ਪੰਜਾਬ ਦੀ ਖੁਸ਼ਹਾਲੀ ਲਈ ਪਰਵਾਸੀ ਪੰਜਾਬੀਆਂ ਦੀ ਰਾਜਨੀਤੀ ਵਿਚ ਹਿੱਸੇਦਾਰੀ ਸਮੇਂ ਦੀ ਲੋੜ

ਪੰਜਾਬ ਦੀ ਖੁਸ਼ਹਾਲੀ ਲਈ ਪਰਵਾਸੀ ਪੰਜਾਬੀਆਂ ਦੀ ਰਾਜਨੀਤੀ ਵਿਚ ਹਿੱਸੇਦਾਰੀ ਸਮੇਂ ਦੀ ਲੋੜ

ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦਾ ਅੱਜ ਤੱਕ ਜੋ ਵਿਕਾਸ ਹੋਇਆ ਹੈ ਜਾਂ ਇਥੇ ਰਹਿਣ ਵਾਲੇ ਲੋਕਾਂ ਦੇ ਜੀਵਨ ਵਿਚ ਜੋ ਸੁਧਾਰ ਨਜ਼ਰ ਆਉਂਦਾ ਹੈ, ਉਸ ਵਿਚ ਪਰਦੇਸਾਂ ਵਿਚ ਰਹਿਣ ਵਾਲੇ ਪੰਜਾਬੀਆਂ ਦਾ ਸਿੱਧੇ ਤੇ ਅਸਿੱਧੇ ਤੌਰ 'ਤੇ ਬਹੁਤ ਵੱਡਾ ਯੋਗਦਾਨ ਹੈ।

