ਵੀਵੀਆਈਪੀ ਕਾਰਨ ਦਰਬਾਰ ਸਾਹਿਬ ਦੀਆਂ ਸੰਗਤਾਂ ਨੂੰ ਹੋਣਾ ਪਿਆ ਖੱਜਲ-ਖੁਆਰ

ਵੀਵੀਆਈਪੀ ਕਾਰਨ ਦਰਬਾਰ ਸਾਹਿਬ ਦੀਆਂ ਸੰਗਤਾਂ ਨੂੰ ਹੋਣਾ ਪਿਆ ਖੱਜਲ-ਖੁਆਰ

ਅੰਮ੍ਰਿਤਸਰ: ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਇਥੇ ਕਰਵਾਏ ਸਮਾਗਮਾਂ ਕਾਰਨ ਸ਼ਹਿਰ ਵਿਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਕਾਰਨ ਹਰਿਮੰਦਰ ਸਾਹਿਬ ਆਉਣ ਜਾਣ ਵਾਲੀਆਂ ਸੰਗਤਾਂ ਅਤੇ ਆਮ ਨਾਗਰਿਕਾਂ ਨੂੰ ਵੀ ਮੁਸ਼ਕਲ ਪੇਸ਼ ਆਈ। ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਸਵੇਰੇ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼ਾਮ ਵੇਲੇ ਉਪ ਰਾਸ਼ਟਰਪਤੀ ਵੈਂਕਯਾ ਨਾਇਡੂ ਆਏ ਸਨ। ਇਸ ਤੋਂ ਇਲਾਵਾ ਸਾਰਾ ਦਿਨ ਹੀ ਵੱਡੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਨੁਮਾਇੰਦਿਆ ਵਲੋਂ ਇਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 

ਇਨ੍ਹਾਂ ਸਮਾਗਮਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਜਲ੍ਹਿਆਂਵਾਲਾ ਬਾਗ ਨੂੰ ਆਉਣ ਵਾਲੇ ਰਸਤਿਆਂ ਅਤੇ ਵੀਵੀਆਈਪੀ ਆਮਦ ਵਾਲੇ ਰਸਤਿਆਂ ’ਤੇ ਵਧੇਰੇ ਚੌਕਸੀ ਵਰਤੀ ਜਾ ਰਹੀ ਸੀ। ਹੈਰੀਟੇਜ ਸਟਰੀਟ ਤੋਂ ਲੈ ਕੇ ਦਰਬਾਰ ਸਾਹਿਬ ਤਕ ਰਸਤੇ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ ਪਰ ਵੀਵੀਆਈਪੀ ਆਮਦ ਵੇਲੇ ਸਮੁੱਚੀ ਆਵਾਜਾਈ ਰੋਕ ਦਿੱਤੀ ਗਈ ਸੀ। ਇਸ ਕਾਰਨ ਸ੍ਰੀ ਦਰਬਾਰ ਸਾਹਿਬ ਆਉਣ-ਜਾਣ ਵਾਲੀਆਂ ਸੰਗਤਾਂ ਤੇ ਆਮ ਲੋਕਾਂ ਨੂੰ ਇਥੇ ਪ੍ਰੇਸ਼ਾਨੀ ਪੇਸ਼ ਆਈ ਜਿਸ ਦੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਦੀ ਫੌਜ ਜਥੇਬੰਦੀ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਸੰਗਤਾਂ ਦੀ ਆਵਾਜ਼ਾਈ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