ਹਰਸਿਮਰਤ ਬਾਦਲ ਨੂੰ ਲੋਕਾਂ ਦੇ ਵਿਰੋਧ ਨੇ ਸੜਕ 'ਤੇ ਬੈਠਣ ਲਈ ਮਜ਼ਬੂਰ ਕੀਤਾ; ਫੇਸਬੁੱਕ 'ਤੇ ਉਡਿਆ ਮਜ਼ਾਕ

ਹਰਸਿਮਰਤ ਬਾਦਲ ਨੂੰ ਲੋਕਾਂ ਦੇ ਵਿਰੋਧ ਨੇ ਸੜਕ 'ਤੇ ਬੈਠਣ ਲਈ ਮਜ਼ਬੂਰ ਕੀਤਾ; ਫੇਸਬੁੱਕ 'ਤੇ ਉਡਿਆ ਮਜ਼ਾਕ

ਬਠਿੰਡਾ: ਬਠਿੰਡਾ ਲੋਕ ਸਭਾ ਸੀਟ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ, ਪਰ ਇਸ ਚਰਚਾ ਦੇ ਦੋ ਮੁੱਖ ਪਾਤਰਾਂ ਵਿੱਚੋਂ ਹਰ ਇੱਕ ਖਿਲਾਫ ਲੋਕ ਰੋਹ ਦੀਆਂ ਹੀ ਗੱਲਾਂ ਹੋ ਰਹੀਆਂ ਹਨ। ਜਿੱਥੇ ਰਾਜਾ ਵੜਿੰਗ ਦੀ ਸਿੱਖਾਂ ਖਿਲਾਫ ਨਫਰਤ ਵਾਲੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੱਲੋਂ ਗਰਮ ਸੜਕ 'ਤੇ ਬੈਠ ਦਿੱਤੇ ਗਏ ਧਰਨੇ 'ਤੇ ਲੋਕ ਮਸ਼ਕਰੀਆਂ ਕਰ ਰਹੇ ਹਨ। 

ਦਰਅਸਲ ਬੀਤੇ ਕੱਲ੍ਹ ਪਿੰਡ ਮੰਡੀ ਕਲਾਂ ਦੀ ਧਰਮਸ਼ਾਲਾ ਵਿੱਚ ਹਰਸਿਮਰਤ ਕੌਰ ਬਾਦਲ ਨੇ ਵੋਟਾਂ ਮੰਗਣੀਆਂ ਸਨ ਪਰ ਭੁੱਲਰ ਭਾਈਚਾਰੇ ਦੇ ਲੋਕਾਂ ਅਤੇ ਭਾਰਤੀ ਕਿਸਾਨ ਯੂਨੀਅਨ-ਸਿੱਧੂਪੁਰ ਨਾਲ ਸਬੰਧਿਤ ਕਿਸਾਨਾਂ ਨੇ ਉਸ ਜਗ੍ਹਾ 'ਤੇ ਕਾਲੀਆਂ ਝੰਡੀਆਂ ਹੱਥਾਂ ਵਿੱਚ ਫੜ੍ਹ ਕਬਜ਼ਾ ਕਰ ਲਿਆ ਅਤੇ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਉਹ ਉਸਨੂੰ ਇੱਥੇ ਰੈਲੀ ਨਹੀਂ ਕਰਨ ਦੇਣਗੇ।

ਇਸ ਵਿਰੋਧ ਦੇ ਚਲਦਿਆਂ ਸਾਹਮਣਿਓ ਵਿਰੋਧ ਕਰਦਿਆਂ ਹਰਸਿਮਰਤ ਕੌਰ ਬਾਦਲ ਆਪਣੇ ਸਮਰਥਕਾਂ ਨਾਲ ਮੌੜ-ਰਾਮਪੁਰਾ ਸੜਕ 'ਤੇ ਧਰਨੇ ਉੱਤੇ ਬੈਠ ਗਏ। ਮਾਮਲਾ ਇੱਥੋਂ ਤੱਕ ਵਧ ਗਿਆ ਕਿ ਬੀਬੀ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੌਕੇ 'ਤੇ ਪਹੁੰਚਣਾ ਪਿਆ। 

ਭੁੱਲਰ ਭਾਈਚਾਰੇ ਦੇ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਉਹ ਦੋ ਗੱਲਾਂ ਕਰਕੇ ਬਾਦਲਾਂ ਦਾ ਵਿਰੋਧ ਕਰ ਰਹੇ ਹਨ। ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੂਜਾ ਮਹਿਰਾਜ ਸੜਕ 'ਤੇ ਸਥਿਤ ਉਹਨਾਂ ਦੇ ਧਾਰਮਿਕ ਸਥਾਨ ਦੀ ਜ਼ਮੀਨ ਦਾ ਝਗੜੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਕਾਰਨ। 

ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿ ਮੋਦੀ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ ਜਿਸ ਕਾਰਨ ਉਹ ਵਿਰੋਧ ਕਰ ਰਹੇ ਹਨ।

ਦੱਸ ਦਈਏ ਕਿ ਬਲਦੇਵ ਸਿੰਘ ਉਹ ਹੀ ਸਖਸ਼ ਹੈ ਜਿਸਨੇ ਬਠਿੰਡਾ ਵਿੱਚ ਸੈਰ ਬਹਾਨੇ ਵੋਟਾਂ ਇਕੱਠੀਆਂ ਕਰਨ ਆਏ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤੇ ਸਨ ਤੇ ਬਾਦਲ ਵੱਲੋਂ ਜਵਾਬ ਦੇਣ ਤੋਂ ਮਨ੍ਹਾ ਕਰਨ 'ਤੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। 

ਸੋਸ਼ਲ ਮੀਡੀਆ 'ਤੇ ਕੱਲ੍ਹ ਹਰਸਿਮਰਤ ਕੌਰ ਬਾਦਲ ਦੀਆਂ ਸੜਕ 'ਤੇ ਬੈਠਿਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚ ਲੋਕ ਸੁਖਬੀਰ ਬਾਦਲ ਦੀ ਉਸ ਬਿਆਨ ਨੂੰ ਅਧਾਰ ਬਣਾ ਕੇ ਮਜ਼ਾਕ ਉਡਾ ਰਹੇ ਸਨ ਜਿਸ ਵਿਚ ਸੁਖਬੀਰ ਬਾਦਲ ਨੇ ਬੇਅਦਬੀਆਂ ਖਿਲਾਫ ਧਰਨੇ ਦਿੰਦੀਆਂ ਸੰਗਤਾਂ ਬਾਰੇ ਕਿਹਾ ਸੀ ਕਿ ਜਿਹਨਾਂ ਨੂੰ ਘਰੇ ਕੋਈ ਨਹੀਂ ਝੱਲਦਾ ਉਹ ਧਰਨੇ ਦੇਣ ਸੜਕਾਂ 'ਤੇ ਆ ਜਾਂਦੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