ਸਿੱਖ ਭਾਈਚਾਰੇ ਵਲੋਂ ਲਗਾਏ ਜਾ ਰਹੇ 'ਆਕਸੀਜਨ ਸੇਵਾ ਦੇ ਚਰਚੇ ਦੁਨੀਆ 'ਚ

ਸਿੱਖ ਭਾਈਚਾਰੇ ਵਲੋਂ ਲਗਾਏ ਜਾ ਰਹੇ 'ਆਕਸੀਜਨ ਸੇਵਾ ਦੇ ਚਰਚੇ ਦੁਨੀਆ 'ਚ

 *ਸਿੱਖ ਸੰਸਥਾਵਾਂ ਵਲੋਂ ਦੀਆਂ ਸੇਵਾਵਾਂ ਬਣਨਗੀਆਂ ਰੈੱਡ ਕਰਾਸ ਦੇ ਇਤਿਹਾਸ ਦਾ ਸੁਨਹਿਰੀ ਪੰਨਾ 

  *ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 400 ਬੈੱਡਾਂ ਵਾਲਾ ਕੋਰੋਨਾ ਕੇਅਰ ਸੈਂਟਰ ਸ਼ੁਰੂ     

  * ਗੁਰਦੁਆਰਾ ਸਾਹਿਬ ਆਲਮਗੀਰ ਵਿਚ ਰੂਸ ਤੋਂ ਪਹੁੰਚੇ ਨੌਂ ਆਕਸੀਜਨ ਕੰਸਟ੍ਰੇਟਰ,     

   *ਕੋਰੋਨਾ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ

  *ਸ਼੍ਰੋਮਣੀ ਕਮੇਟੀ ਗੁਰੂ ਘਰਾਂ ਵਿਚ 25-25 ਬਿਸਤਰੇ ਦਾ ਪ੍ਰਬੰਧ ਕਰੇਗੀ

  *ਤਖ਼ਤ ਸ਼੍ਰੀ ਹਰਿਮੰਦਰ ਕਮੇਟੀ ਵਲੋਂ ਆਕਸੀਜਨ ਸੇਵਾ ਸ਼ੁਰੂ

  * ਖ਼ਾਲਸਾ ਏਡ ਵੱਲੋਂ ਪੰਜਾਬ ਸਰਕਾਰ ਨੂੰ ਸੌ ਆਕਸੀਜਨ ਕੰਸਨਟਰੇਟਰ ਭੇਟ 

ਅੰਮ੍ਰਿਤਸਰ ਟਾਈਮਜ਼ ਬਿਊਰੋ    

  ਅੰਮਿ੍ਤਸਰ-ਸਿੱਖ ਭਾਈਚਾਰੇ ਨੇ ਕੋਰੋਨਾ ਮਹਾਂਮਾਰੀ ਦੇ ਖ਼ਤਰਨਾਕ ਹਾਲਾਤ 'ਚ ਵਿਸ਼ਾਲ ਪੱਧਰ 'ਤੇ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਜਨਤਕ ਸਥਾਨਾਂ 'ਤੇ 'ਆਕਸੀਜਨ ਸੇਵਾ ' ਦੀ ਨਿਵੇਕਲੀ ਸੇਵਾ ਦੀ ਸ਼ੁਰੂਆਤ ਕਰਕੇ ਦੁਨੀਆ ਭਰ ਦੇ ਦੇਸ਼ਾਂ ਅਤੇ ਕੌਮਾਂ ਦਾ ਦਿਲ ਜਿੱਤ ਲਿਆ ਹੈ । ਸਿੱਖ ਭਾਈਚਾਰੇ ਵਲੋਂ ਮਨੁੱਖੀ ਜਾਨਾਂ ਬਚਾਉਣ ਲਈ ਸ਼ੁਰੂ ਕੀਤੀ ਪਹਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ । ਇਸ ਬਾਰੇ 'ਚ ਬਹੁਤ ਸਾਰੇ ਗ਼ੈਰ-ਸਿੱਖ ਬੁੱਧੀਜੀਵੀਆਂ, ਪੱਤਰਕਾਰਾਂ, ਧਾਰਮਿਕ ਆਗੂਆਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ ਹੈ ਕਿ ਤਾਲਾਬੰਦੀ ਦੌਰਾਨ ਜ਼ਰੂਰਤਮੰਦਾਂ ਤੱਕ ਰਾਸ਼ਨ, ਲੰਗਰ, ਮੈਡੀਕਲ ਸੇਵਾਵਾਂ ਪਹੁੰਚਾਉਣ ਦੇ ਇਲਾਵਾ ਹੁਣ ਕੋਰੋਨਾ ਮਹਾਂਮਾਰੀ ਦੀ ਦੂਸਰੀ ਖ਼ਤਰਨਾਕ ਲਹਿਰ ਦੌਰਾਨ ਸਿੱਖ ਸੰਸਥਾਵਾਂ ਅਤੇ ਨਿੱਜੀ ਪੱਧਰ 'ਤੇ ਸਿੱਖ ਭਾਈਚਾਰੇ ਵਲੋਂ ਦਿਤੀ ਜਾ ਰਹੀ 'ਆਕਸੀਜਨ ਸੇਵਾ' ਨੇ ਦੁਨੀਆ ਭਰ ਦੀਆਂ ਕੌਮਾਂ ਸਿੱਖ ਕੌਮ ਦੀ ਨਿਸ਼ਕਾਮ ਸੇਵਾ ਭਾਵਨਾ ਦੀ ਸਰਾਹੁਣਾ ਕਰ ਰਹੀਆਂ ਹਨ । ਉਨ੍ਹਾਂ ਨੇ ਕਿਹਾ ਹੈ ਕਿ  ਉਹ ਸਿੱਖ ਭਾਈਚਾਰੇ ਨੂੰ ਆਕਸੀਜਨ ਦੀ ਵੰਡ ਦੀ ਜ਼ਿੰਮੇਵਾਰੀ ਸੌਂਪ ਦੇਵੇ ਤਾਂਂ ਜੋੋ ਬਰਾਬਰੀ ਦੀ ਵੰੰਡ ਹੋ ਸਕੇ।  ਹਰ ਰੋਜ਼ ਸਵੇਰ-ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਤੇ ਸਿੱਖ ਸੰਸਥਾਵਾਂ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪੀੜਤਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਜੁਟਾਈ ਜਾ ਰਹੀ ਹੈ।

ਦਰਅਸਲ, ਕੋਵਿਡ ਮਾਮਲਿਆਂ 'ਚ ਹੋਏ ਵਾਧੇ ਤੋਂ ਬਾਅਦ ਭਾਰਤ ਆਕਸੀਜਨ ਸਪਲਾਈ ਤੇ ਡਾਕਟਰੀ ਸਹਾਇਤਾ ਦੀ ਭਾਰੀ ਘਾਟ ਦੌਰਾਨ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਭਾਈਚਾਰੇ ਨੇ ਨਿੱਜੀ ਪੱਧਰ 'ਤੇ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੋਈ ਹੈ ਅਤੇ 'ਆਕਸੀਜਨ ਸੇਵਾ' ਦੇ ਨਾਂਅ 'ਤੇ ਗੁਰਦੁਆਰਿਆਂ ਅਤੇ ਲੋਕਾਂ ਦੇ ਦਰਵਾਜ਼ਿਆਂ 'ਤੇ ਇਹ ਲੰਗਰ ਸੇਵਾ ਮੁਹੱਈਆ ਕਰਨ ਦੇ ਨਵੇਂ ਤਰੀਕੇ ਲੱਭੇ ਹਨ ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਖੇ ਭੋਜਨ ਮੁਹੱਈਆ ਕਰਵਾ ਰਹੀ ਹੈ, ਉੱਥੇ ਹੀ ਉਨ੍ਹਾਂ ਨੇ ਸ਼ਹਿਰ ਦੇ ਕਈ ਗੁਰਦੁਆਰਿਆਂ ਦੇ ਬਾਹਰ ਵੀ ਆਕਸੀਜਨ ਲੰਗਰ ਲਗਾਏ ਹਨ । ਇਸ ਦੇ ਇਲਾਵਾ ਗੁਰਦੁਆਰਾ ਰਕਾਬ ਗੰਜ, ਨਵੀਂ ਦਿੱਲੀ ਵਿਖੇ ਢੁਕਵੀਂ ਆਕਸੀਜਨ ਸਪਲਾਈ ਵਾਲੇ 400 ਬੈੱਡਾਂ ਵਾਲਾ ਇਕ ਕੋਵਿਡ ਕੇਅਰ ਸੈਂਟਰ ਵੀ ਤਿਆਰ ਕੀਤਾ ਹੈ । 

 ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ 'ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ  ਰਸਮੀ ਤੌਰ 'ਤੇ ਸ਼ੁਰੂ ਹੋ ਗਿਆ। ਸੈਂਟਰ ਦੀ ਸ਼ੁਰੂਆਤ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ  ਸਤੇਂਦਰ ਜੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ। ਸਿਹਤ ਮੰਤਰੀ ਸਤੇਂਦਰ ਜੈਨ ਨੇ 400 ਬੈੱਡਾਂ ਵਾਲੇ ਇਸ ਸੈਂਟਰ ਨੂੰ ਦਿੱਲੀ ਸਰਕਾਰ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨੂੰ ਐਲ.ਐਨ.ਜੇ.ਪੀ. ਹਸਪਤਾਲ ਨਾਲ ਜੋੜਿਆ ਗਿਆ ਹੈ ਤਾਂ ਜੋ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਉਥੇ ਆਈ.ਸੀ.ਯੂ. 'ਚ ਇਲਾਜ ਲਈ ਭੇਜਿਆ ਜਾ ਸਕੇ। ਇਸ ਸੈਂਟਰ ਦਾ ਸਾਰਾ ਬੁਨਿਆਦੀ ਢਾਂਚਾ ਦਿੱਲੀ ਗੁਰਦੁਆਰਾ ਕਮੇਟੀ ਨੇ ਤਿਆਰ ਕੀਤਾ ਹੈ ਜਦਕਿ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਦਿੱਲੀ ਸਰਕਾਰ ਨੇ ਮੁਹੱਈਆ ਕਰਵਾਇਆ ਹੈ। ਸ਼੍ਰੋਮਣੀ  ਕਮੇਟੀ ਨੇ ਵੀ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਨਾਲ ਨਾਲ ਕਾਨਸੰਟ੍ਰੇਟਰ ਰਾਹੀਂ ਹਵਾ ਤੋਂ ਆਕਸੀਜਨ ਤਿਆਰ ਕਰਕੇ ਮੈਡੀਕਲ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ । ਇਸ ਤੋਂ ਇਲਾਵਾ ਕੋਰੋਨਾ ਮਰੀਜ਼ਾਂ ਲਈ ਪਹਿਲਾਂ ਤੋਂ ਰਾਖਵੇਂ ਰੱਖੇ ਗਏ ਉਕਤ ਹਸਪਤਾਲ 'ਚ ਕਮੇਟੀ ਵਲੋਂ 100 ਬੈੱਡਾਂ ਅਤੇ 37 ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਮੌਜੂਦਾ ਸਮੇਂ ਵਧ ਰਹੇ ਕੋਰੋਨਾ ਕੇਸਾਂ ਨੂੰ ਧਿਆਨ 'ਚ ਰੱਖਦਿਆਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਦੀਵਾਨ ਹਾਲ 'ਚ ਦੋ ਭਾਗਾਂ 'ਚ 25-25 ਬੈੱਡਾਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 25 ਬੈੱਡਾਂ ਦਾ ਆਰਜ਼ੀ ਵਾਰਡ ਵੀ ਤਿਆਰ ਕੀਤਾ ਗਿਆ ਹੈ ।   ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਚਾਰ ਹੋਰ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਪਟਿਆਲਾ, ਭੁਲੱਥ ਤੇ ਜਲੰਧਰ ਵਿਚ ਸ਼੍ਰੋਮਣੀ ਕਮੇਟੀ ਕੋਵਿਡ ਕੇਂਦਰਾਂ ਦੀ ਸ਼ੁਰੂਆਤ ਕਰੇਗੀ।