ਅਜੇ ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਕੱਚੇ ਮਕਾਨਾਂ ਦੀ ਬਹੁ-ਗਿਣਤੀ ਹੁੰਦੀ ਸੀ। ਕਿਸੇ ਵਿਰਲੇ ਹੀ ਪਿੰਡ ਵਿਚ ਅੱਜ ਵਾਂਗ ਬਣੀਆਂ ਹੋਈਆਂ ਆਲੀਸ਼ਾਨ ਕੋਠੀਆਂ ਦਿਖਾਈ ਦਿੰਦੀਆਂ ਸਨ। ਲੋਕਾਂ ਦੇ ਜੀਵਨ ਵਿਚ ਅੱਜ ਵਰਗੀਆਂ ਸੁੱਖ-ਸਹੂਲਤਾਂ ਮੌਜੂਦ ਨਹੀਂ ਸਨ। ਇਸ ਸਾਰੇ ਹੋਏ ਵਿਕਾਸ ਤੇ ਜਨਜੀਵਨ ਵਿਚ ਆਏ ਸੁਧਾਰ ਵਿਚ ਪਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਇਸ ਸਾਰੇ ਸੁਧਾਰ ਤੇ ਵਿਕਾਸ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਤੇ ਕਸਬਿਆਂ ਵਿਚ ਗਰੀਬੀ ਦੀ ਦਲਦਲ ਵਿਚ ਫਸੇ ਹੋਏ ਬਹੁਤੇ ਲੋਕ ਅਜੇ ਵੀ ਆਪਣੀਆਂ ਆਰਥਿਕ ਤੰਗੀਆਂ ਕੱਟ ਰਹੇ ਹਨ। ਜਿਸ ਕਾਰਨ ਬਹੁਤ ਸਾਰੀਆਂ ਥਾਵਾਂ 'ਤੇ ਗਰੀਬੀ ਦੇ ਸਤਾਏ ਤੇ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ ਲੋਕਾਂ ਨੇ ਖੁਦਕੁਸ਼ੀਆਂ ਕਰਕੇ ਆਪੋ-ਆਪਣੀਆਂ ਜ਼ਿੰਦਗੀਆਂ ਦਾ ਅੰਤ ਕਰ ਲਿਆ ਹੈ। ਬਹੁਤ ਸਾਰੇ ਲੋਕ ਬੇਰੁਜ਼ਗਾਰ ਫਿਰ ਰਹੇ ਹਨ ਜਿਨ੍ਹਾਂ ਕੋਲ ਪੇਟ ਭਰਨ ਤੇ ਤਨ ਢੱਕਣ ਲਈ ਰੁਜ਼ਗਾਰ ਦੇ ਸਾਧਨ ਨਹੀਂ ਹਨ। ਪੰਜਾਬ ਸਰਕਾਰ ਅਜਿਹੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਜਾਂ ਇਨ੍ਹਾਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਿਵਾਏ ਵਾਅਦਿਆਂ ਤੋਂ ਹੋਰ ਕੁਝ ਨਹੀਂ ਕਰ ਰਹੀ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਅਜਿਹੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਤੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਪੈਦਾ ਕਰ ਦੇਣ ਦੀ ਸਮਰੱਥਾ ਤਾਂ ਰੱਖਦੇ ਹਨ ਪਰ ਪਰਵਾਸੀ ਪੰਜਾਬੀਆਂ ਦੀ ਇਸ ਸਮਰੱਥਾ ਦਾ ਫਾਇਦਾ ਲੈਣ ਲਈ ਅੱਜ ਤੱਕ ਨਾ ਤਾਂ ਪੰਜਾਬ ਸਰਕਾਰ ਨੇ ਕਦੇ ਸੰਜੀਦਗੀ ਨਾਲ ਯਤਨ ਕੀਤਾ ਹੈ ਤੇ ਨਾ ਹੀ ਕਿਸੇ ਹੋਰ ਜਥੇਬੰਦੀ ਨੇ| ਜੇਕਰ ਪਰਵਾਸੀ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨ ਦਾ ਦਾਅਵਾ ਕਰਨ ਵਾਲੀ ਐਨ. ਆਰ. ਆਈ. ਸਭਾ ਪੰਜਾਬ ਨੇ ਇਸ ਦਿਸ਼ਾ ਵਿਚ ਕੁਝ ਯਤਨ ਕਰਨ ਲਈ ਹੰਭਲਾ ਮਾਰਿਆ ਵੀ ਹੈ ਤਾਂ ਉਸ ਦੀ ਕੋਈ ਲਾਹੇਵੰਦ ਪ੍ਰਾਪਤੀ ਨਹੀਂ ਹੋ ਸਕੀ। ਭਾਵੇਂ ਸਮੇਂ-ਸਮੇਂ ਅਨੁਸਾਰ ਵਕਤ ਦੀ ਪੰਜਾਬ ਸਰਕਾਰ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਸਨਅਤਾਂ ਲਾਉਣ ਲਈ ਉਤਸ਼ਾਹਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਦੇ ਐਲਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਜੇਕਰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਦਾ ਯਤਨ ਕਰਨ ਵਾਲੇ ਕਿਸੇ ਪਰਵਾਸੀ ਪੰਜਾਬੀ ਦੇ ਤਜਰਬੇ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਇਨ੍ਹਾਂ ਸਕੀਮਾਂ ਦੀ ਪੋਲ ਖੁੱਲ੍ਹ ਜਾਂਦੀ ਹੈ। ਇਥੇ ਇਕ ਉਦਾਹਰਨ ਦੇਣੀ ਜ਼ਰੂਰੀ ਸਮਝਦਾ ਹਾਂ। ਕੁਝ ਦਿਨ ਹੋਏ ਮੈਨੂੰ ਇਕ ਮਿੱਤਰ ਪਰਿਵਾਰ ਵੱਲੋਂ ਪਰਿਵਾਰ ਸਮੇਤ ਖਾਣੇ 'ਤੇ ਬੁਲਾਇਆ ਗਿਆ।ਮੇਰੇ ਮਿੱਤਰ ਦੇ ਘਰ ਉਸ ਦੀ ਇਕ ਭੈਣ ਪਰਿਵਾਰ ਨੂੰ ਮਿਲਣ ਲਈ ਆਈ ਹੋਈ ਸੀ।

