ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਸਿਰਜਨਹਾਰ ਦੀ ਸਿਰਜਨਾ ਵਿਸਮਾਦਮਈ

ਰੂਪ ਸਿੰਘ


ਸਿਰਜਨਹਾਰ ਦੀ ਸਿਰਜਨਾ ਵਿਸਮਾਦਮਈ ਹੈ। ਸਮੁੱਚੀ ਸਿਰਜਨਾ ਨੂੰ ਜਾਣਨਾ ਉਨਾ ਹੀ ਮੁਸ਼ਕਲ ਹੈ ਜਿੰਨਾ ਸਿਰਜਨਹਾਰ ਨੂੰ! ਵਿਸਮਾਦੀ ਸਿਰਜਨਾ ਵਿੱਚੋਂ ਹੀ ਮਨੁੱਖ ਜਾਤੀ ਪ੍ਰਭੂ ਦੀ ਸਰਵੋਤਮ ਕਿਰਤ ਮੰਨੀ ਗਈ ਹੈ। ਮਨੁੱਖ ਨੂੰ ਧਰਤੀ ਦਾ ਸਿਰਦਾਰ ਕਹਿ ਨਿਵਾਜਿਆ ਗਿਆ ਹੈ। ਲੱਖਾਂ ਹੀ ਜੂਨਾਂ ਵਿੱਚੋਂ ਮਨੁੱਖ ਨੂੰ ਪ੍ਰਭੂ ਨੇ ਸਿਰਦਾਰ ਹੋਣ ਦੀ ਵਡਿਆਈ ਬਖ਼ਸ਼ੀ ਹੈ। ਜੋ ਸਿਰਦਾਰੀ ਦੇ ਅਵਸਰ ਨੂੰ ਲਬ-ਲੋਭ, ਹਉਮੈ-ਹੰਕਾਰ ਤੇ ਸੰਸਾਰਿਕ ਨਸ਼ਿਆਂ ਵਿੱਚ ਗ਼ਲਤਾਨ ਕਰਕੇ ਗਵਾ ਲੈਂਦਾ ਹੈ, ਉਹ ਜਨਮ-ਮਰਨ ਦੇ ਚੱਕਰ ਦਾ ਦੁੱਖ ਸਹਾਰਦਾ ਹੈ। ਮਾਨਵ ਜੀਵਨ ਅਮੋਲਕ ਹੈ, ਦੁਰਲੱਭ ਹੈ ਜੋ ਬਾਰ-ਬਾਰ ਨਹੀਂ ਮਿਲਦਾ ਤੇ ਜੋ ਮਨੁੱਖ ਜੀਵਨ ਆਦਰਸ਼ ਦੀ ਪ੍ਰਾਪਤੀ ਲਈ ਜੀਵਨ ਭਰ ਲਈ ਯਤਨਸ਼ੀਲ ਰਹਿੰਦਾ ਹੈ, ਉਹੀ ਪ੍ਰਭੂ-ਦਰ 'ਤੇ ਪ੍ਰਵਾਨ ਚੜ੍ਹਦਾ ਹੈ। ਸਮਾਜਿਕ ਮਾਣ-ਸਨਮਾਨ ਦਾ ਹੱਕਦਾਰ ਵੀ ਅਜਿਹਾ ਹੀ ਮਨੁੱਖ ਬਣਦਾ ਹੈ।
