ਭਾਈ ਪਰਮਜੀਤ ਸਿੰਘ ਪੰਜਵੜ੍ਹ ਮੁੱਖੀ ਖ਼ਾਲਿਸਤਾਨ ਕਮਾਡੋ ਫੋਰਸ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਭਾਈ ਪਰਮਜੀਤ ਸਿੰਘ ਪੰਜਵੜ੍ਹ ਮੁੱਖੀ ਖ਼ਾਲਿਸਤਾਨ ਕਮਾਡੋ ਫੋਰਸ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਪਾਕਿਸਤਾਨ ਦੇ ਵਜ਼ੀਰ-ਏ-ਆਜਮ ਜਨਾਬ ਸ਼ਾਹਬਾਜ ਸਰੀਫ਼ ਨੂੰ ਪੰਜਵੜ੍ਹ ਦੀ ਮ੍ਰਿਤਕ ਦੇਹ ਸੰਸਕਾਰ ਲਈ ਪੰਜਵੜ੍ਹ (ਪੰਜਾਬ) ਭਿਜਵਾਉਣ ਦਾ ਪ੍ਰਬੰਧ ਕੀਤਾ ਜਾਵੇ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 06 ਮਈ (ਮਨਪ੍ਰੀਤ ਸਿੰਘ ਖਾਲਸਾ):- “ਭਾਈ ਪਰਮਜੀਤ ਸਿੰਘ ਪੰਜਵੜ੍ਹ ਜਿਨ੍ਹਾਂ ਨੇ ਲੰਮਾਂ ਸਮਾਂ ਪੰਥਕ ਰਹੁਰੀਤੀਆ ਉਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ‘ਖ਼ਾਲਿਸਤਾਨ’ ਦੀ ਪ੍ਰਾਪਤੀ ਲਈ ਆਪਣੀ ਜਥੇਬੰਦੀ ਖ਼ਾਲਿਸਤਾਨ ਕਮਾਡੋ ਫੋਰਸ ਦੀ ਮੁੱਖ ਸੇਵਾ ਕਰਦੇ ਹੋਏ ਲੰਮਾਂ ਸਮਾਂ ਸੰਘਰਸ਼ ਕੀਤਾ ਅਤੇ ਜੋ ਬੀਤੇ ਕਈ ਸਾਲਾਂ ਤੋਂ ਲਾਹੌਰ (ਪਾਕਿਸਤਾਨ) ਵਿਖੇ ਰਹਿ ਰਹੇ ਸਨ । ਉਥੇ ਉਨ੍ਹਾਂ ਦੇ ਅਕਾਲ ਚਲਾਣਾ ਹੋਣ ਜਾਣ ਦੀ ਬਦੌਲਤ ਉਹ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਦੀ ਆਜਾਦੀ ਦੀ ਲਹਿਰ ਵਿਚ ਮੋਹਰਲੀਆ ਸਫਾ ਵਿਚ ਯੋਗਦਾਨ ਪਾਉਣ ਵਾਲੀਆ ਸਖਸ਼ੀਅਤਾਂ ਅਤੇ ਸਿੱਖਾਂ ਵਿਚ ਗਮਗੀਨ ਲਹਿਰ ਤੇ ਸੋਕ ਫੈਲ ਗਿਆ ਹੈ । ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੁੱਖ ਦੀ ਘੜੀ ਵਿਚ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦਾ ਹੈ ਕਿ ਸਾਡੇ ਤੋਂ ਵਿਛੜੀ ਮਹਾਨ ਜਰਨੈਲ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਪਰਿਵਾਰਿਕ ਮੈਬਰਾਂ, ਸੰਬੰਧੀਆਂ ਤੇ ਖ਼ਾਲਸਾ ਪੰਥ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਪਰਮਜੀਤ ਸਿੰਘ ਪੰਜਵੜ੍ਹ ਖ਼ਾਲਸਾ ਪੰਥ ਦੇ ਜਰਨੈਲ ਦੇ ਹੋਏ ਅਕਾਲ ਚਲਾਣੇ ਉਤੇ ਗੁਰੂ ਚਰਨਾਂ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਸ਼ਾਹਬਾਜ ਸਰੀਫ਼ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਮ੍ਰਿਤਕ ਦੇਹ ਦਾ ਸਿੱਖੀ ਮਰਿਯਾਦਾਵਾ ਅਨੁਸਾਰ ਸੰਸਕਾਰ ਕਰਨ ਹਿੱਤ ਉਚੇਚੇ ਤੌਰ ਤੇ ਪ੍ਰਬੰਧ ਕਰਕੇ ਉਨ੍ਹਾਂ ਦੇ ਜੱਦੀ ਪਿੰਡ ਪੰਜਵੜ੍ਹ (ਤਰਨਤਾਰਨ, ਪੰਜਾਬ) ਭਿਜਵਾਉਣ ਦਾ ਉੱਦਮ ਕਰਨ ਤਾਂ ਕਿ ਸਮੁੱਚੀ ਸਿੱਖ ਕੌਮ ਉਨ੍ਹਾਂ ਵੱਲੋਂ ਖ਼ਾਲਸਾ ਪੰਥ ਨੂੰ ਦਿੱਤੀਆ ਗਈਆ ਮਹਾਨ ਸੇਵਾਵਾਂ ਦੀ ਬਦੌਲਤ ਉਨ੍ਹਾਂ ਦੇ ਆਖਰੀ ਸਮੇ ਦੇ ਸੰਸਕਾਰ ਸਮੇ ਪੂਰੀ ਇੱਜ਼ਤ ਨਾਲ ਉਨ੍ਹਾਂ ਨੂੰ ਤੋਰ ਸਕਣ ਅਤੇ ਸੰਸਕਾਰ ਰਸਮ ਵਿਚ ਸਾਮਿਲ ਹੋ ਕੇ ਸਰਧਾ ਦੇ ਫੁੱਲ ਭੇਟ ਕਰ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਸ਼ਾਹਬਾਜ ਸਰੀਫ਼ ਪੰਜਾਬ (ਇੰਡੀਆ) ਦੇ ਸਿੱਖਾਂ ਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਦੀ ਇਸ ਸਾਂਝੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਵੜ੍ਹ (ਪੰਜਾਬ) ਪਹੁੰਚਾਉਣ ਵਿਚ ਆਪਣੀ ਜਿੰਮੇਵਾਰੀ ਪੂਰੀ ਕਰ ਦੇਣਗੇ ।