ। ਇਹੀ ਕਾਰਨ ਹੈ ਕਿ ਕੈਪਟਨ ਕਿਸੇ ਵੀ ਤੇਜ਼-ਤਰਾਰ ਆਗੂ ਨੂੰ ਪੰਜਾਬ ਪ੍ਰਧਾਨ ਨਹੀਂ ਬਣਨ ਦੇਣਾ ਚਾਹੁੰਦੇ। ਕਾਂਗਰਸ ਹਾਈਕਮਾਂਡ ਕੋਲ ਵੱਖ-ਵੱਖ ਸਰੋਤਾਂ ਤੋਂ ਇਹ ਸੂਚਨਾ ਪਹੁੰਚੀ ਹੈ ਕਿ ਪੰਜਾਬ ’ਚ ਨਵਜੋਤ ਸਿੰਘ ਸਿੱਧੂ ਦੇ ਬਿਨਾਂ ਸਰਕਾਰ ਰਿਪੀਟ ਹੋਣਾ ਨਾਮੁਮਕਿਨ ਹੈ। ਤਿੰਨ ਮੈਂਬਰੀ ਕਮੇਟੀ ਨੇ ਪੰਜਾਬ ਦੇ ਜਿਹੜੇ ਵੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ, ਉਨ੍ਹਾਂ ਨੇ ਇਹੀ ਫੀਡਬੈਕ ਦਿੱਤੀ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਨਹੀਂ, ਸਗੋਂ ਅਫਸਰਸ਼ਾਹੀ ਦੀ ਸਰਕਾਰ ਹੈ। ਟਕਸਾਲੀ ਕਾਂਗਰਸੀਆਂ ਦੀ ਕੋਈ ਸੁਣਵਾਈ ਨਹੀਂ ਹੈ। ਇੱਥੋਂ ਤੱਕ ਕਿ ਮੰਤਰੀਆਂ ਦੀ ਉਨ੍ਹਾਂ ਦੇ ਵਿਭਾਗਾਂ ਦੇ ਸਕੱਤਰ ਵੀ ਨਹੀਂ ਮੰਨਦੇ ਅਤੇ ਮੰਤਰੀਆਂ ਦੇ ਕਹਿਣ ਦੇ ਬਾਵਜੂਦ ਫਾਈਲਾਂ ਨਹੀਂ ਕੱਢੀਆਂ ਜਾਂਦੀਆਂ ਹਨ।

 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਹਰ ਹਾਲ ’ਚ ਬਣਾਉਣਾ ਚਾਹੁੰਦੇ ਹਨ। ਇਸ ਲਈ ਜਿਥੇ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਅੰਬਿਕਾ ਸੋਨੀ ਦੀ ਡਿਊਟੀ ਲਾਈ ਹੈ, ਉੱਥੇ ਰਾਹੁਲ ਗਾਂਧੀ ਨੇ ਪੰਜਾਬ ਦੇ ਐੱਮ. ਪੀਜ਼ ਦੀ ਡਿਊਟੀ ਲਾਈ ਹੈ। ਇਹੀ ਕਾਰਨ ਹੈ ਕਿ ਰਵਨੀਤ ਸਿੰਘ ਬਿੱਟੂ ਵਰਗੇ ਐੱਮ. ਪੀ. ਵੀ ਕੈਪਟਨ ਦੇ ਪੱਖ ’ਚ ਖੜ੍ਹੇ ਹੋ ਗਏ। ਸੂਤਰਾਂ ਅਨੁਸਾਰ ਰਵਨੀਤ ਬਿੱਟੂ ਰਾਹੁਲ ਗਾਂਧੀ ਦੇ ਕਹਿਣ ’ਤੇ ਹੀ ਕੈਪਟਨ ਨਾਲ ਖੜ੍ਹੇ ਹਨ। ਹਾਈਕਮਾਂਡ ਚਾਹੁੰਦੀ ਹੈ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਰਿਪੀਟ ਹੋਵੇ ਤਾਂ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਮਨੋਬਲ ਤੋੜਿਆ ਜਾ ਸਕੇ। ਇਸ ਲਈ ਹਾਈਕਮਾਂਡ ਕੈਪਟਨ ਤੇ ਸਿੱਧੂ ਦੋਹਾਂ ਨੂੰ ਇਕੱਠੇ ਮਿਲ ਕੇ ਚੱਲਣ ਲਈ ਦਬਾਅ ਬਣਾ ਰਹੀ ਹੈ। ਸਰਕਾਰ ਰਿਪੀਟ ਕਰਨ ਲਈ ਦੋਹਾਂ ਦੀ ਹੀ ਲੋੜ ਹੈ। ਹਾਈਕਮਾਂਡ ਨੂੰ ਪਤਾ ਹੈ ਕਿ ਕੈਪਟਨ ਤੇ ਪੰਜਾਬ ਸਰਕਾਰ ਖ਼ਿਲਾਫ਼ ਜੋ ਐਂਟੀ ਇਨਕੰਬੈਂਸੀ ਹੈ, ਉਸ ਨੂੰ ਸਿਰਫ ਨਵਜੋਤ ਸਿੰਘ ਸਿੱਧੂ ਹੀ ਦੂਰ ਕਰ ਸਕਦੇ ਹਨ। ਸਿੱਧੂ ਤੋਂ ਬਿਨਾਂ ਪੰਜਾਬ ’ਚ ਸਰਕਾਰ ਰਿਪੀਟ ਹੋਣਾ ਮੁਸ਼ਕਿਲ ਹੈ। ਇਸ ਲਈ ਹਾਈਕਮਾਂਡ ਦੋਹਾਂ ਨੂੰ ਨਾਲ ਰਹਿ ਕੇ ਮਿਸ਼ਨ 2022 ਫਤਿਹ ਕਰਨ ਲਈ ਦਬਾਅ ਬਣਾ ਰਹੀ ਹੈ।

ਕਾਂਗਰਸ ਹਾਈਕਮਾਂਡ ਨੇ ਜਦੋਂ ਪੰਜਾਬ ਦੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਤਾਂ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਵਿਧਾਇਕ ਇਹ ਤਾਂ ਮੰਨਦੇ ਹਨ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਕਿਸ਼ਤੀ ਪਾਰ ਲਾ ਸਕਦੇ ਹਨ ਅਤੇ ਉਨ੍ਹਾਂ ਦੀ ਲੋਕਪ੍ਰਿਯਤਾ ਹੈ ਪਰ ਕੈਪਟਨ ਦੀ ਤਰ੍ਹਾਂ ਵਿਧਾਇਕ ਵੀ ਸਿੱਧੂ ਦੇ ਵਿਵਹਾਰ ਤੋਂ ਖੁਸ਼ ਨਹੀਂ ਹਨ। ਨਵਜੋਤ ਸਿੱਧੂ ਵੀ ਮਹਾਰਾਜਾ ਸਟਾਈਲ ’ਚ ਕੰਮ ਕਰਦੇ ਹਨ ਅਤੇ ਕਿਸੇ ਦੀ ਨਹੀਂ ਸੁਣਦੇ। ਵਿਧਾਇਕਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਪੰਜਾਬ ਦੀ ਰਾਜਨੀਤੀ ਮੌਜੂਦਾ ਸਮੇਂ ਉਸ ਮੋੜ ’ਤੇ ਖੜ੍ਹੀ ਹੈ ਕਿ ਸਿੱਧੂ ਜਿਸ ਪਾਸੇ ਜਾਣਗੇ, ਪੱਲੜਾ ਉਸੇ ਦਾ ਭਾਰੀ ਹੋਵੇਗਾ ਪਰ ਉਹ ਪ੍ਰਧਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵਰਗੇ ਟਕਸਾਲੀ ਕਾਂਗਰਸੀ ਚਾਹੁੰਦੇ ਹਨ, ਜੋ ਕਿ ਕੈਪਟਨ, ਸਿੱਧੂ ਸਮੇਤ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ।