ਰਮਨਦੀਪ ਸਿੰਘ ਅਠਵਾਲ, ਅਲਬਰਟਾ ਤੋਂ ਵਿਧਾਨ ਸਭਾ ਚੋਣ ਲੜਨਗੇ   

ਰਮਨਦੀਪ ਸਿੰਘ ਅਠਵਾਲ, ਅਲਬਰਟਾ ਤੋਂ ਵਿਧਾਨ ਸਭਾ ਚੋਣ ਲੜਨਗੇ   

ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵਲੋਂ ਉਮੀਦਵਾਰ ਬਣੇ

ਅੰਮ੍ਰਿਤਸਰ ਟਾਈਮਜ਼

ਅਲਬਰਟਾ : ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 29 ਮਈ ਨੂੰ ਚੋਣਾਂ ਹੋਣਗੀਆਂ ਜਿਸ ਦੇ ਤਹਿਤ ਐਡਮਿੰਟਨ ਸ਼ਹਿਰ ਦੇ ਮਿਲਵੁੱਡ ਹਲਕੇ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਮਜੀਠਾ ਨੇੜਲੇ ਪਿੰਡ ਅਠਵਾਲ ਦੇ ਜੰਮਪਲ ਰਮਨਦੀਪ ਸਿੰਘ ਅਠਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। 

ਰਮਨਦੀਪ ਸਿੰਘ ਅਠਵਾਲ ਦਾ ਰਾਜਨੀਤਕ ਪਿਛੋਕੜ ਹੋਣ ਕਰਕੇ ਉਸ ਨੂੰ ਰਾਜਨੀਤੀ ਬਾਰੇ ਕਾਫੀ ਤਜ਼ਰਬਾ ਹੈ। ਰਮਨਦੀਪ ਸਿੰਘ ਅਠਵਾਲ ਦੇ ਦਾਦਾ ਸ. ਦਲੀਪ ਸਿੰਘ ਜਿਹੜੇ ਕਿ ਲੰਮਾ ਸਮਾ ਪਿੰਡ ਦੇ ਸਰਪੰਚ ਰਹੇ, ਪਿਤਾ ਗੁਰਮੀਤ ਸਿੰਘ ਅਠਵਾਲ ਸਿੱਖਿਆ ਵਿਭਾਗ ਪੰਜਾਬ ਵਿੱਚੋ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਅਤੇ ਸਿੱਖਿਆ ਦੇ ਖੇਤਰ ਵਿੱਚ ਸਟੇਟ ਐਵਾਰਡ ਪ੍ਰਾਪਤ ਕੀਤਾ। ਰਮਨਦੀਪ ਸਿੰਘ ਅਠਵਾਲ ਪੰਜਾਬ ਦੇ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਦਾ ਰਿਸ਼ਤੇ ਵਿੱਚ ਭਤੀਜਾ ਲੱਗਦਾ ਹੈ । ਪੰਜਾਬ ਵਿੱਚ ਪਰਿਵਾਰ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੋਣ ਕਰਕੇ ਗੁਰਮੀਤ ਸਿੰਘ ਅਠਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਰਮਨਦੀਪ ਸਿੰਘ ਅਠਵਾਲ ਦੇ ਪਿਤਾ ਗੁਰਮੀਤ ਸਿੰਘ ਅਠਵਾਲ ਨੇ ਦੱਸਿਆ ਕਿ ਰਮਨਦੀਪ ਸਿੰਘ ਅਠਵਾਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲਿਮਵੁੱਡ ਹਲਕੇ ਦੇ ਹਰੇਕ ਭਾਈਚਾਰੇ ਵੱਲੋਂ ਭਰਪੂਰ ਸਮਰਥਨ ਹਾਸਲ ਹੈ। ਜਿਸ ਨੇ ਅਲਬਰਟਾ ਸੂਬੇ ਸ਼ਹਿਰ ਵਿੱਚ ਸਿਹਤ ਸਬੰਧੀ ਸਿਸਟਮ ਵਿੱਚ ਸੁਧਾਰ ਲਿਆਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਸੰਨ 2016 ਵਿੱਚ ਰਮਨਦੀਪ ਸਿੰਘ ਅਠਵਾਲ ਦੀ ਬੇਟੀ ਐਂਬਰ ਕੌਰ ਅਠਵਾਲ ਸਿਹਤ ਪ੍ਰਣਾਲੀ ਦੀਆਂ ਨਾਕਾਮੀਆਂ ਕਾਰਣ ਦਿਮਾਗੀ ਤੌਰ 'ਤੇ ਬਿਮਾਰ ਹੋ ਗਈ ਸੀ ਕਿਉਕਿ ਉਸ ਦੇ ਦੰਦਾਂ ਦੀ ਤਕਲੀਫ ਹੋਣ ਕਰਕੇ ਉਸ ਨੂੰ ਦੰਦਾਂ ਦੇ ਮਾਹਿਰ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਐਂਬਰ ਕੌਰ ਅਠਵਾਲ ਜਿਹੜੀ ਕਿ ਉਸ ਵਕਤ ਸਿਰਫ 6 ਸਾਲ ਦੀ ਸੀ ਨੂੰ ਸਾਰਾ ਸਰੀਰ ਸੁੰਨ ਕਰਨ ਵਾਸਤੇ ਭਾਰੀ ਮਾਤਰਾ ਵਿੱਚ ਦਵਾਈ ਦੇ ਦਿੱਤੀ ਸੀ ਜਿਸ ਕਾਰਨ ਉਹ ਦਿਮਾਗੀ ਤੌਰ 'ਤੇ ਬਿਮਾਰ ਹੋ ਗਈ ਜਿਹੜੀ ਕਿ ਹੁਣ ਤਕ ਬਿਮਾਰ ਹੈ। ਉਸ ਦਿਨ ਤੋਂ ਹੀ ਰਮਨਦੀਪ ਸਿੰਘ ਅਠਵਾਲ ਨੇ ਇਹ ਨਿਸ਼ਚਾ ਕਰ ਲਿਆ ਕਿ ਉਹ ਹੁਣ ਹੋਰ ਕਿਸੇ ਵੀ ਬੱਚੇ ਜਾਂ ਵਿਅਕਤੀ ਨਾਲ ਅਜਿਹਾ ਨਹੀਂ ਹੋਣ ਦੇਵੇਗਾ ਅਤੇ ਉਸ ਨੇ ਵਿਦੇਸ਼ੀ ਸਰਕਾਰ ਖ਼ਿਲਾਫ਼ ਜੰਗ ਲੜ ਕੇ ਇਸ 'ਤੇ ਫਤਹਿ ਹਾਸਲ ਕੀਤੀ।

