ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਨੂੰ ਪੱਕੇ ਤੌਰ 'ਤੇ ਜੇਲ੍ਹ ਤੋਂ ਬਾਹਰ ਕੱਢਣ ਲਈ ਪਲਾਨ ਤਿਆਰ

ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਨੂੰ ਪੱਕੇ ਤੌਰ 'ਤੇ ਜੇਲ੍ਹ ਤੋਂ ਬਾਹਰ ਕੱਢਣ ਲਈ ਪਲਾਨ ਤਿਆਰ

ਰੋਹਤਕ: ਬਲਾਤਕਾਰ ਅਤੇ ਕਤਲ ਜਹੇ ਸੰਗੀਨ ਜ਼ੁਰਮ ਕਰਨ ਵਾਲੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਰੋਹਤਕ ਦੀ ਸੋਨਾਰੀਆ ਜੇਲ੍ਹ ਦੇ ਸੁਪਰਡੈਂਟ ਨੇ ਆਪਣੇ ਵੱਲੋਂ ਗੁਰਮੀਤ ਰਾਮ ਰਹੀਮ ਦੀ ਪੈਰੋਲ ਲਈ ਪਾਈ ਅਰਜੀ ਨੂੰ ਵਧੀਆ ਵਰਤਾਵ ਦੇ ਅਧਾਰ 'ਤੇ ਪ੍ਰਵਾਨ ਕਰ ਲਿਆ ਹੈ ਤੇ ਅੱਗੇ ਪ੍ਰਵਾਨਗੀ ਲਈ 18 ਜੂਨ ਨੂੰ ਇੱਕ ਚਿੱਠੀ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। 

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਵੱਲੋਂ 42 ਦਿਨਾਂ ਦੀ ਪੈਰੋਲ ਮੰਗੀ ਗਈ ਹੈ ਜਿਸ ਲਈ ਉਸਨੇ ਆਪਣੀ ਖੇਤੀ ਨੂੰ ਅਧਾਰ ਬਣਾਇਆ ਹੈ।

ਸਿਰਸਾ ਦੇ ਐੱਸ. ਪੀ ਅਰੁਣ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਕੁੱਝ ਸਮਾਂ ਲੱਗ ਸਕਦਾ ਹੈ।

ਗੁਰਮੀਤ ਰਾਮ ਰਹੀਮ ਦੀ ਪੈਰੋਲ ਸਬੰਧੀ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਨਵਰ ਨੇ ਕਿਹਾ, "ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਅਰਜੀ ਦਿੱਤੀ ਹੈ। ਇਹ ਵਿਭਾਗੀ ਕਾਰਵਾਈ ਮੁਤਾਬਿਕ ਮਨਜ਼ੂਰ ਹੋਵੇਗੀ। ਸਿਰਸਾ ਪੁਲਿਸ ਆਪਣੀ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਨੂੰ ਦਵੇਗੀ।"

ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਪੈਰੋਲ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੇ ਰਾਜਨੀਤਕ ਲਾਹੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਵੇਂ ਕਿ ਗੁਰਮੀਤ ਰਾਮ ਰਹੀਮ ਇੱਕ ਬਲਾਤਕਾਰੀ ਅਤੇ ਕਾਤਲ ਸਾਬਿਤ ਹੋ ਚੁੱਕਿਆ ਹੈ ਪਰ ਲੋਕਾਂ ਦੀ ਇੱਕ ਭੀੜ ਅੱਜ ਵੀ ਉਸਨੂੰ ਆਪਣਾ ਆਗੂ ਮੰਨਦੀ ਹੈ ਤੇ ਇਸ ਭੀੜ ਦੀਆਂ ਵੋਟਾਂ ਹਾਸਿਲ ਕਰਨ ਲਈ ਹਰਿਆਣਾ ਦੀ ਭਾਜਪਾ ਸਰਕਾਰ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀਆਂ ਤਿਆਰੀਆਂ ਕਰ ਰਹੀ ਹੈ।

ਇਸ ਸਬੰਧੀ ਕਾਨੂੰਨੀ ਰਾਏ ਦਿੰਦਿਆਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਲਈ ਜ਼ਰੂਰੀ ਹੈ ਕਿ ਉਸ ਖਿਲਾਫ ਚੱਲ ਰਹੇ ਹੋਰ ਮਾਮਲਿਆਂ ਵਿੱਚ ਉਸਨੂੰ ਜ਼ਮਾਨਤ ਮਿਲੀ ਹੋਵੇ। ਉਹਨਾਂ ਕਿਹਾ ਕਿ ਖੇਤੀ ਦੇ ਅਧਾਰ 'ਤੇ ਇੱਕ ਵਾਰ 42 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸਿਹਤ ਦਾ ਅਧਾਰ ਬਣਾ ਕੇ ਇਸ ਪੈਰੋਲ ਨੂੰ ਲੰਬੇ ਸਮੇਂ ਤੱਕ ਵਧਾਇਆ ਵੀ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦਾ ਸ਼ੁਰੂਆਤੀ ਕਦਮ ਹੈ। 

ਉਹਨਾਂ ਕਿਹਾ ਕਿ ਇਹ ਭਾਰਤੀ ਕਾਨੂੰਨ ਪ੍ਰਣਾਲੀ ਦੇ ਦੋਹਰੇ ਮਾਪਦੰਡਾਂ ਦਾ ਇੱਕ ਹੋਰ ਸਬੂਤ ਹੈ ਜਿੱਥੇ ਇੱਕ ਪਾਸੇ ਸਿਆਸੀ ਸਿੱਖ ਕੈਦੀਆਂ ਨੂੰ ਮਾਂ-ਪਿਓ ਦੇ ਬਿਮਾਰ ਹੋਣ ਜਾਂ ਆਪਣੀਆਂ ਹੋਰ ਸਿਹਤ ਸਮੱਸਿਆਵਾਂ ਹੋਣ 'ਤੇ ਵੀ ਪੈਰੋਲ ਨਹੀਂ ਦਿੱਤੀ ਜਾਂਦੀ ਉੱਥੇ ਗੁਰਮੀਤ ਰਾਮ ਰਹੀਮ ਜਿਹੇ ਬਲਾਤਕਾਰੀ ਦੀ ਪਿੱਠ 'ਤੇ ਸਾਰਾ ਭਾਰਤੀ ਨਿਜ਼ਾਮ ਖੜ੍ਹ ਜਾਂਦਾ ਹੈ। 

ਜਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੇ ਡੇਰਾ ਸਿਰਸਾ ਦੇ ਨਾਂ 'ਤੇ ਧਾਰਮਿਕ ਪਖੰਡ ਦੀ ਆੜ ਹੇਠ ਪਹਿਲਾਂ ਸਿੱਖ ਧਾਰਮਿਕ ਪ੍ਰੰਪਰਾ ਅੰਮ੍ਰਿਤਪਾਣ ਦੀ ਨਕਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਵੀ ਡੇਰਾ ਸਿਰਸਾ ਦੀ ਸ਼ਮੂਲੀਅਤ ਜੱਗ ਜਾਹਰ ਹੋ ਚੁੱਕੀ ਹੈ। 

ਇਹਨਾਂ ਕੁਕਰਮਾਂ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਨੂੰ ਆਪਣੇ ਡੇਰੇ ਦੀਆਂ ਸਾਧਵੀਆਂ (ਕੁੜੀਆਂ) ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਹੋਈ ਹੈ ਤੇ ਪੱਤਕਾਰ ਛੱਤਰਪਤੀ ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