ਹਿੰਦੀ ਭਾਸ਼ੀਆਂ ਵੱਲੋਂ ਪੰਜਾਬੀ ਦੀ ਤੌਹੀਨ ਕਰਨ 'ਤੇ ਭਖਿਆ ਮਾਹੌਲ; ਪੂਰੇ ਪੰਜਾਬ ਵਿੱਚ ਹੋਣਗੇ ਵਿਰੋਧ ਪ੍ਰਦਰਸ਼ਨ

ਹਿੰਦੀ ਭਾਸ਼ੀਆਂ ਵੱਲੋਂ ਪੰਜਾਬੀ ਦੀ ਤੌਹੀਨ ਕਰਨ 'ਤੇ ਭਖਿਆ ਮਾਹੌਲ; ਪੂਰੇ ਪੰਜਾਬ ਵਿੱਚ ਹੋਣਗੇ ਵਿਰੋਧ ਪ੍ਰਦਰਸ਼ਨ
ਵਿਰੋਧ ਪ੍ਰਦਰਸ਼ਨਾਂ ਵਿੱਚੋਂ ਇੱਕ ਦਾ ਪੋਸਟਰ

ਚੰਡੀਗੜ੍ਹ: ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਹਿੰਦੀ ਦਿਵਸ ਸਮਾਗਮ ਮੌਕੇ ਹਿੰਦੀ ਭਾਸ਼ਾ ਦੇ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਦੀ ਤੌਹੀਨ ਕਰਨ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਰਾਸ਼ਟਰ ਇੱਕ ਭਾਸ਼ਾ ਨੂੰ ਸਥਾਪਿਤ ਕਰਨ ਦੇ ਦਿੱਤੇ ਬਿਆਨ ਨੇ ਗਰਮੀ ਫੜ੍ਹ ਲਈ ਹੈ ਅਤੇ ਪੰਜਾਬੀਆਂ ਵਿੱਚ ਹਿੰਦੀ ਦੇ ਵਧ ਰਹੇ ਗਲਬੇ ਅਤੇ ਪੰਜਾਬੀ ਦੇ ਕੀਤੇ ਜਾ ਰਹੇ ਨਿਰਾਦਰ ਖਿਲਾਫ ਰੋਹ ਵਧਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਦਿਆਰਥੀਆਂ ਅਤੇ ਹੋਰ ਵਰਗਾਂ ਵੱਲੋਂ ਹਿੰਦੀ ਭਾਸ਼ੀਆਂ ਦੀ ਹੈਂਕੜਬਾਜ਼ੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 

ਦੱਸ ਦਈਏ ਕਿ ਭਾਸ਼ਾ ਵਿਭਾਗ ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਡਾ. ਹੁਕਮ ਚੰਦ ਰਾਜਪਾਲ ਕਰ ਰਹੇ ਸਨ ਤੇ ਇਸ ਸਮਾਗਮ ਵਿੱਚ ਹਿੰਦੀ-ਹਿੰਦੂ-ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਕਥਿਤ ਗਾਲੀ-ਗਲੋਚ ਅਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ, ਜਿਸ ਦਾ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਨੇ ਵਿਰੋਧ ਕੀਤਾ। ਡਾ. ਮਾਨ ਨੇ ਆਪਣੇ ਭਾਸ਼ਣ ਦੌਰਾਨ ਇਸ ਵਿਹਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਰੰਗ ਮੁਹਾਵਰਾ ਹੁੰਦਾ ਹੈ, ਜਿਸ ਪੰਜਾਬੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਮਹਾਨ ਰਚਨਾ ਹੋਈ ਹੋਵੇ, ਵਾਰਿਸ ਸ਼ਾਹ ਦੀ ਹੀਰ ਵਰਗੀ ਸੱਭਿਆਚਾਰਕ ਕਿੱਸਾਕਾਰੀ ਹੋਈ ਹੋਵੇ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਵਰਗੀ ਸੂਫੀਆਨਾ ਸ਼ਾਇਰੀ ਹੋਈ ਹੋਵੇ, ਉਹ ਭਾਸ਼ਾ ਕਿਸ ਤਰ੍ਹਾਂ ਗਾਲੀ ਗਲੋਚ ਦੀ ਭਾਸ਼ਾ ਕਹੀ ਜਾ ਸਕਦੀ ਹੈ। 