ਰਮਨਦੀਪ ਸਿੰਘ ਅਠਵਾਲ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਤਰਜੀਹ ਸਿਹਤ ਅਤੇ ਸਿੱਖਿਆ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਦੀ ਹੋਵੇਗੀ। ਇਲਾਕੇ ਨੂੰ ਜੁਰਮ ਰਹਿਤ ਬਣਾਉਣਾ ਵੀ ਅਹਿਮ ਰਹੇਗਾ। ਰਮਨਦੀਪ ਸਿੰਘ ਦੇ ਇਸ ਉਦਮ ਦਾ ਪੂਰੇ ਸੂਬੇ ਵਿੱਚ ਭਾਰੀ ਪ੍ਰਸੰਸਾ ਹੋਣ ਲੱਗੀ ਅਤੇ ਲੋਕਾਂ ਦਾ ਹਰਮਨਪਿਆਰਾ ਬਣ ਗਿਆ। ਇਸ ਕਰਕੇ ਰਮਨਦੀਪ ਸਿੰਘ ਅਠਵਾਲ ਨੂੰ ਅਲਬਰਟਾ ਕਾਲਜ ਆਫ ਡੈਂਟਲ ਅਸਿਸਟੈਂਟ ਵਿੱਚ ਪਬਲਿਕ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਉਸ ਦੀ ਇਹ ਹਰਮਨਪਿਆਰਤਾ ਨੂੰ ਵੇਖ ਕੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਟਿਕਟ ਦੇਕੇ ਨਿਵਾਜਿਆ ਹੈ।