ਅਮਰੀਕਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਫੈਂਸਲਾ ਵਾਪਸ ਲਿਆ

ਅਮਰੀਕਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਫੈਂਸਲਾ ਵਾਪਸ ਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਸਰਕਾਰ ਨੇ ਆਨਲਾਈਨ ਕਲਾਸਾਂ ਲਾਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਪਰਤ ਜਾਣ ਲਈ ਜਾਰੀ ਕੀਤਾ ਹੁਕਮ ਵਾਪਸ ਲੈ ਲਿਆ ਹੈ। ਅਮਰੀਕਾ ਵਿਚ ਸੰਘੀ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਮੰਗਲਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਆਪਣੇ 6 ਜੁਲਾਈ ਦੇ ਉਸ ਆਦੇਸ਼ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਿਆ ਹੈ ਜਿਸ ਵਿੱਚ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਵਿਚ ਅਸਥਾਈ ਤੌਰ ’ਤੇ ਰਹਿਣ ’ਤੇ ਪਾਬੰਦੀ ਲਗਾਈ ਸੀ , ਜੋ ਕਾਲਜ ਜਾਂ ਯੂਨੀਵਰਸਿਟੀ ਵਿਚ ਜਾ ਕੇ ਪੜ੍ਹਾਈ ਨਹੀਂ ਕਰ ਰਹੇ ਅਤੇ ਜਿਹਨਾਂ ਦੀਆਂ ਜਮਾਤਾਂ ਆਨਲਾਈਨ ਲੱਗ ਰਹੀਆਂ ਹਨ। ਦੇਸ਼ ਵਿੱਚ ਇਸ ਹੁਕਮ ਦੇ ਖ਼ਿਲਾਫ਼ ਵਿਅਪਕ ਰੋਸ ਕਾਰਨ ਟਰੰਪ ਪ੍ਰਸ਼ਾਸਨ ਨੇ ਇਸ ਹੁਕਮ ਨੂੰ ਵਾਪਸ ਲੈ ਲਿਆ ਹੈ। ਇਸ ਹੁਕਮ ਖ਼ਿਲਾਫ਼ ਵੱਡੀ ਗਿਣਤੀ ਵਿਦਿਅਕ ਸੰਸਥਾਵਾਂ ਨੇ ਮੁਕੱਦਮਾ ਦਾਇਰ ਕੀਤਾ ਸੀ।

ਇਮੀਗ੍ਰੇਸ਼ਨ ਨਿਯਮਾਂ ਵਿਚ ਲਗਾਤਾਰ ਤਬਦੀਲੀਆਂ ਕਰ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਜਲਦ ਹੀ ਮੈਰਿਟ ਅਧਾਰਤ ਨਵੇਂ ਇਮੀਗ੍ਰੇਸ਼ਨ ਕਾਨੂੰਨ ਉੱਤੇ ਦਸਤਖਤ ਕਰਨਗੇ। ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਅਸੀਂ ਜਲਦੀ ਹੀ ਇਮੀਗ੍ਰੇਸ਼ਨ ਕਾਨੂੰਨ ’ਤੇ ਦਸਤਖਤ ਕਰ ਰਹੇ ਹਾਂ। ਇਹ ਮੈਰਿਟ ਅਧਾਰਤ ਹੋਵੇਗਾ, ਇਹ ਬਹੁਤ ਮਜ਼ਬੂਤ ​​ਹੋਵੇਗਾ।"