ਡਾ. ਮਾਨ ਨੇ ਕਿਹਾ ਕਿ ਜਦੋਂ ਉਹ ਸਮਾਗਮ 'ਚ ਪੰਜਾਬੀ ਨੂੰ ਝਗੜਾਲੂ ਭਾਸ਼ਾ ਦੱਸਣ ਵਾਲੇ ਪਰਚੇ ਬਾਰੇ ਆਪਣੀ ਗੱਲ ਸ਼ੁਰੂ ਹੀ ਕਰਨ ਲੱਗੇ ਸਨ ਤਾਂ ਕੁੱਝ ਆਰ.ਐੱਸ.ਐੱਸ ਹਮਾਇਤੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਭਾਸ਼ਾ ਵਿਭਾਗ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੋਲਣ ਤੋਂ ਰੋਕਣ ਲਈ ਮਾਈਕ ਹੀ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਲ ਪੂਰੀ ਹੀ ਨਹੀਂ ਕਰਨ ਦਿੱਤੀ। ਉਹਨਾਂ ਕਿਹਾ ਕਿ ਜਦੋਂ ਵਿਰੋਧ ਕਰਨ ਵਾਲੇ ਸਟੇਜ ਵੱਲ ਵਧਣ ਲੱਗੇ ਤਾਂ ਉਹ ਸਟੇਜ ਤੋਂ ਉਤਰ ਕੇ ਹੇਠਾਂ ਬੈਠ ਗਏ। 

ਡਾ. ਹੁਕਮ ਚੰਦ ਨੇ ਪੰਜਾਬੀ ਨੂੰ ਧਮਕੀ ਦਿੱਤੀ
ਡਾ. ਮਾਨ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਟੇਜ 'ਤੇ ਬੈਠੇ ਡਾ. ਹੁਕਮ ਚੰਦ ਨੇ ਧਮਕੀ ਦੇ ਦਿੱਤੀ ਕਿ "ਦੋ ਸਾਲ ਰੁਕੋ ਫੇਰ ਦੱਸਾਂਗੇ ਕਿ ਹਿੰਦੀ ਕੀ ਹੈ।" 

ਡਾ. ਹੁਕਮ ਚੰਦ

ਅਕਾਲ ਤਖ਼ਤ ਸਾਹਿਬ ਤੋਂ ਆਇਆ ਸਖਤ ਸੰਦੇਸ਼
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖ਼ੀ ਲਿੱਪੀ ਪੰਜਾਬ ਤੇ ਸਮੁੱਚੇ ਪੰਜਾਬੀਆਂ ਦੀ ਸਾਹ ਰਗ ਹਨ ਜਿਨ੍ਹਾਂ ਸਦਕਾ ਭਾਰਤ 'ਚ ਮਰ ਚੁੱਕਿਆ ਜੀਵਨ ਮੁੜ ਧੜਕਣ ਯੋਗ ਹੋਇਆ ਅਤੇ ਅੱਜ ਵੀ ਇਸੇ ਕਰਕੇ ਹੀ ਧੜਕ ਰਿਹਾ ਹੈ। ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਇਹ ਉਸ ਮੌਕੇ ਵਾਪਰਿਆ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਅਤੇ ਕੁਝ ਲੋਕ ਪੰਜਾਬ ਦੀ ਧਰਤੀ ਉੱਤੇ ਸਰਕਾਰੀ ਸਮਾਗਮਾਂ 'ਚ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਹੋਣ ਦਾ ਐਲਾਨ ਕਰਨ। 