ਮਨੁੱਖੀ ਸਰੀਰ ਹੀ ਨਹੀਂ ਸਗੋਂ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਇਸ ਦਾ ਹਰੇਕ ਅੰਗ ਹੀ ਅਮੋਲਕ ਤੇ ਦੁਰਲੱਭ ਨਜ਼ਰ ਆਵੇਗਾ। ਕਿਸੇ ਅੰਗ ਦੀ ਕੀਮਤ ਦਾ ਅਹਿਸਾਸ ਕਿਸੇ ਅੰਗਹੀਣ ਦੀ ਬੇਵਸੀ ਵੱਲ ਤੱਕ ਕੇ ਸਹਿਜੇ ਹੀ ਹੋ ਸਕਦਾ ਹੈ। ਜਿਸ ਮਨੁੱਖ ਦੇ ਨੈਣ ਜੋਤਿ ਤੋਂ ਹੀਣ ਹਨ, ਉਹ ਹਰ ਕੀਮਤ 'ਤੇ ਅੱਖਾਂ ਦੀ ਰੌਸ਼ਨੀ ਪ੍ਰਾਪਤੀ ਕਰਨੀ ਲੋਚਦਾ ਹੈ ਪਰ ਉਸ ਨੂੰ ਆਪਣੇ ਬਰਾਬਰ ਕੰਚਨ ਦੇਣ 'ਤੇ ਵੀ ਅੱਖਾਂ ਦੀ ਜੋਤਿ ਪ੍ਰਾਪਤੀ ਨਹੀਂ ਹੁੰਦੀ।
ਇਸ ਤਰ੍ਹਾਂ ਹੀ ਮਨੁੱਖ ਨੂੰ ਸੋਚ ਤੇ ਬੋਲ-ਸ਼ਕਤੀ ਪਰਮਾਤਮਾ ਨੇ ਬਖ਼ਸ਼ਿਸ਼ ਕੀਤੀ ਹੈ। ਬੋਲ-ਸ਼ਕਤੀ  ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਹਰ ਵਿਅਕਤੀ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਬੋਲ-ਸ਼ਕਤੀ ਹੀ ਐਸਾ ਸਾਧਨ ਹੈ ਕਿ ਜੇ ਮਨੁੱਖ ਚਾਹੇ ਤਾਂ ਮਿੱਠੜੇ ਬੋਲ ਬੋਲ ਕੇ ਸੱਜਣਤਾਈ ਪ੍ਰਾਪਤ ਕਰ ਸਕਦਾ ਹੈ ਤੇ ਜੇ ਚਾਹੇ ਤਾਂ ਗਾਲੀ-ਗਲੋਚ ਦੇ ਬੋਲਾਂ ਨਾਲ ਸੱਜਣਾਂ ਨੂੰ ਵੀ ਦੁਸ਼ਮਣ ਬਣਾ ਸਕਦਾ ਹੈ। ਪਾਵਨ ਗੁਰਬਾਣੀ ਮਨੁੱਖ ਨੂੰ ਜੀਵਨ ਦੇ ਹਰ ਪਹਿਲੂ ਤੋਂ ਅਗਵਾਈ ਬਖ਼ਸ਼ਿਸ਼ ਕਰਦੀ ਹੈ। ਅਸੀਂ ਵਿਚਾਰ ਕਰਨੀ ਹੈ ਕਿ ਗੁਰਬਾਣੀ ਸਾਨੂੰ ਬੋਲ-ਚਾਲ ਸਬੰਧੀ ਕਿਵੇਂ ਸੇਧ ਪ੍ਰਦਾਨ ਕਰਦੀ ਹੈ?
