ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੋਸ਼ਲ ਮੀਡੀਆ ਤੇ ਹੁਣ ਨਹੀ ਰਹੇ ਕਾਂਗਰਸੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੋਸ਼ਲ ਮੀਡੀਆ ਤੇ ਹੁਣ ਨਹੀ ਰਹੇ ਕਾਂਗਰਸੀ

ਫੇਸਬੁੱਕ ਅਤੇ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਸ਼ਬਦ ਹਟਾਇਆ 

 ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:  (ਸੁਖਜਿੰਦਰ ਸਿੰਘ ਪੰਜਗਰਾਈਂ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਵੇਂ ਚੁੱਪੀ ਧਾਰੀ ਹੋਈ ਸੀ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦੇਣ ਅਤੇ ਦਿੱਲੀ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਲਈ ਰਵਾਨਾ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟਾਂ ਦੀ ਹਨੇਰੀ ਲਿਆ ਕੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਹਾਈਕਮਾਂਡ ਪ੍ਰਤੀ ਭਾਰੀ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਦਾ ਕਹਿਣਾ ਹੈ ਕਿ ਉਹ ਭਾਜਪਾ ਵਿਚ ਸ਼ਾਮਿਲ ਨਹੀਂ ਹੋ ਰਹੇ, ਪਰ ਉਹ ਕਾਂਗਰਸ ਛੱਡ ਰਹੇ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦਾ ਵਿਵਹਾਰ ਉਨ੍ਹਾਂ ਦੇ ਨਾਲ  ਕੀਤਾ ਗਿਆ ਉਹ ਸਹਿਣ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਆਪਣੇ ਟਵਿੱਟਰ ਅਤੇ ਫੇਸਬੁੱਕ ਪੇਜ ਤੋਂ ਕਾਂਗਰਸ ਸ਼ਬਦ ਹਟਾ ਦਿੱਤਾ ਗਿਆ ਹੈ ਤੇ ਉਹਨਾਂ ਨੇ ਹੁਣ ਫੇਸਬੁੱਕ ਅਤੇ ਆਪਣੀ ਟਵਿੱਟਰ ਪ੍ਰੋਫਾਈਲ ਤੇ ਆਪਣੇ ਬਾਇਓ 'ਚ ਸਾਬਕਾ ਫੌਜੀ,ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੀ ਸੇਵ ਕਰਦਾ ਰਹਿਣ ਵਾਲਾ ਆਪਣੇ ਆਪ ਨੂੰ ਲਿਖਿਆ ਹੈ। ਕੈਪਟਨ ਆਪਣੀ ਪਾਰਟੀ ਬਣਾਉਣਗੇ ਜਾਂ ਬੀਜੇਪੀ 'ਚ ਸ਼ਾਮਲ ਹੁੰਦੇ ਹਨ ਇਹ ਤਾਂ ਸਭ ਕੁਝ ਅਜੇ ਸਮੇਂ ਦੇ ਗਰਭ ਵਿੱਚ ਹੈ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲ ਮੁੱਖ ਮੰਤਰੀ ਰਹਿੰਦਿਆਂ ਕਾਰਗੁਜ਼ਾਰੀ ਭਾਵੇਂ ਜੀਰੋ ਹੈ ਪਰ ਉਹ ਕਾਂਗਰਸ ਦਾ ਵੱਡਾ ਚਿਹਰਾ ਹੋਣ ਕਰਕੇ ਜੇ ਕਾਂਗਰਸ ਛੱਡ ਕੇ ਕੋਈ ਹੋਰ ਸਿਆਸੀ ਕਦਮ ਪੁੱਟਦੇ ਹਨ ਤਾਂ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।