ਸੀ.ਬੀ.ਆਈ ਦੀ ਬੇਅਦਬੀ ਕਾਂਡ ਵਿੱਚ ਬੇਲੋੜੀ ਦਖਲਅੰਦਾਜੀ ਵਿਰੁੱਧ 17 ਨੂੰ ਬਰਗਾੜੀ ਵਿਖੇ ਰੋਸ ਮੁਜ਼ਾਹਰਾ : ਪੰਥਕ ਜਥੇਬੰਦੀਆਂ

ਸੀ.ਬੀ.ਆਈ ਦੀ ਬੇਅਦਬੀ ਕਾਂਡ ਵਿੱਚ ਬੇਲੋੜੀ ਦਖਲਅੰਦਾਜੀ ਵਿਰੁੱਧ 17 ਨੂੰ ਬਰਗਾੜੀ ਵਿਖੇ ਰੋਸ ਮੁਜ਼ਾਹਰਾ : ਪੰਥਕ ਜਥੇਬੰਦੀਆਂ


ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਉਤੇ ਬੇਅਦਬੀ ਕੇਸ ਵਿੱਚ ਰਾਜਨੀਤਿਕ ਮਨੋਰਥਾਂ ਨਾਲ ਬੇਲੋੜੀ ਦਖਲਅੰਦਾਜੀ ਕਰਨ ਦਾ ਦੋਸ਼ ਲਾਉਦਿਆਂ, ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਨੇ ਏਜੰਸੀ ਵੱਲੋਂ ਮੁੱਖ ਦੋਸ਼ੀਆਂ ਨੂੰ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।  

ਤਿੰਨਾਂ ਪੰਥਕ ਜਥੇਬੰਦੀਆਂ ਵਲੋਂ 17 ਜੁਲਾਈ ਨੂੰ ਬਰਗਾੜੀ ਵਿਖੇ ਮੁਜ਼ਾਹਰਾ ਕੀਤਾ ਜਾਵੇਗਾ।

ਇਸ ਸਬੰਧੀ ਐਲਾਨ ਤਿੰਨਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਗੁਰਦੀਪ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਸਕਰਨ ਸਿੰਘ ਕਾਹਨਸਿੰਘਵਾਲਾ ਨੇ ਪ੍ਰੈਸ ਬਿਆਨ ਵਿੱਚ ਕੀਤਾ। ਉਹਨਾਂ ਜੁਡੀਸ਼ਰੀ ਅਤੇ ਹੁਕਮਰਾਨ ਧਿਰ ਨੂੰ ਸਪਸ਼ਟ ਸੁਨੇਹਾ ਦਿੱਤਾ ਕਿ ਪੰਜਾਬ ਦੇ ਲੋਕ  ਸੀ.ਬੀ.ਆਈ ਦੀ ਦਖਲਅੰਦਾਜੀ ਨੂੰ ਇਨਸਾਫ ਨੂੰ ਤਾਰਪੀਡੋ ਕਰਨ ਦੀ ਹਰਕਤ ਸਮਝਦੇ ਹਨ ਅਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਉਹਨਾਂ ਕਿਹਾ ਕਿ ਜਦੋਂ ਸਿੱਟ ਕੇਸ ਨੂੰ ਹੱਲ ਕਰਨ ਅਤੇ ਮੁੱਖ ਦੋਸ਼ੀ ਡੇਰਾ ਸਿਰਸਾ ਦੇ ਬਦਨਾਮ ਮੁੱਖੀ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਕਰਨ ਲਈ ਗ੍ਰਿਫਤਾਰ ਕਰਨ ਵੱਲ ਵੱਧ ਰਹੀ ਹੈ ਤਾਂ ਐਨ ਉਸ ਮੌਕੇ ਸੀ.ਬੀ.ਆਈ ਨੇ ਵਿਸ਼ੇਸ਼ ਅਦਾਲਤ ਨੂੰ ਸਿੱਟ ਦੀ ਕਾਰਵਾਈ ਰੋਕਣ ਲਈ ਪਟੀਸ਼ਨ ਦਾਖਿਲ ਕਰ ਕੇਸ ਵਿੱਚ ਅੜਿਕਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਨਾ ਤਾਂ ਕਾਬਲੇ-ਬਰਦਾਸ਼ਤ ਹੈ ਅਤੇ ਨਾ ਹੀ ਪ੍ਰਵਾਨ ਕੀਤਾ ਜਾ ਸਕਦਾ ਹੈ।

ਉਹਨਾਂ ਮੌਜੂਦਾ ਮੋਦੀ ਸਰਕਾਰ ਉਤੇ ਦੋਸ਼ ਲਾਉਦਿਆਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਹੱਥ ਪੈਂਦਿਆਂ ਦੇਖ ਦਿੱਲੀ ਦੇ ਹੁਕਮਰਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਵਿੱਚ ਉਸ ਬਲਾਤਕਾਰੀ ਸਾਧ ਅਤੇ ਉਸ ਦੇ ਰਾਜਨੀਤਿਕ ਆਕਾਵਾਂ ਨੂੰ ਬਚਾਉਣ ਲਈ ਸੀ.ਬੀ.ਆਈ ਨੂੰ ਅੱਗੇ ਕਰਕੇ ਜਾਂਚ ਦੀ ਰਫਤਾਰ ਨੂੰ ਮੱਧਮ ਕਰਨ ਦੀ ਚਾਲ ਚੱਲੀ ਹੈ।

ਉਹਨਾਂ ਬਾਦਲ ਪਰਿਵਾਰ ਜਿਸਨੇ ਅਕਾਲੀ-ਭਾਜਪਾ ਸਰਕਾਰ ਦੌਰਾਨ  ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਲੈਣ ਖਾਤਿਰ ਗੁਰੂਡੰਮ ਦਾ ਪ੍ਰਪੰਚ ਚਲਾ ਰਹੇ ਸਿਰਸਾ ਡੇਰਾ ਨੂੰ ਸਿੱਖੀ ਸਿਧਾਤਾਂ ਅਤੇ ਗੁਰੁ ਸਾਹਿਬ ਦੇ ਅਦਬ-ਸਤਿਕਾਰ ਨਾਲ ਖਿਲਵਾੜ ਕਰਨ ਦੀ ਖੁੱਲ ਦੇ ਰੱਖੀ ਸੀ ਉਤੇ ਟਿਪਣੀ ਕਰਦਿਆਂ ਕਿਹਾ ਕਿ ਅਜਿਹੇ ਸਿਆਸਤਦਾਨ ਨਾ ਤਾਂ ਮੁਆਫੀ ਦੇ ਹੱਕਦਾਰ ਹਨ ਅਤੇ ਨਾ ਹੀ ਸਿੱਖ ਅਖਵਾਉਣ ਦੇ।

ਜਥੇਬੰਦੀਆਂ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਮੁਜ਼ਾਹਰੇ ਮੌਕੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸੀਮਤ ਹੋਵੇਗੀ ਅਤੇ ਜਿਸਮਨੀ ਦੂਰੀਆਂ ਦਾ ਧਿਆਨ ਰੱਖਿਆ ਜਾਵੇਗਾ।