ਬੋਲ ਦਾ ਅਰਥ ਹੈ, 'ਬਚਨ', 'ਆਵਾਜ਼', 'ਕਥਨ'। ਬੋਲਣ ਤੋਂ ਭਾਵ ਹੈ ਵਾਰਤਾਲਾਪ ਕਰਨਾ, ਕਿਸੇ ਨੂੰ ਕੁਝ ਕਹਿਣਾ, ਗੱਲਬਾਤ ਕਰਨੀ ਆਦਿ। ਹਰ ਮਨੁੱਖ ਦੀ ਆਪਣੀ ਹੀ ਬੋਲਣ-ਸ਼ੈਲੀ ਹੈ ਜਿਸ ਦੁਆਰਾ ਉਹ ਆਪਣੇ ਆਪ ਨੂੰ ਵਿਅਕਤ ਕਰਦਾ ਹੈ! ਵਿਦਿਵਾਨਾਂ ਨੇ ਆਵਾਜ਼ ਜਾਂ ਬੋਲੀ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ, 'ਪਰਾ', 'ਪਸਯੰਤੀ', 'ਮਧਯਮਾ' ਤੇ 'ਬੈਖਰੀ'। 'ਪਰਾ' ਉਹ ਆਵਾਜ਼ ਹੈ ਜੋ ਅਜੇ ਮੂਲਾਧਾਰ ਵਿੱਚ ਹੀ ਹੈ ਤੇ ਮੂਲਾਧਾਰ ਤੋਂ ਉੱਠ ਕੇ ਹਿਰਦੇ ਵਿੱਚ ਆਉਣ ਵਾਲੀ ਆਵਾਜ਼ 'ਪਸਯੰਤੀ' ਕਹਾਉਂਦੀ ਹੈ, ਜੋ ਕੰਠ ਵਿੱਚ ਆ ਗਈ ਉਹ 'ਮਧਯਮਾ' ਅਤੇ ਜੋ ਮੁਖ ਰਾਹੀਂ ਉਚਾਰੀ ਗਈ ਉਹ 'ਬੈਖਰੀ' ਕਹਿਲਾਉਂਦੀ ਹੈ। ਇਨ੍ਹਾਂ ਵਿੱਚੋਂ ਬੈਖਰੀ ਮਹੱਤਵਪੂਰਨ ਹੈ। ਪਹਿਲੀਆਂ ਅਵਸਥਾਵਾਂ ਵਿੱਚ ਤਾਂ ਮਨੁੱਖ ਦਾ ਆਪਾ ਬਾਹਰ ਪ੍ਰਗਟ ਨਹੀਂ ਹੁੰਦਾ ਤੇ ਚੌਥੀ ਅਵਸਥਾ ਵਿੱਚ ਆਪਾ 'ਬੋਲਣ' ਦੁਆਰਾ ਪ੍ਰਗਟ ਹੋ ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਤੀਰ ਕਮਾਨੋਂ, ਬੋਲ ਜੁਬਾਨੋਂ ਨਿਕਲੇ ਵਾਪਸ ਨਹੀਂ ਆਉਂਦੇ। ਗੁਰਬਾਣੀ ਅਨੁਸਾਰ ਉਹੀ ਬੋਲ ਪ੍ਰਵਾਨ ਮੰਨੇ ਗਏ ਹਨ, ਜਿਨ੍ਹਾਂ ਦੇ ਬੋਲਣ ਨਾਲ ਸਮਾਜ ਵਿੱਚ ਮਾਣ-ਸਨਮਾਨ ਤੇ ਪ੍ਰਭੂ ਦਰਬਾਰ ਵਿੱਚ ਢੋਈ ਪ੍ਰਾਪਤ ਹੁੰਦੀ ਹੈ। ਫਿੱਕੇ ਬੋਲ ਬੋਲਣ ਵਾਲਾ ਹਮੇਸ਼ਾਂ ਹੀ ਖੁਆਰ ਹੁੰਦਾ ਹੈ। ਗੁਰਬਾਣੀ ਦਾ  ਫ਼ੁਰਮਾਨ ਹੈ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।। (ਅੰਗ ੧੫)।