ਸਾਰੇ ਗੁਰਦੁਆਰਿਆਂ ਦੇ 25 ਬਿਸਤਰੇ ਹੋਣਗੇ। ਐਸਜੀਪੀਸੀ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਤਿੰਨ ਡਾਕਟਰਾਂ ਅਤੇ ਸਟਾਫ ਦੀ ਇਕ ਟੀਮ ਅਤੇ ਇਕ ਐਂਬੂਲੈਂਸ ਨੂੰ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਕੋਵਿਡ ਸੈਂਟਰ ਲਈ ਭੇਜਿਆ ਹੈ। ਇਸ ਸੈਂਟਰ ਵਿਚ ਲੈਵਲ 2 ਦੇ ਮਰੀਜ਼ਾਂ ਦਾ ਇਲਾਜ਼ ਵੀ ਕੀਤਾ ਜਾਵੇਗਾ।  ਬੀਬੀ ਜਗੀਰ ਕੌਰ ਨੇ ਦੱਸਿਆ ਕਿ 16 ਕੰਸਟਰੇਟਰ ਰੂਸ ਤੋਂ ਆਏ ਹਨ। ਨੌਂ ਨੂੰ ਕਸਟਮ ਕਲੀਅਰੰਸ ਮਿਲੀ ਗਈ ਹੈ। ਉਨ੍ਹਾਂ ਵੱਲੋਂ ਤਿਆਰੀ ਪੂਰੀ ਹੋ ਗਈ ਸੀ। ਆਕਸੀਜਨ ਪਹੁੰਚਦੇ ਹੀ ਕੋਵਿਡ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਸੰਕ੍ਰਮਿਤ ਮਰੀਜ਼ਾਂ ਦਾ ਇਲਾਜ਼ ਇਥੇ ਮੁਫਤ ਕੀਤਾ ਜਾਵੇਗਾ। ਕੋਵਿਡ ਸੈਂਟਰ ਲਈ ਮੁੱਖ ਸਕੱਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਗਿਆ ਲਈ ਗਈ ਹੈ।ਤਖ਼ਤ ਸ਼੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਗੁਰਦੁਆਰਾ ਵੱਲੋਂ 10 ਵੱਡੇ ਸਿਲੰਡਰ ਦੀ ਵਿਵਸਥਾ ਕੰਗਨਘਾਟ ਸਥਿਤ ਨਵੇਂ ਲਾਏ ਗਏ ਟੈਂਟ 'ਚ ਕੀਤੀ ਹੈ। ਇਹ ਸੇਵਾ ਸਵੇਰੇ ਅੱਠ ਤੋਂ ਰਾਤ ਦੇ ਅੱਠ ਵਜੇ ਤਕ ਉਪਲੱਬਧ ਰਹੇਗੀ। ਜਨਰਲ ਸਕੱਤਰ ਨੇ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਦੇ ਆਲੇ-ਦੁਆਲੇ ਸੰਘਣੀ ਆਬਾਦੀ ਹੈ। ਕੋਰੋਨਾ ਦੀ ਦੂਜੀ ਲਹਿਰ 'ਚ ਤਖ਼ਤ ਸ਼੍ਰੀ ਹਰਿਮੰਦਰ ਦੇ ਨੇੜੇ-ਤੇੜੇ ਅੱਧੀ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਦਰਜਨ ਲੋਕ ਘਰਾਂ 'ਚ ਆਈਸੋਲੇਟ ਹਨ। ਆਕਸੀਜਨ ਨਾ ਮਿਲਣ ਨਾਲ ਪਰਿਵਾਰਕ ਮੈਂਬਰ ਇਧਰ-ਓਧਰ ਭਟਕਦੇ ਹਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਦੱਸਿਆ ਕਿ ਪਟਨਾ ਦੇ ਜ਼ਿਲ੍ਹਾ ਅਧਿਕਾਰੀ ਤੋਂ 25 ਆਕਸੀਜਨ ਸਿਲੰਡਰਾਂ ਦੀ ਮੰਗ ਕੀਤੀ ਹੈ। 10 ਦਿਨ ਬੀਤਣ ਤੋਂ ਬਾਅਦ ਵੀ ਡੀਐੱਮ ਪੱਧਰ ਤੋਂ ਸਿਲੰਡਰ ਨਾ ਮਿਲਣ 'ਤੇ ਆਪਣੇ ਪੱਧਰ 'ਤੇ ਕਮੇਟੀ ਵੱਲੋਂ 10 ਵੱਡੇ ਸਿਲੰਡਰਾਂ 'ਚੋਂ ਹੀ ਆਕਸੀਜਨ ਵੰਡ ਕੇ ਸਾਹ ਸੌਖੇ ਕਰਨ ਦਾ ਯਤਨ ਕੀਤਾ ਜਾਵੇਗਾ।

ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵਲੋਂ ਜਿੱਥੇ ਜ਼ਰੂਰਤਮੰਦਾਂ ਨੂੰ ਮੁਫ਼ਤ ਆਕਸੀਜਨ, ਮਾਸਕ, ਸੈਨੇਟਾਈਜ਼ਰ, ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਵੱਡੀ ਗਿਣਤੀ 'ਚ ਹੋ ਰਹੀਆਂ ਮੌਤਾਂ ਦੇ ਚਲਦਿਆਂ ਸਮਸ਼ਾਨਘਾਟਾਂ 'ਚ ਸਸਕਾਰ ਲਈ ਲੱਕੜੀਆਂ ਦੀ ਆਈ ਕਮੀ ਦੇ ਚਲਦਿਆਂ ਖ਼ਾਲਸਾ ਏਡ ਦੇ ਵਲੰਟੀਅਰਾਂ ਵਲੋਂ ਸਸਕਾਰ ਲਈ ਮੁਫ਼ਤ ਲੱਕੜੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ।  ਖ਼ਾਲਸਾ ਏਡ ਨੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ 100 ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ। ਇਹ ਕੰਸਨਟਰੇਟਰ ਐਨਐਚਐਮ ਦੇ ਪੰਜਾਬ ਮੰਡੀ ਬੋਰਡ ਕੰਪਲੈਕਸ ਦੇ ਸੈਕਟਰ-65 ਮੁਹਾਲੀ ਸਥਿਤ ਬਣਾਏ ਗਏ ਕੋਵਿਡ-19 ਸਟੋਰ ਵਿਖੇ ਅੱਜ ਡਲਿਵਰ ਕੀਤੇ ਗਏ ਹਨ। ਖ਼ਾਲਸਾ ਏਡ ਦੇ ਵਾਲੰਟੀਅਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਸਨਟਰੇਟਰ ਖ਼ੁਦ ਹੀ ਆਕਸੀਜਨ ਜਨਰੇਟ ਕਰ ਸਕਦੇ ਹਨ.  ।

