"ਦਾਸਤਾਨ-ਏ-ਮੀਰੀ-ਪੀਰੀ" ਪ੍ਰੋਡਿਊਸਰ ਤੁਰੰਤ ਵਾਪਸ ਲਵੇ ਨਹੀ ਤਾਂ ਪੰਥ ਦਾ ਰੋਹ ਝੱਲਣ ਲਈ ਤਿਆਰ ਰਹੇ: ਸਿੱਖ ਯੂਥ ਆਫ ਪੰਜਾਬ
ਹੁਸ਼ਿਆਰਪੁਰ: ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾਂ ਨੇ ਬੋਲਦਿਆਂ ਕਿਹਾ ਕਿ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਬਣੀ ਫ਼ਿਲਮ ਦਾਸਤਾਨ-ਏ-ਮੀਰੀ-ਪੀਰੀ ਦੇ ਪ੍ਰੋਡਿਊਸਰ ਨਾਲੋਂ ਵੱਧ ਦੋਸ਼ੀ ਸ਼੍ਰੋਮਣੀ ਕਮੇਟੀ ਹੈ ਜਿਸ ਨੇ 2018 ਵਿੱਚ ਸੈਂਸਰ ਬੋਰਡ ਕਾਇਮ ਕਰਨ ਦਾ ਮਤਾ ਪਾਸ ਕੀਤਾ ਸੀ ਪਰ ਉਸ ਦਿਨ ਤੋਂ ਬਾਅਦ ਅੱਜ ਤੱਕ ਫਾਈਲਾਂ ਤੇ ਪਿਆ ਘੱਟਾ ਵੀ ਸਾਫ਼ ਨਹੀਂ ਕੀਤਾ। ਜਿਸ ਕਾਰਨ ਪੰਥ ਨੂੰ ਹਮੇਸ਼ਾਂ ਹੀ ਐਸੀਆਂ ਔਕੜਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ ਜਿਹੜਾ ਕੰਮ ਸਿਰਫ ਕਮੇਟੀ ਦੇ ਇੱਕ ਦਸਤਖਤ ਕਰਨ ਨਾਲ ਰੁਕ ਸਕਦਾ ਹੈ ਉਸ ਨੂੰ ਰੁਕਵਾਉਣ ਲਈ ਸਾਰੇ ਪੰਥ ਨੂੰ ਤਾਕਤ ਅਤੇ ਪੈਸਾ ਦੋਵੇਂ ਲਗਾਉਣੇ ਪੈਂਦੇ ਹਨ।
ਸਤਿਕਾਰ ਕਮੇਟੀ ਪੰਜਾਬ ਤੋਂ ਦਵਿੰਦਰ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸੁਖਬੀਰ ਬਾਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਵਿਉਂਤਬੰਦ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਉੱਤੇ ਟਿੱਪਣੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਦੋਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਾਰੀ ਸਾਜਿਸ਼ ਨੂੰ ਬੇਨਕਾਬ ਕਰੇ।
ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਉਤੇ ਲੱਗੇ ਇਲਜਾਮ ਗੰਭੀਰ ਹਨ । ਉਹਨਾਂ ਸੁਖਬੀਰ ਅਤੇ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੀ ਵੀ ਹਿਰਾਸਤੀ ਪੁੱਛ-ਗਿਛ ਹੋਣੀ ਚਾਹੀਦੀ ਹੈ ਕਿਉਂਕਿ ਤਿੰਨੇ ਹੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ, ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਤਲ ਲਈ ਬਰਾਬਰ ਦੇ ਜ਼ਿੰਮੇਵਾਰ ਹਨ।
ਪਾਰਟੀ ਨੇ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਹਿੰਦੂਤਵੀ ਵਿਚਾਰਧਾਰਾ ਵਾਲੀ ਭਾਜਪਾ ਅਤੇ ਪੰਜਾਬ ਅੰਦਰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਵਾਲੀ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਹੋਈ ਹੈ, ਇਸਦੇ ਬਾਵਜੂਦ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਪੀੜ ਸਿੱਖ ਹਿਰਦਿਆਂ ਅੰਦਰ ਸੱਜਰੀ ਹੈ ਅਤੇ ਸਿੱਖ ਇਸ ਸਾਕੇ ਨੂੰ ਭੁੱਲੇ ਨਹੀਂ ਹਨ ਅਤੇ ਨਾ ਹੀ ਦੋਸ਼ੀਆਂ ਨੂੰ ਮੁਆਫ ਕੀਤਾ ਹੈ।
ਜੂਨ1984 ਘੱਲੂਘਾਰੇ ਦੀ ਯਾਦ ਵਿੱਚ 5 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਘੱਲੂਘਾਰਾ ਯਾਦਗਾਰੀ ਮਾਰਚ ਬਾਰੇ ਸਿੱਖ ਯੂਥ ਆਫ਼ ਪੰਜਾਬ ਦੇ ਜਥੇਬੰਦਕ ਸਕਤਰ ਸੁਖਜਿੰਦਰ ਸਿੰਘ ਟੇਰਕਿਆਣੇ ਨੇ ਮੀਡੀਆ ਨਾਲ ਗੱਲ ਕਰਦਿਆਂ ਨੋਜਵਾਨਾ ਨੂੰ ਅਪੀਲ ਕੀਤੀ ਹੈ ਕਿ ਉਹ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਸ ਮੋਕੇ ਗੁਰਦਿੱਤ ਸਿੰਘ ਖਾਲਸਾ, ਤਰਨਜੀਤ ਸਿੰਘ, ਸਰਬਜੀਤ ਸਿੰਘ ਗੇਰਾ ,ਨਿਰਵੈਰ ਸਿੰਘ ਹਾਜ਼ਰ ਸਨ ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)