ਇਸ ਕਰਕੇ ਹਰੇਕ ਮਨੁੱਖ ਨੂੰ ਆਪਣੇ ਬੋਲ-ਬਚਨਾਂ ਵਿੱਚ ਮਿਠਾਸ ਤੇ ਨਿਮਰਤਾ ਭਾਵ ਦੇ ਸਦਗੁਣ ਪੈਦਾ ਕਰਨੇ ਚਾਹੀਦੇ ਹਨ। ਕਠੋਰ ਤੇ ਕੌੜੇ ਬੋਲ ਬੋਲਣ ਵਾਲੇ ਵਿਅਕਤੀ ਸਮਾਜ ਵਿੱਚ ਕਦੇ ਵੀ ਇੱਜ਼ਤ-ਮਾਣ ਦੇ ਹੱਕਦਾਰ ਨਹੀਂ ਬਣਦੇ। ਅਸੀਂ ਰੋਜ਼ਾਨਾ ਜੀਵਨ ਵਿੱਚ ਦੇਖਦੇ ਹਾਂ ਕਿ ਕੜਵੇ ਬੋਲ ਬੋਲਣ ਵਾਲਿਆਂ ਤੋਂ ਸਾਰੇ ਹੀ ਕੰਨੀ ਕਤਰਾਉਂਦੇ ਹਨ। ਕੌੜੇ ਬੋਲ ਬੋਲਣ ਵਾਲੇ ਵਿਅਕਤੀ ਨੂੰ ਹਰ ਪਾਸੇ ਤੋਂ ਫਿਟਕਾਰਾਂ ਹੀ ਪੈਂਦੀਆਂ ਹਨ ਤੇ ਉਸ ਨੂੰ ਸਮਾਜ ਵਿੱਚ ਮੂਰਖ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਉਹ ਕਈ ਵਾਰ ਤਾਂ ਫਿੱਕੇ ਬੋਲ ਬੋਲਣ ਕਰਕੇ ਜੁੱਤੀਆਂ ਦਾ ਵੀ ਭਾਗੀ ਬਣਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ ਹੈ :
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।
ਫਿਕੋ ਫਿਕਾ ਸਦੀਐ ਫਿਕੋ ਫਿਕੀ ਸੋਇ।।
ਫਿਕਾ ਦਰਗਾਹ ਸਟੀਐ ਮੁਹਿ ਥੁਕਾ ਫਿਕੇ ਪਾਇ।।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।।  (ਅੰਗ ੪੭੩)।
ਬਾਬਾ ਫਰੀਦ ਜੀ ਵੀ ਮਨੁੱਖਤਾ ਦਾ ਮਾਰਗ-ਦਰਸ਼ਨ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਜੇ ਤੈਨੂੰ ਪ੍ਰੀਤਮ ਪਿਆਰੇ ਪ੍ਰਭੂ ਨਾਲ ਮਿਲਣ ਦੀ ਸਿੱਕ ਹੈ ਤਾਂ ਤੈਨੂੰ ਕਿਸੇ ਨਾਲ ਵੀ ਮਾੜਾ ਬੋਲ ਨਹੀਂ ਬੋਲਣਾ ਚਾਹੀਦਾ ਕਿਉਂਕਿ ਹਰੇਕ ਮਨੁੱਖ ਦੇ ਅੰਦਰ ਉਸ ਪ੍ਰੀਤਮ ਪਿਆਰੇ ਦੀ ਜੋਤਿ ਵਿਆਪਕ ਹੈ।
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ।।
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ।। (ਅੰਗ ੧੩੮੪)।