ਉੱਧਰ ਹੇਮਕੁੰਟ ਫਾਉਂਡੇਸ਼ਨ ਵਲੋਂ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਇਕ ਹੋਰ ਨਵੀਨਤਾਕਾਰੀ ਹੱਲ ਕੱਢਿਆ ਗਿਆ ਹੈ ਅਤੇ ਫਾਊਂਂਡੇਸ਼ਨ ਦੇ ਵਲੰਟੀਅਰ ਆਪਣੀਆਂ ਨਿੱਜੀ ਕਾਰਾਂ, ਟੈਕਸੀਆਂ ਅਤੇ ਆਟੋ ਰਿਕਸ਼ਿਆਂ 'ਚ ਮਰੀਜ਼ਾਂ ਨੂੰ ਲਿਟਾ ਕੇ ਆਕਸੀਜਨ ਉਪਲਬਧ ਕਰਵਾ ਰਹੇ ਹਨ । ਹੇਮਕੁੰਟ ਫਾਊਾਡੇਸ਼ਨ ਨੇ ਮਰੀਜ਼ਾਂ ਲਈ ਖਾਣਾ, ਬਿਸਤਰੇ, ਕੰਬਲ, ਵਾਟਰ ਕੂਲਰ, ਪਾਣੀ ਦੀਆਂ ਟੈਂਕੀਆਂ ਅਤੇ ਪੋਰਟੇਬਲ ਟਾਇਲਟ ਦੀ ਸਹੂਲਤ ਵੀ ਉਪਲਬਧ ਕਰਵਾਈ ਹੈ ।ਇਥੇ ਜਿਕਰਯੋਗ ਹੈ ਕਿ ਭਾਵੇਂ 8 ਮਈ 1828 ਨੂੰ ਸਵਿਟਜ਼ਰਲੈਂਡ ਵਿਚ ਪੈਦਾ ਹੋਏ ਜੀਨ ਹੈਨਰੀ ਡੂਨੰਟ ਵਲੋਂ 1859 ਈ: ਵਿਚ ਸੋਲਫੇਰੀਨੋ ਵਿਚ ਤਿੰਨ ਦੇਸ਼ਾਂ ਇਟਲੀ, ਫਰਾਂਸ ਅਤੇ ਆਸਟ੍ਰੀਆ ਦੀ ਜੰਗ ਦੌਰਾਨ ਜ਼ਖ਼ਮੀ ਫੌਜੀਆਂ ਦੀ ਦੁਰਦਸ਼ਾ ਦੇਖ ਕੇ ਉਨ੍ਹਾਂ ਦੀ ਮਦਦ ਕਰਨ ਲਈ 1863 ਈ: ਵਿਚ ਸਵੈ-ਇੱਛਕ ਸੇਵਾ ਭਾਵਨਾ ਵਾਲੀ ਇਕ ਸੰਸਥਾ ਬਣਾਈ ਸੀ ।ਹੈਨਰੀ ਡੂਨੰਟ ਵਲੋਂ ਸੰਸਾਰ ਪੱਧਰ 'ਤੇ ਬਣਾਈ ਸੰਸਥਾ ਜਿਸ ਨੂੰ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ ਦਾ ਨਾਂਅ ਦਿੱਤਾ ਗਿਆ ਸੀ, ਨੂੰ ਸੰਸਾਰ ਪੱਧਰ 'ਤੇ ਮਾਨਤਾ ਮਿਲਣੀ ਸ਼ੁਰੂ ਹੋਈ । ਸੰਸਾਰ ਭਰ ਵਿਚ 8 ਮਈ 1948 ਦਾ ਦਿਨ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਣ ਲੱਗ ਪਿਆ ਅਤੇ ਫਿਰ 1984 ਵਿਚ ਰੈੱਡ ਕਰਾਸ ਸੰਸਥਾ ਨੂੰ ਵਰਲਡ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਡੇ ਦਾ ਨਾਂਅ ਦਿੱਤਾ ਗਿਆ ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸ਼ਰਧਾਲੂ ਭਾਈ ਘਨ੍ਹੱਈਆ ਨੇ ਰੈੱਡ ਕਰਾਸ ਸੰਸਥਾ ਹੋਂਦ ਵਿਚ ਆਉਣ ਤੋਂ 200 ਸਾਲ ਪਹਿਲਾਂ ਹੀ ਬਿਨਾਂ ਕਿਸੇ ਭੇਦ-ਭਾਵ ਤੋਂ ਇਸ ਸੰਸਥਾ ਦੀ ਹੋਂਦ ਕਾਇਮ ਕਰ ਦਿੱਤੀ ਸੀ । ਉਹ ਜਿੱਥੇ ਜੰਗ ਵਿਚ ਜਖ਼ਮੀ ਹੋਏ ਸਿੱਖ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨ, ਉੱਥੇ ਸਿੱਖਾਂ ਨਾਲ ਜੰਗ ਲੜਨ ਵਾਲੇ ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣਾ ਅਤੇ ਉਨ੍ਹਾਂ ਦੇ ਮਲ੍ਹਮ ਪੱਟੀ ਕਰਨਾ ਆਪਣਾ ਧਰਮ ਸਮਝਦੇ ਸਨ ।ਹਰ ਸਮੇਂ ਲੋਕਾਂ ਦੀ ਮੁਸੀਬਤ ਵਿਚ ਮਦਦ ਕਰਨ ਲਈ ਤੱਤਪਰ ਰਹਿਣ ਵਾਲਾ ਸਿੱਖ ਭਾਈਚਾਰਾ ਸਮੁੱਚੇ ਸੰਸਾਰ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ । ਖਾਲਸਾ ਏਡ, ਸਰਬੱਤ ਦਾ ਭਲਾ ਟਰੱਸਟ,ਯੂੂੂਨਾਈਟਿਡ ਸਿਖਸ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ  ਕਮੇੇੇਟੀ ਵਲੋਂ ਅੰਨ-ਜਲ ਲੰਗਰਾਂ ਦੀ ਤਰ੍ਹਾਂ ਆਕਸੀਜਨ ਦੇ ਲੰਗਰ ਲਗਾਏ ਗਏ ਹਨ, ਵੈਂਟੀਲੇਟਰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਸ਼ਮਸ਼ਾਨ ਘਾਟਾਂ ਵਿਚ ਲਾਸ਼ਾਂ ਚੁੱਕ-ਚੁੱਕ ਕੇ ਸਸਕਾਰ ਕਰਵਾਏ ਜਾ ਰਹੇ ਹਨ, ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ, ਪੀੜਤਾਂ ਦੇ ਪਰਿਵਾਰਾਂ ਨੂੰ ਰਹਿਣ ਲਈ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਗੁਰਦੁਆਰਿਆਂ ਨੂੰ ਹਸਪਤਾਲਾਂ ਵਿਚ ਬਦਲਿਆ ਜਾ ਰਿਹਾ ਹੈ ।