ਇਹ ਬੀਬੀ ਕਿਸੇ ਅੰਤਰਰਾਸ਼ਟਰੀ ਕੰਪਨੀ ਵਿਚ ਇਕ ਉੱਚ ਪੱਧਰ ਦੀ ਅਧਿਕਾਰੀ ਹੈ ਜਿਸ ਦੇ ਜ਼ਿੰਮੇ ਕੰਪਨੀ ਨੇ ਵਿਦੇਸ਼ਾਂ ਵਿਚ ਕੰਪਨੀ ਦੀਆਂ ਇਕਾਈਆਂ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾ ਕੇ ਆਪਣੀਆਂ ਸਿਫਾਰਸ਼ਾਂ ਦੇਣ ਦਾ ਕੰਮ ਲਾਇਆ ਹੋਇਆ ਹੈ। ਆਪਣੀ ਕੰਪਨੀ ਦੀ ਇਕਾਈ ਪੰਜਾਬ ਵਿਚ ਸਥਾਪਤ ਕਰਨ ਲਈ ਤਿਆਰ ਕੀਤੇ ਗਏ ਇਕ ਪ੍ਰੋਜੈਕਟ ਨੂੰ ਪੰਜਾਬ ਦੇ ਹੁਕਮਰਾਨਾਂ ਕੋਲ ਲੈ ਕੇ ਜਾਣ ਵਾਲੇ ਤਜਰਬੇ ਜਿਹੜੇ ਉਸ ਨੇ ਮੇਰੇ ਨਾਲ ਸਾਂਝੇ ਕੀਤੇ, ਉਹ ਸਾਡੇ ਸਿਆਸੀ ਆਗੂਆਂ ਦੇ ਦਾਅਵਿਆਂ ਤੋਂ ਉਲਟ ਭੁਗਤਦੇ ਹਨ। ਅੱਜ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿਹੜੇ ਪਰਵਾਸੀ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਆਪੋ-ਆਪਣੇ ਕਾਰੋਬਾਰਾਂ ਰਾਹੀਂ ਹਜ਼ਾਰਾਂ ਵਿਦੇਸ਼ੀਆਂ ਨੂੰ ਰੁਜ਼ਗਾਰ ਦੇ ਰਹੇ ਹਨ, ਉਹ ਆਪਣੇ ਪੰਜਾਬ ਵਿਚ ਸਨਅਤਾਂ ਸਥਾਪਤ ਕਰਕੇ ਪੰਜਾਬ ਦੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਸਨਅਤਾਂ ਸਥਾਪਤ ਕਰਨ ਦਾ ਯਤਨ ਕਿਉਂ ਨਹੀਂ ਕਰ ਰਹੇ ਦਰਅਸਲ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਪਰਵਾਸੀ ਪੰਜਾਬੀ ਪੰਜਾਬ ਅੰਦਰ ਆਪਣੀਆਂ ਸਨਅਤਾਂ ਜਾਂ ਵਪਾਰਕ ਅਦਾਰੇ ਸਥਾਪਿਤ ਕਰਨ ਦੀ ਸਮਰੱਥਾ ਰੱਖਦੇ ਹਨ, ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਕੰਮ ਕਰਨ ਦਾ ਸਾਫ-ਸੁਥਰਾ ਵਾਤਾਵਰਣ ਪੰਜਾਬ ਅੰਦਰ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਸਰਕਾਰੀ ਖੱਜਲ-ਖੁਆਰੀ ਤੋਂ ਡਰਦੇ ਪੰਜਾਬ ਵੱਲ ਮੂੰਹ ਕਰਨ ਲਈ ਤਿਆਰ ਨਹੀਂ ਹਨ।ਅੱਜ ਵਿਦੇਸ਼ਾਂ ਵਿਚ ਜਿਹੜੇ ਪਰਵਾਸੀ ਪੰਜਾਬੀ ਪਰਿਵਾਰਾਂ ਨੇ ਸ਼ਾਨਦਾਰ ਤਰੱਕੀ ਕਰਕੇ ਆਪੋ-ਆਪਣੇ ਦੇਸ਼ਾਂ ਵਿਚ ਆਪਣੀ ਸ਼ਾਨਦਾਰ ਥਾਂ ਬਣਾਈ ਹੈ, ਉਸ ਦੇ ਪਿੱਛੇ ਉਨ੍ਹਾਂ ਦੇ ਦੇਸ਼ਾਂ ਵਿਚ ਕੰਮਕਾਰ ਤੇ ਤਰੱਕੀ ਕਰਨ ਦੇ ਮੌਕਿਆਂ ਲਈ ਸਾਫ਼-ਸੁਥਰੇ ਵਾਤਾਵਰਣ ਦਾ ਹੋਣਾ ਹੈ। ਜੇਕਰ ਇਨ੍ਹਾਂ ਖੁਸ਼ਹਾਲ ਪੰਜਾਬੀ ਪਰਵਾਸੀ ਪਰਿਵਾਰਾਂ ਦੇ ਪਿਛੋਕੜ ਵੱਲ ਧਿਆਨ ਮਾਰੀਏ ਤਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਇਨ੍ਹਾਂ ਪਰਵਾਸੀ ਪੰਜਾਬੀਆਂ ਨੇ ਵੀ ਇਨ੍ਹਾਂ ਦੇਸ਼ਾਂ ਵਿਚ ਆ ਕੇ ਇਕ ਰੈਸਟੋਰੈਂਟ ਵਿਚ ਬਰਤਨ ਸਾਫ ਕਰਨ ਜਾਂ ਫਿਰ ਕਿਸੇ ਪੈਟਰੋਲ ਪੰਪ ਉੱਪਰ ਕੰਮ ਕਰਨ ਤੋਂ ਹੀ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ। ਇਨ੍ਹਾਂ ਪਰਵਾਸੀ ਪੰਜਾਬੀਆਂ ਦੀ ਮਿਹਨਤ, ਇਮਾਨਦਾਰੀ ਤੇ ਕੰਮ ਕਰਨ ਦੀਆਂ ਸਾਫ-ਸੁਥਰੀਆਂ ਹਾਲਤਾਂ ਕਾਰਨ ਹੀ ਇਹ ਲੋਕ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਸਕੇ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਸਨਅਤਾਂ ਤੇ ਵਪਾਰਕ ਅਦਾਰੇ ਸਥਾਪਿਤ ਕਰਨ ਲਈ ਕੰਮ ਕਰਨ ਦਾ ਸਾਫ-ਸੁਥਰਾ ਵਾਤਾਵਰਣ ਦਿੱਤਾ ਜਾਵੇ।