ਮਿੱਠੜੇ ਤੇ ਨਿਮਰਤਾ ਭਰੇ ਬੋਲ ਹੀ ਚੰਗੇ ਗੁਣਾਂ ਦਾ ਤੱਤਸਾਰ ਹੈ :
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।। (ਅੰਗ ੪੭੦)।
ਬੋਲ ਮਨੁੱਖ ਦੀ ਆਜ਼ਾਦ ਹਸਤੀ ਦਾ ਵੀ ਪ੍ਰਗਟਾਵਾ ਕਰਦੇ ਹਨ। ਗੁਲਾਮ ਮਨੁੱਖ ਦੀ ਬੋਲ-ਸ਼ਕਤੀ ਖ਼ਤਮ ਹੋ ਜਾਂਦੀ ਹੈ। ਉਹ ਬੋਲਣ ਦੇ ਅੰਗ ਰੱਖਦਾ ਹੋਇਆ ਵੀ ਬੋਲਣ ਤੋਂ ਅਸਮਰੱਥ ਹੈ-ਗੂੰਗਾ ਹੈ! ਗੁਲਾਮ ਦੇ ਬੋਲ ਆਪਣੇ ਨਹੀਂ ਹੁੰਦੇ। ਉਹ ਜੋ ਬੋਲਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਤੋਂ ਨਹੀਂ ਬੋਲਦਾ ਸਗੋਂ ਮਾਲਕ ਦੇ ਹੁਕਮ 'ਤੇ ਹੀ ਬੋਲਦਾ ਹੈ। ਗੁਲਾਮ ਜੇਕਰ ਜ਼ਮੀਰ ਤੋਂ ਬੋਲਣਾ ਸ਼ੁਰੂ ਕਰ ਦੇਵੇ ਤਾਂ ਉਹ ਬਾਗ਼ੀ ਸਦਵਾਉਂਦਾ ਹੈ।  ਆਜ਼ਾਦ-ਸੁਤੰਤਰ ਮਨੁੱਖ ਦੇ ਬੋਲ ਜ਼ਮੀਰ ਦੀ ਆਵਾਜ਼-ਆਧਾਰਤ ਹੁੰਦੇ ਹਨ, ਉਧਾਰੇ ਲਈ ਨਹੀਂ ਹੁੰਦੇ। ਸ਼ਾਇਦ ਇਸ ਕਰਕੇ ਸੂਰਮੇ ਮਨੁੱਖ ਦਾ ਸਰੀਰ ਤਾਂ ਭਾਵੇਂ ਬਿਨਸ ਜਾਏ ਪਰ ਬੋਲ ਸਦੀਵੀ ਹੋ ਨਿੱਬੜਦੇ ਹਨ। ਸੂਰਮਾ ਮਨੁੱਖ ਸਮੇਂ ਸਿਰ ਸੱਚੇ ਤੇ ਮਿੱਠੇ ਬੋਲ ਬੋਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮੇਂ ਸਿਰ ਸੱਚੇ ਤੇ ਸਦੀਵੀ ਬੋਲ, ਬੋਲ ਕੇ ਮਾਨਵਤਾ ਦਾ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਨੇ ਸਮੇਂ ਦੇ ਹਾਕਮਾਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਤੇ ਬਾਬਰ ਨੂੰ ਜਾਬਰ ਤੱਕ ਕਿਹਾ।
