ਬਹਾਦਰ ਪੰਜਾਬਣਾਂ ਨੇ ਕੋਰੋਨਾ ਨਾਲ ਮਰ ਚੁਕੇ ਲੋਕਾਂ ਦੀਆਂ ਅਰਥੀਆਂ ਨੂੰ ਮੋਢਾ ਦੇ ਕੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਮਹਾਮਾਰੀ ਦੇ ਦੌਰ 'ਚ ਵੀ ਮਾਨਵਤਾ ਲਈ ਕੁਝ ਹੱਟ ਕੇ ਕਰਨ ਵਾਲੇ ਘੱਟ ਹੀ ਹਨ ਪਰ ਚੰਡੀਗੜ੍ਹ ਰੈੱਡਕ੍ਰਾਸ ਸੋਸਾਇਟੀ ਨਾਲ ਜੁੜੀਆਂ ਕੁੜੀਆਂ ਨੇ ਅਜਿਹਾ ਕਰਨ ਦਾ ਸਾਹਸ ਦਿਖਾਇਆ ਹੈ। ਇਨ੍ਹਾਂ 'ਚ ਜ਼ਸ਼ਨ ਤੇ ਸਵਿਤਾ ਸ਼ਾਮਲ ਹੈ। 24 ਸਾਲ ਦੀ ਜਸ਼ਨ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰ ਚੁੱਕੀ ਹੈ। ਜਦਕਿ ਸਵਿਤਾ ਨੇ ਵੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਵਲ ਸਰਵਿਸੇਜ਼ ਦੀ ਤਿਆਰੀ ਲਈ ਚੰਡੀਗੜ੍ਹ ਦਾ ਰੁਖ਼ ਕੀਤਾ। ਉਹ ਸੈਲਫ ਸਟੱਡੀ ਕਰਨ ਦੇ ਨਾਲ ਚੰਡੀਗੜ੍ਹ ਰੈੱਡਕ੍ਰਾਸ ਸੋਸਾਇਟੀ ਨਾਲ ਜੁੜੀ ਹੈ।ਕੋਰੋਨਾ ਕਾਰਨ ਮਰੇ ਲੋਕਾਂ ਦੀ ਅਰਥੀ ਨੂੰ ਕੰਧਾ ਦੇਣ ਵਾਲੇ ਮੋਹਾਲੀ ਦੀ ਜਸ਼ਨ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹਰ ਪਾਸੇ ਡਰ ਦਾ ਮਾਹੌਲ ਸੀ ਪਰ ਉਨ੍ਹਾਂ ਨੇ ਡਰਨਾ ਸਹੀ ਨਹੀਂ ਸਮਝਿਆ। ਉਨ੍ਹਾਂ ਦੱਸਿਆ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਇਨ ਵੂਮੇਨ ਸਟੱਡੀ ਕੀਤੀ ਹੈ, ਜਿਸ 'ਚ ਸਮਾਜ ਲਈ ਕੰਮ ਕਰਨ ਨੂੰ ਜ਼ੋਰ ਦਿੱਤਾ ਜਾਂਦਾ ਹੈ। ਮੈਂ ਆਪਣੀ ਪੜ੍ਹਾਈ ਮੁਤਾਬਿਕ ਕੰਮ ਕਰਨ ਦੀ ਸ਼ੁਰੂਆਤ ਕੀਤੀ। ਜਦੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤਾ ਜਾਂਦਾ ਸੀ, ਉਦੋਂ ਉਨ੍ਹਾਂ ਦਾ ਪੂਰੇ ਨਿਯਮਾਂ ਮੁਤਾਬਿਕ ਸਸਕਾਰ ਕਰਨਾ ਵੀ ਜ਼ਰੂਰੀ ਸੀ। ਇਸ ਲਈ ਰੈੱਡਕ੍ਰਾਸ ਸੋਸਾਇਟੀ ਨਾਲ ਉਨ੍ਹਾਂ ਨੇ ਅੱਗੇ ਵੱਧਣ ਦਾ ਫ਼ੈਸਲਾ ਕੀਤਾ ਤੇ ਪੀਪੀਈ ਕਿੱਟ ਪਾ ਕੇ ਅਰਥੀਆਂ ਨੂੰ ਕੰਧਾ ਦੇਣਾ ਸ਼ੁਰੂ ਕਰ ਦਿੱਤਾ। ਇਸ ਵਿਚਕਾਰ ਇਕ ਮਹੀਨੇ ਤਕ ਮੈਂ ਘਰ 'ਚ ਕਿਸੇ ਨੂੰ ਪਤਾ ਨਹੀਂ ਚੱਲਣ ਦਿੱਤਾ ਕਿ ਮੈਂ ਕੀ ਕਰ ਰਹੀ ਹਾਂ। ਜਿਵੇਂ ਹੀ ਘਰ ਪਤਾ ਚਲਿਆ ਤਾਂ ਵਿਰੋਧ ਹੋਇਆ ਪਰ ਬਾਅਦ 'ਚ ਮੇਰੇ ਪਿਤਾ ਸੁਰਿੰਦਰ ਸਿੰਘ ਜੋ ਕਿ ਪੰਜਾਬ ਸਕੱਤਰੇਤ 'ਚ ਵਰਕਰ ਹਨ ਤੇ ਮਾਂ ਭਗਵੰਤ ਕੌਰ ਜੋ ਕਿ ਸਰਕਾਰੀ ਸਕੂਲ 'ਚ ਕੰਮ ਕਰਦੀ ਸੀ। ਉਨ੍ਹਾਂ ਨੇ ਮੇਰੇ ਕੰਮ ਦਾ ਸਮਰਥਨ ਕੀਤਾ।ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦਾ ਅੰਤਿਮ ਸਸਕਾਰ ਕਰਨ ਵਾਲੀ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੀ ਸਵਿਤਾ ਪੰਜਾਬਣ ਨੇ ਦੱਸਿਆ ਕਿ ਮੇਰੇ ਮੰਮੀ-ਪਾਪਾ ਦਾ ਦੇਹਾਂਤ ਹੋ ਚੁੱਕਿਆ ਹੈ। ਅਪਣਿਆਂ ਨੂੰ ਖੋਹਣ ਦਾ ਦਰਦ ਮੈਂ ਸਮਝ ਸਕਦੀ ਹਾਂ। ਚੰਡੀਗੜ੍ਹ 'ਚ ਸਿਵਲ ਸਰਵਿਸੇਜ਼ ਦੀ ਤਿਆਰੀ ਕਰ ਰਹੀ ਸੀ, ਉਸੇ ਦੌਰਾਨ ਮੈਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਇਕ ਵਾਰ ਵੀ ਨਾ ਸੋਚਿਆ। ਕਿਉਂਕਿ ਮੈਂ ਸਿਵਲ ਸਰਵਿਸੇਜ਼ 'ਚ ਸਮਾਜ ਸੇਵਾ ਲਈ ਜਾਣਾ ਚਾਹੁੰਦੀ ਹਾਂ ਤੇ ਉਸ ਦੀ ਸ਼ੁਰੂਆਤ ਮੈਂ ਕੋਰੋਨਾ ਕਾਲ 'ਚ ਕੀਤੀ।
Comments (0)