ਪੰਜਾਬ ਅੰਦਰ ਸਨਅਤਾਂ ਜਾਂ ਵਪਾਰਕ ਅਦਾਰੇ ਸਥਾਪਿਤ ਕਰਨ ਲਈ ਪਰਵਾਸੀ ਪੰਜਾਬੀਆਂ ਨੂੰ ਅਫਸਰਸ਼ਾਹੀ ਦੀ ਚੁੰਗਲ ਤੋਂ ਮੁਕਤ ਕੀਤਾ ਜਾਵੇ। ਪੰਜਾਬ ਵਿਚ ਸਨਅਤਾਂ ਲਾਉਣ ਤੇ ਚਲਾਉਣ ਲਈ ਪਰਵਾਸੀ ਪੰਜਾਬੀਆਂ ਨੂੰ ਆਪਣੀ ਮਨਮਰਜ਼ੀ ਦੇ ਸਾਧਨ ਅਖ਼ਤਿਆਰ ਕਰਨ ਲਈ ਖੁੱਲ੍ਹੀ ਛੁ ਟੀ ਦਿੱਤੀ ਜਾਵੇ। ਸਨਅਤਾਂ ਲਾਉਣ ਤੇ ਉਨ੍ਹਾਂ ਨੂੰ ਚਲਾਉਣ ਲਈ ਹਰ ਕਿਸਮ ਦੀ ਸਰਕਾਰੀ ਦਖਲਅੰਦਾਜ਼ੀ ਨੂੰ ਮੁਕੰਮਲ ਬੰਦ ਕੀਤਾ ਜਾਵੇ। ਪਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਪੂੰਜੀ ਨਿਵੇਸ਼ ਕਰਨ ਲਈ ਪੰਜਾਬ ਦੀ ਰਾਜਨੀਤੀ ਅੰਦਰ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਵਿਦੇਸ਼ਾਂ ਵਰਗਾ ਕੰਮ ਕਰਨ ਲਈ ਵਾਤਾਵਰਣ ਦੇਣ ਦਾ ਯਤਨ ਕਰੇਗੀ ਤਾਂ ਨਿਰਸੰਦੇਹ ਬਹੁਤ ਸਾਰੇ ਪਰਵਾਸੀ ਪੰਜਾਬੀ ਪੰਜਾਬ ਵਿਚ ਸਨਅਤਾਂ ਜਾਂ ਵਪਾਰਕ ਅਦਾਰੇ ਖੋਲ੍ਹਣ ਲਈ ਤਿਆਰ ਹੋ ਜਾਣਗੇ। ਪਰ ਜੇਕਰ ਪੰਜਾਬ ਸਰਕਾਰ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਸਨਅਤੀ ਅਦਾਰੇ ਲਾਉਣ ਲਈ ਸਾਫ-ਸੁਥਰਾ ਵਾਤਾਵਰਣ ਦੇ ਕੇ ਅਫਸਰਸ਼ਾਹੀ ਦੀ ਚੁੰਗਲ ਤੋਂ ਮੁਕਤ ਨਾ ਕੀਤਾ ਤਾਂ ਕੋਈ ਵੀ ਪਰਵਾਸੀ ਪੰਜਾਬੀ ਪੰਜਾਬ ਦੇ ਆਰਥਿਕ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦਾ ਹੌਸਲਾ ਨਹੀਂ ਕਰ ਸਕੇਗਾ। ਕੀ ਪੰਜਾਬ ਸਰਕਾਰ ਤੇ ਪੰਜਾਬ ਦੇ ਸਿਆਸੀ ਲੀਡਰ ਇਸ ਦਿਸ਼ਾ ਵੱਲ ਕੁਝ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰਨਗੇ।

 

 ਸਤਨਾਮ ਸਿੰਘ ਚਾਹਲ