ਬੋਲਾਂ ਸਬੰਧੀ ਗੁਰਬਾਣੀ ਵਿੱਚੋਂ ਸਾਨੂੰ ਭਰਪੂਰ ਅਗਵਾਈ ਮਿਲਦੀ ਹੈ ਕਿ ਮਨੁੱਖ ਬੋਲਣ ਸ਼ਕਤੀ ਦਾ ਕਿਵੇਂ ਸਦ-ਉਪਯੋਗ ਕਰ ਸਕਦਾ ਹੈ।  ਗੁਰਮਤਿ ਵਿੱਚ ਥੋੜ੍ਹਾ ਖਾਣ, ਥੋੜ੍ਹਾ ਸੌਣ ਦੀ ਤਾਕੀਦ ਕੀਤੀ ਗਈ ਹੈ ਇਵੇਂ ਹੀ ਬੋਲਣ ਸਬੰਧੀ ਵੀ ਸੰਜਮ ਅਖ਼ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ। ਬਹੁਤਾ ਬੋਲਣ ਤੋਂ ਵਰਜਿਆ ਗਿਆ ਹੈ। ਬਹੁਤਾ ਬੋਲਣਾ ਫਜ਼ੂਲ ਹੈ,ਬੇ-ਫਾਇਦਾ ਹੈ ਕਿਉਂਕਿ ਪ੍ਰੀਤਮ ਪਿਆਰਾ ਮਨੁੱਖ ਦੀ ਮੂਕ ਭਾਸ਼ਾ ਨੂੰ ਵੀ  ਸੁਣਦਾ, ਸਮਝਦਾ ਹੈ।
ਬਹੁਤਾ ਬੋਲਣੁ ਝਖਣੁ ਹੋਇ ਵਿਣੁ ਬੋਲੇ ਜਾਣੈ ਸਭੁ ਸੋਇ।।
(ਅੰਗ ੬੬੧)।
ਮਨੁੱਖ ਦਾ ਮਨੁੱਖ ਨਾਲ ਸਨੇਹ-ਪਿਆਰ ਮਿੱਠੇ ਬੋਲ ਬੋਲਣ ਨਾਲ ਹੀ ਬਣ ਸਕਦਾ ਹੈ ਪਰ ਪਿਆਰ ਦੀ ਸਾਂਝ ਬੁਰੇ ਬੋਲ ਬੋਲਣ ਨਾਲ ਪਲਾਂ ਵਿੱਚ ਟੁੱਟ ਵੀ ਜਾਂਦੀ ਹੈ :
ਗੰਢੁ ਪਰੀਤੀ ਮਿਠੇ ਬੋਲ।। (ਅੰਗ ੧੪੩),
ਟੂਟਿ ਪਰੀਤਿ ਗਈ ਬੁਰ ਬੋਲਿ।। (ਅੰਗ ੯੩੩)।
ਫਿਰ ਜਿੱਥੇ ਬੋਲਣਾ ਹੀ ਵਿਅਰਥ ਹੋਵੇ, ਬੇ-ਫ਼ਾਇਦਾ ਹੋਵੇ ਭਾਵ ਬੋਲਣ 'ਤੇ, ਸੁਣਨ ਵਾਲੇ ਅਸਰ ਹੀ ਕਬੂਲ ਨਾ ਕਰਨ, ਉÎੱਥੇ ਤਾ ਬੋਲਣ ਨਾਲੋਂ ਚੁੱਪ ਹੀ ਭਲੀ ਹੈ :
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।। (ਅੰਗ ੧੪੯)
ਗੁਰਬਾਣੀ ਵਿੱਚ ਮਨੁੱਖ ਨੂੰ ਅਧਿਆਤਮਕ ਪੱਖ ਦੇ ਨਾਲ-ਨਾਲ ਸਮਾਜਿਕ ਵਰਤੋਂ-ਵਿਵਹਾਰ ਵਿੱਚ ਵੀ ਬੋਲ ਚਾਲ ਦਾ ਚੱਜ-ਆਚਾਰ ਅਖ਼ਤਿਆਰ ਕਰਨ ਦੀ ਨਸੀਅਤ ਕੀਤੀ ਹੈ। ਪ੍ਰਭੂ-ਰਜ਼ਾ ਵਿੱਚ ਚੱਲਣ ਵਾਲਾ ਮਨੁੱਖ ਚੰਗੀਆਂ ਬਿਰਤੀਆਂ ਨੂੰ ਧਾਰਨ ਕਰਦਾ ਹੈ ਤੇ ਮਾੜੇ ਕਰਮਾਂ ਤੋਂ ਤੋਬਾ ਕਰਦਾ ਹੋਇਆ ਕਥਨੀ ਤੇ ਕਰਨੀ ਵਿੱਚ ਇਕਸਾਰਤਾ ਲਿਆਉਂਦਾ ਹੈ। ਮਿਠਾਸ ਤੇ ਨਿਮਰਤਾ ਭਰਪੂਰ ਬੋਲਣ ਵਾਲਿਆਂ ਨੂੰ ਘਰ-ਪਰਿਵਾਰ ਤੇ ਸਮਾਜ ਵਿੱਚ ਮਾਣ-ਸਤਿਕਾਰ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦਾ ਪਾਵਨ ਸਿਧਾਂਤ ਹੈ :