ਉਹਨਾਂ ਕਿਹਾ ਕਿ ਇਨ੍ਹਾਂ ਮੰਦਬੁੱਧੀ ਲੋਕਾਂ ਦੇ ਅਜਿਹੇ ਐਲਾਨਾਂ ਨਾਲ ਕਰੋੜਾਂ ਪੰਜਾਬੀਆਂ ਦੇ ਦਿਲਾਂ ਨੂੰ ਸੱਟ ਵੱਜੀ ਹੈ ਅਤੇ ਉਨ੍ਹਾਂ ਦੀ ਤੌਹੀਨ ਕੀਤੀ ਗਈ ਹੈ। ਜੋ ਵੀ ਇਸ ਘਟਨਾ ਲਈ ਜਿੰਮੇਵਾਰ ਹਨ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਕੁਝ ਤਾਕਤਾਂ ਵੱਲੋਂ ਸਾਜਿਸ਼ ਅਧੀਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਉੱਚ ਸਿੱਖਿਆ ਦੇ ਖੇਤਰ ਸਮੇਤ ਹਰ ਖੇਤਰ ਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਜੋ ਕੋਝੇ ਯਤਨ ਆਰੰਭੇ ਹੋਏ ਹਨ ਇਹ ਘਟਨਾ ਵੀ ਉਸ ਦਾ ਨਤੀਜਾ ਹੈ। ਇਨ੍ਹਾਂ ਤਾਕਤਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਕਹਿਣਾ ਆਪਣੀ ਤੰਗ ਤੇ ਨਫਰਤ ਭਰੀ ਸੋਚ ਦਾ ਪ੍ਰਗਟਾਵਾ ਕਰਨਾ ਹੈ ਕਿਉਂ ਕਿ ਜਿਸ ਭਾਸ਼ਾ 'ਚ ਵਿਸ਼ਵ ਦੀ ਸਭ ਤੋਂ ਵੱਧ ਪ੍ਰਮਾਣਿਕਤਾ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੋਵੇ ਉਹ ਭਾਸ਼ਾ ਗਵਾਰ ਕਿਵੇਂ ਹੋ ਸਕਦੀ ਹੈ? 

ਉਹਨਾਂ ਕਿਹਾ ਕਿ ਇਹ ਘਟਨਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਵਾਪਰੀ ਹੈ ਜਿਸ ਨੇ ਪੰਜਾਬੀ ਵਿਰੋਧੀ ਫਿਰਕੂ ਲੋਕਾਂ ਨੂੰ ਬੇਲੋੜੀ ਅਹਿਮੀਅਤ ਦਿੱਤੀ ਹੋਈ ਹੈ, ਅਜਿਹੇ ਟੋਲਿਆਂ ਨੂੰ ਤਾਂ ਸਿੱਖਿਆ ਅਦਾਰਿਆਂ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਇਹ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਪੂਰੀਆਂ ਕਰਨ ਲਈ ਹਮੇਸਾਂ ਹੀ ਮੌਕੇ ਦੀ ਤਾਕ 'ਚ ਰਹਿੰਦੇ ਹਨ। 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਸ਼ਾਵਾਂ ਸਾਰੀਆਂ ਹੀ ਆਪਣੇ-ਆਪਣੇ ਖਿੱਤਿਆਂ ਚ ਸਤਿਕਾਰਤ ਹਨ, ਉਨ੍ਹਾਂ ਦੀ ਉੱਨਤੀ ਲਈ ਯਤਨ ਹੁੰਦੇ ਰਹਿਣੇ ਚਾਹੀਦੇ ਹਨ ਪਰ ਕਿਸੇ ਵਿਸ਼ੇਸ਼ ਭਾਸ਼ਾ ਦੀ ਤਰੱਕੀ ਲਈ ਕਿਸੇ ਦੂਸਰੀ ਭਾਸ਼ਾ ਦਾ ਨਿਰਾਦਰ ਕਰਨਾ ਕਿਸੇ ਵੀ ਤਰ੍ਹਾਂ ਨਾ ਉਚਿਤ ਹੈ ਅਤੇ ਨਾ ਹੀ ਸਹਿਣਯੋਗ। ਪੰਜਾਬ ਦੀ ਪਹਿਲੀ ਭਾਸ਼ਾ ਪੰਜਾਬੀ ਹੈ ਇਸ ਦੀ ਕੀਮਤ ਉੱਤੇ ਹਿੰਦੀ ਸਮੇਤ ਕਿਸੇ ਹੋਰ ਬਾਹਰਲੀ ਭਾਸ਼ਾ ਨੂੰ ਕਿਸੇ ਵੀ ਖੇਤਰ 'ਚ ਧੱਕੇ ਨਾਲ ਠੋਸਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਅਮਿਤ ਸ਼ਾਹ ਨੂੰ ਦਿੱਤਾ ਸਖਤ ਜਵਾਬ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਕ ਰਾਸ਼ਟਰ ਇਕ ਭਾਸ਼ਾ ਦੇ ਵਿਵਾਦਿਤ ਪ੍ਰਸਤਾਵ ਪ੍ਰਤੀ ਦੱਖਣ ਤੋਂ ਬਾਅਦ ਪੰਜਾਬ ਤੋਂ ਵੀ ਉਠ ਰਹੀਆਂ ਵਿਰੋਧੀ ਸੁਰਾਂ ਤੇਜ ਹੋ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਾਹ ਦੇ ਪ੍ਰਸਤਾਵ ਨੂੰ ਮੂਲੋਂ ਖਾਰਜ਼ ਕਰਦਿਆਂ ਇਕ ਵਿਸ਼ੇਸ਼ ਭਾਸ਼ਾ ਰਾਹੀਂ ਪੂਰੇ ਦੇਸ਼ ਨੂੰ ਜੋੜਨ ਪ੍ਰਤੀ ਦਿਤੇ ਗਏ ਹੋਕੇ ਲਈ ਉਸ ਦੀ ਬੌਧਿਕਤਾ 'ਤੇ ਵਿਅੰਗ ਕਸਿਆ ਅਤੇ ਇਸ ਨੂੰ ਨੀਮ ਹਕੀਮ ਖਤਰਾ ਏ ਹਿੰਦ ਕਿਹਾ। 

ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਅਤੀਤ ਦੌਰਾਨ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਭਾਰਤ ਨੂੰ ਦਿਸ਼ਾਹੀਨਤਾ ਵਲ ਧੱਕਿਆ ਤੇ ਪੰਜਾਬ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਦੁਖਾਂਤ ਦਾ ਸਾਹਮਣਾ ਕਰਨਾ ਪਿਆ। ਅਪਣੇ ਪ੍ਰਤੀਕਰਮ 'ਚ ਉਨ੍ਹਾਂ ਸ਼ਾਹ ਦੇ ਬਿਆਨ ਨੂੰ ਮੰਦਭਾਗਾ ਅਤੇ ਭਾਰਤੀ ਸੰਵਿਧਾਨ ਦੀ ਰੂਹ ਤੇ ਆਪਣੇ ਰੁਤਬੇ ਪ੍ਰਤੀ ਗੈਰਜਿਮੇਦਾਰੀ, ਗੁਮਰਾਕੁਨ ਅਤੇ ਦੂਜਿਆਂ ਭਾਸ਼ਾਵਾਂ ਬੋਲੀਆਂ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਦੇ ਨਾਲ ਨਾਲ ਤੰਗ ਨਜ਼ਰੀਏ ਵਾਲੀ ਕਰਾਰ ਦਿੱਤਾ। 

ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਬਹੁ ਸਭਿਆਚਾਰਿਕ ਤੇ ਬਹੁ ਭਾਸ਼ਾਈ ਹੈ। ਸੰਵਿਧਾਨ ਦੀ ਧਾਰਾ 29 ਮੁਤਾਬਿਕ ਸਾਰੀਆਂ ਭਾਸ਼ਾਵਾਂ ਬੋਲੀਆਂ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਉੱਤੇ ਇਕ ਵਿਸ਼ੇਸ਼ ਭਾਸ਼ਾ ਨੂੰ ਠੋਸਿਆ ਜਾਵੇਗਾ ਤਾਂ ਦੇਸ਼ 'ਚ ਬੇਚੈਨੀ ਤੇ ਅਵਿਸ਼ਵਾਸ ਵਾਲਾ ਮਾਹੌਲ ਬਣੇਗਾ। ਉਹਨਾਂ ਕਿਹਾ ਕਿ ਭਾਰਤ ਦੀ ਏਕਤਾ ਅਖੰਡਤਾ ਨੂੰ ਖਤਰਾ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਨਹੀਂ ਸਗੋਂ ਬਹੁਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਹੈ। ਦੇਸ਼ ਨੂੰ ਖ਼ਤਰੇ ਵਾਲਾ ਹਊਆ ਖੜ੍ਹਾ ਕਰਨ ਵਾਲੀ ਸ਼ਾਹ ਦੀ ਪ੍ਰਵਿਰਤੀ ਨਾਲ ਦੇਸ਼ ਦੇ ਵੱਖ ਵੱਖ ਭਾਈਚਾਰਿਆਂ ਚ ਗਲਤ ਸੰਕੇਤ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸ਼ਾਹ ਨੂੰ ਦਿਸ਼ਾਹੀਣ ਨਾਅਰਾ ਦੇਣ ਦੀ ਥਾਂ ਸਾਰੀਆਂ ਭਾਸ਼ਾਵਾਂ ਦੀ ਪ੍ਰਫੁਲਿਤਾ ਤੇ ਹਿਤੈਸ਼ੀ ਵਿਵਸਥਾ ਵਾਲਾ ਵਤੀਰਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗ੍ਰਹਿ ਮੰਤਰੀ ਦਾ ਵਤੀਰਾ ਘੱਟ ਗਿਣਤੀਆਂ ਨੂੰ ਹਿਫਾਜ਼ਤ ਮੁਹਇਆ ਕਰਨ ਦੀ ਥਾਂ ਦੇਸ਼ ਨੂੰ ਤਾਨਾਸ਼ਾਹੀ ਢਾਂਚੇ ਦੀ ਸਥਾਪਨਾ ਵੱਲ ਲੈ ਜਾ ਸਕਦਾ ਹੈ। 

ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਥਾਂ ਭਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸੰਵਿਧਾਨ ਦੀ ਰੂਹ ਮੁਤਾਬਿਕ ਸਹੀ ਅਰਥਾਂ ਚ ਫੈਡਰਲ ਰਾਜ ਬਣਾਉਣ (ਸੰਘੀ ਢਾਂਚਾ ਲਾਗੂ ਕਰਨ) ਦੀ ਲੋੜ ਹੈ। ਉਨ੍ਹਾਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਚੇਤ ਤੇ ਜਾਗਰੂਕ ਰਹਿਣ ਦੀ ਅਪੀਲ ਕੀਤੀ।

ਕਿੱਥੇ-ਕਿੱਥੇ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ 17 ਸਤੰਬਰ ਨੂੰ ਸ਼ਾਮ 4 ਵਜੇ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ਾਮ 5 ਵਜੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਸ਼ਾਮ 04:30 ਵਜੇ ਵਿਰੋਧ ਪ੍ਰਦਰਸ਼ਨ ਹੋਵੇਗਾ ਤੇ ਸਰਦੂਲਗੜ੍ਹ ਦੇ ਬੱਸ ਅੱਡੇ ਵਿਖੇ ਸ਼ਾਮ 3 ਵਜੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਫੌਜੀ ਚੌਂਕ ਬਠਿੰਡਾ ਵਿਖੇ ਸ਼ਾਮ 5 ਵਜੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਹੋਰ ਥਾਵਾਂ 'ਤੇ ਵੀ ਵਿਰੋਧ ਪ੍ਰਦਰਸ਼ਨਾਂ ਦੀਆਂ ਖਬਰਾਂ ਹਨ।