ਪਾਕਿਸਤਾਨ ਵਿਚ ਭੁੱਖਮਰੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਹਿੰਗਾਈ ਦੀ ਮਾਰ
ਅੰਮ੍ਰਿਤਸਰ ਟਾਈਮਜ਼
ਬਲੋਚਿਸਤਾਨ: ਪਾਕਿਸਤਾਨ ਇਨ੍ਹੀਂ ਦਿਨੀਂ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਿੰਗਾਈ ਕਾਰਨ ਦੇਸ਼ ਦੇ ਅੰਦਰੂਨੀ ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਲੋਕ ਕਿਲੋ ਆਟੇ ਲਈ ਸੜਕਾਂ 'ਤੇ ਕਤਾਰਾਂ ਵਿਚ ਖੜ੍ਹੇ ਹਨ। ਬਲੋਚਿਸਤਾਨ ਵਿੱਚ ਸਥਿਤੀ ਹੋਰ ਵੀ ਮਾੜੀ ਹੈ ਅਤੇ ਇੱਥੇ ਕਵੇਟਾ ਵਿੱਚ ਆਟੇ ਦੀ ਕੀਮਤ 2800 ਰੁਪਏ ਪ੍ਰਤੀ 20 ਕਿਲੋ ਤੱਕ ਪਹੁੰਚ ਗਈ ਹੈ। ਇਸ ਇਲਾਕੇ ਵਿੱਚ ਪਿਛਲੇ 10 ਦਿਨਾਂ ਤੋਂ ਕਣਕ ਦੀ ਸਪਲਾਈ ਠੱਪ ਹੈ ਅਤੇ ਮੁਨਾਫਾਖੋਰ ਇਸ ਸਥਿਤੀ ਦਾ ਪੂਰਾ ਫਾਇਦਾ ਉਠਾ ਕੇ ਮਾਲ ਕਮਾ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਤੈਅ ਕੀਤੇ ਰੇਟ 'ਤੇ ਆਟਾ ਨਹੀਂ ਮਿਲ ਰਿਹਾ ਅਤੇ ਉਹ ਮਹਿੰਗੇ ਭਾਅ 'ਤੇ ਆਟਾ ਖਰੀਦਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਨਾਫਾਖੋਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਆਟੇ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਇਸ ਦੌਰਾਨ ਫਲੋਰ ਮਿੱਲ ਐਸੋਸੀਏਸ਼ਨ ਬਲੋਚਿਸਤਾਨ ਦੇ ਪ੍ਰਧਾਨ ਨਾਸਿਰ ਆਗਾ ਨੇ ਦੱਸਿਆ ਕਿ ਮਿੱਲਾਂ ਨੂੰ ਕਣਕ ਦੀ ਸਪਲਾਈ ਪਿਛਲੇ ਦਸ ਦਿਨਾਂ ਤੋਂ ਬੰਦ ਹੈ। ਉਨ੍ਹਾਂ ਕਿਹਾ, "ਬਲੋਚਿਸਤਾਨ ਦੇ ਖੁਰਾਕ ਵਿਭਾਗ ਦੀ ਲਾਪਰਵਾਹੀ ਦੀ ਕੀਮਤ ਜਨਤਾ ਚੁਕਾ ਰਹੀ ਹੈ।"
Comments (0)