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ
ਜੋ ਬੋਲਹਿ ਅੰਮ੍ਰਿਤ ਬਾਤਾ ਹੇ।। (ਅੰਗ ੧੦੫੧)।
ਜਿੱਥੇ ਗੁਰਬਾਣੀ ਵਿਚ ਬਾਰ-ਬਾਰ ਨਿਮਰਤਾ ਤੇ ਮਿਠਾਸ ਭਰਪੂਰ ਬੋਲ ਬੋਲਣ 'ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਨਾਲ ਹੀ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਆਪਣੇ ਧਰਮ ਅਨੁਸਾਰ ਸੱਚੇ ਬੋਲ ਬੋਲੋ। ਕਦੇ ਵੀ ਝੂਠੇ ਬੋਲ ਕੇ ਦੂਜਿਆਂ ਦਾ ਮਨ ਨਾ ਦੁਖਾਓ ਤੇ ਨਾ ਹੀ ਆਪਣੇ ਆਪ ਨਾਲ ਇਸ ਤਰ੍ਹਾਂ ਕਦੇ ਧੋਖਾ ਕਰੋ। ਜਿੱਤ ਹਮੇਸ਼ਾ ਸੱਚੇ ਬੋਲਾਂ ਦੀ ਹੀ ਹੁੰਦੀ ਹੈ। ਝੂਠ ਬੋਲਣ ਵਾਲਿਆਂ ਦੇ ਅਖ਼ੀਰ ਨਮੋਸ਼ੀ ਹੀ ਪੱਲੇ ਪੈਂਦੀ ਹੈ :
ਬੋਲੀਐ ਸਚੁ ਧਰਮੁ ਝੂਠ ਨ ਬੋਲੀਐ।। (ਅੰਗ ੪੮੮)।
ਮੰਦੇ ਬੋਲ ਬੋਲ ਕੇ ਕਿਸੇ ਦਾ ਵੀ ਮਨ ਨਹੀਂ ਦੁਖਾਉਣਾ ਚਾਹੀਦਾ। ਗਿਆਨ ਦੀ ਪ੍ਰਾਪਤੀ ਕਰਕੇ ਮਨੁੱਖ ਨੂੰ ਇਹੀ ਸਮਝ ਆਉਂਦੀ ਹੈ।
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ਮੂਰਖੈ ਨਾਲਿ ਨ ਲੁਝੀਐ।। (ਅੰਗ ੪੭੩)।
ਮਿੱਠੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ। ਬਚਨਾਂ ਦੀ ਮਿਠਾਸ ਹਰੇਕ ਨੂੰ ਪਰੇਰ ਲੈਂਦੀ ਹੈ :
ਕੋਮਲ ਬਾਣੀ ਸਭ ਕਉ ਸੰਤੋਖੈ।। (ਅੰਗ ੨੯੯)।
ਬੁਜ਼ਦਿਲਾਂ, ਮਾਨਸਿਕ ਅਪਾਹਜਾਂ ਮਨਮੁਖਾਂ ਤੇ ਮੂਰਖਾਂ ਦੀ ਪਹਿਚਾਣ ਉਨ੍ਹਾਂ ਦੇ ਸਰੀਰ, ਰੰਗ-ਰੂਪ ਤੇ ਪਹਿਰਾਵੇ ਤੋਂ ਨਹੀਂ ਹੁੰਦੀ ਸਗੋਂ ਉਨ੍ਹਾਂ ਦੇ ਬੋਲ ਹੀ ਉਨ੍ਹਾਂ ਦੀ ਪਹਿਚਾਣ ਕਰਾਉਂਦੇ ਹਨ। ਬੁਜ਼ਦਿਲ, ਕਾਇਰ, ਗ਼ੁਲਾਮ ਸਮੇਂ ਸਿਰ ਸੱਚ ਨਹੀਂ ਬੋਲਦੇ, ਉਹ ਕੇਵਲ ਹਾਕਮ ਦੀ ਖੁਸ਼ਨੂਦੀ ਹਾਸਲ ਕਰਨ ਲਈ ਖ਼ੁਸ਼ਾਮਦ ਕਰਦੇ ਹਨ ਤੇ ਹਾਂ 'ਚ ਹਾਂ ਮਿਲਾਉਂਦੇ ਹਨ। ਮਨਮੁਖ ਤੇ ਮੂਰਖ ਦੀ ਪ੍ਰਮੁੱਖ ਨਿਸ਼ਾਨੀ ਹੈ ਕਿ ਉਹ ਬੋਲਣ ਤੋਂ ਪਹਿਲਾਂ ਵਿਚਾਰਦਾ ਨਹੀਂ, ਜੋ ਮੂੰਹ ਵਿੱਚ ਆਉਂਦਾ ਹੈ, ਉਂਗਲ ਦਿੰਦਾ ਹੈ। ਉਹ ਦੂਜਿਆਂ ਨੂੰ ਤਾਂ ਆਪਣੀ ਗੱਲ ਸੁਣਾਉਂਦਾ ਹੈ ਪਰ ਆਪ ਨਾ ਤਾਂ ਕਿਸੇ ਦੀ ਗੱਲ ਗਹੁ ਨਾਲ ਸੁਣਦਾ-ਵਿਚਰਦਾ ਹੈ ਤੇ ਨਾ ਹੀ ਆਪਣੇ ਕਹੇ 'ਤੇ ਅਮਲ ਕਰਦਾ ਹੈ।
ਮਾਨੁਖ ਕਥੇ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੈ।।
(ਅੰਗ ੯੮੧)।
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ।। (ਅੰਗ ੮੩੧)।
ਬਿਨਾ ਸੋਚੇ ਸਮਝੇ ਬੋਲੇ ਹੋਏ ਬੋਲ ਕਈ ਵਾਰ ਤਲਵਾਰ ਦੇ ਜ਼ਖ਼ਮਾਂ ਤੋਂ ਵੀ ਵੱਧ ਘਾਤਕ ਤੇ ਚਿਰਕਾਲੀ ਹੋ ਨਿਬੜਦੇ ਹਨ। ਉਮਰਾਂ ਲੰਮੀ ਸਾਂਝ ਨੂੰ ਬੇਸਮਝੀ ਵਿੱਚ ਬੋਲਿਆ ਇੱਕ ਕੌੜਾ ਬੋਲ ਦੁਸ਼ਮਣੀ ਵਿੱਚ ਬਦਲ ਸਕਦਾ ਹੈ। ਦੂਜੇ ਪਾਸੇ ਨਿਮਰਤਾ ਨਾਲ ਕਹੇ ਹੋਏ ਮਿੱਠੜੇ ਬੋਲ ਪੁਰਾਣੇ ਜ਼ਖ਼ਮਾਂ ਨੂੰ ਮੇਟਣ ਵਿੱਚ ਸਹਾਈ ਹੋ ਸਕਦੇ ਹਨ।
ਗੁਰਬਾਣੀ ਦੇ ਆਸ਼ੇ ਅਨੁਸਾਰ ਹਰੇਕ ਮਾਨੁਖ ਦੀ ਬੋਲ-ਬਾਣੀ ਮਿਠਾਸ-ਭਰਪੂਰ ਤੇ ਸੰਜਮਮਈ ਹੋਣੀ ਚਾਹੀਦੀ ਹੈ। ਗੁਰਸਿੱਖ ਸਦਵਾਉਣ ਵਾਲਿਆਂ ਲਈ ਤਾਂ ਇਹ ਨਹਾਇਤ ਹੀ ਜ਼ਰੂਰੀ ਹੈ ਕਿਉਂਕਿ ਗਾਲੀ-ਗਲੋਚ ਵਾਲੀ ਭਾਸ਼ਾ ਤੇ ਬੋਲ-ਬਾਣੀ ਗੁਰੂ-ਹੁਕਮਾਂ ਦੀ ਸਰਾਸਰ ਉਲੰਘਣਾ ਹੈ, ਜੋ ਗੁਰਸਿੱਖ ਕਦੇ ਵੀ ਨਹੀਂ ਕਰਦਾ।