ਜਾਦੂ- ਟੂਣਿਆਂ ਵਿਚ ਫਸਿਆ ਸਾਡਾ ਅਜੋਕਾ ਸਮਾਜ

ਜਾਦੂ- ਟੂਣਿਆਂ ਵਿਚ ਫਸਿਆ ਸਾਡਾ ਅਜੋਕਾ ਸਮਾਜ

ਬੇਸ਼ਕ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ..

ਜਿੱਥੇ ਤਕਨੀਕੀ ਵਿਕਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਪਰ ਬਹੁਤ ਕੁਝ ਅਜਿਹਾ ਵੀ ਹੈ ਜੋ ਸਦੀਆਂ ਤੋਂ ਹੀ ਮਨੁੱਖ ਦੇ ਨਾਲ ਨਾਲ ਚੱਲ ਰਿਹਾ। ਇਸਦਾ ਸ਼ਿਕਾਰ ਹੋਣ ਵਾਲੀ ਬਹੁਗਿਣਤੀ ਗਰੀਬੀ ਨਾਲ ਸਬੰਧਤ ਹੈ। ਅਜਿਹੇ ਹੀ ਇੱਕ ਪਰਿਵਾਰ ਦੀ ਸੱਚੀ ਘਟਨਾ ਦੱਸਣ ਲੱਗੀ ਹਾਂ। ਮੋਗੇ ਜਿੱਥੇ ਸਾਡਾ ਘਰ ਹੈ, ਇੱਥੇ ਆਲੇ ਦੁਆਲੇ ਪਲਾਟ ਖ਼ਾਲੀ ਪਏ ਹਨ। ਗਲੀ ਵਿੱਚ ਸਾਡਾ ਘਰ ਇਕੱਲਾ ਇਕਹਿਰਾ ਹੀ ਹੈ, ਜਦਕਿ ਪਿਛਲੀ ਗਲੀ ਵਿੱਚ ਕੁਝ ਘਰ ਹਨ, ਜਿਨ੍ਹਾਂ ਨਾਲ ਗੁਆਂਢੀਆਂ ਵਾਲੀ ਸਾਂਝ ਬਣੀ ਹੋਈ ਹੈ। ਸਾਡੇ ਘਰ ਦੇ ਸਾਹਮਣੇ ਖਾਲੀ ਪਲਾਟਾਂ ਤੋਂ ਅੱਗੇ ਇੱਕ ਬਸਤੀ ਹੈ, ਜਿੱਥੇ ਅਣਗਿਣਤ ਮਜ਼ਦੂਰ ਪਰਿਵਾਰ ਵਸਦੇ ਹਨ। ਮੇਰੀ ਆਦਤ ਹੈ ਕਿ ਜਦੋਂ ਵਿਹਲਾ ਸਮਾਂ ਹੋਵੇ ਤਾਂ ਛੱਤ ’ਤੇ ਚਲੀ ਜਾਂਦੀ ਹਾਂ। ਗਰਮੀਆਂ ਵਿੱਚ ਸ਼ਾਮ ਨੂੰ ਤੇ ਸਿਆਲ ਵਿੱਚ ਕਈ ਵਾਰ ਸਾਰਾ ਦਿਨ ਹੀ ਛੱਤ ’ਤੇ ਨਿਕਲ ਜਾਂਦਾ ਹੈ। ਅਖ਼ਬਾਰ ਜਾਂ ਕਿਤਾਬ ਪੜ੍ਹਦਿਆਂ ਆਲੇ ਦੁਆਲੇ ਵੀ ਨਜ਼ਰ ਮਾਰ ਲੈਂਦੀ ਹਾਂ। ਬਸਤੀ ਵੱਲ ਵੇਖਦਿਆਂ ਅਕਸਰ ਸੋਚਦੀ ਹਾਂ ਕਿ ਛੋਟੇ ਛੋਟੇ ਘਰਾਂ ਵਿੱਚ ਵਸਦੇ ਇਹ ਲੋਕ ਦਿਲਾਂ ਵਿੱਚ ਪਤਾ ਨਹੀਂ ਕਿੰਨੀਆਂ ਸਧਰਾਂ ਲਈ ਬੈਠੇ ਹਨ।

ਸਾਡੇ ਵੇਖਦਿਆਂ ਵੇਖਦਿਆਂ ਮਿਹਨਤ ਮਜ਼ਦੂਰੀ ਕਰਕੇ ਕਈਆਂ ਨੇ ਪੱਕੇ ਬਾਥਰੂਮ ਬਣਾ ਲਏ ਤੇ ਕਿਸੇ ਨੇ ਕਮਰਾ ਪਾ ਲਿਆ ਹੈ। ਕਿਸੇ ਨੇ ਦੋ ਮੰਜ਼ਲਾ ਮਕਾਨ ਬਣਾ ਲਿਆ ਹੈ। ਪਰ ਇਹਨਾਂ ਘਰਾਂ ਵਿੱਚ ਇੱਕ ਘਰ ਅਜਿਹਾ ਵੀ ਹੈ ਜੋ ਮੇਰਾ ਧਿਆਨ ਵਧੇਰੇ ਖਿੱਚਦਾ ਹੈ। ਜਦੋਂ ਕੰਮ ਕਾਰਨ ਕੁਝ ਦਿਨ ਘਰੋਂ ਬਾਹਰ ਰਹਿ ਕੇ ਵਾਪਸ ਆਉਂਦੀ ਹਾਂ ਤਾਂ ਉਸ ਘਰ ਵੱਲ ਧਿਆਨ ਜ਼ਰੂਰ ਮਾਰਦੀ। ਅਸਲ ਵਿੱਚ ਇਹ ਨਾਮ ਦਾ ਹੀ ਘਰ ਹੈ, ਵਿਹੜਾ ਖੁੱਲ੍ਹਾ ਹੈ ਪਰ ਵਸੋਂ ਇੱਕ ਨੁੱਕਰ ਵਿੱਚ ਸਿਰਫ ਇੱਕ ਕਮਰਾ ਹੈ, ਜੋ ਆਲੇ ਦੁਆਲੇ ਵਾਲੇ ਘਰਾਂ ਨਾਲੋਂ ਬਹੁਤ ਨੀਵਾਂ ਹੈ। ਬਰਸਾਤਾਂ ਵਿਚ ਛੱਤ ਚੋਂਦੀ ਹੈ। ਇਹ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਘਰ ਦੀ ਮਾਲਕਣ ਨੂੰ ਆਪਣੇ ਬੇਟੇ ਨਾਲ ਕਈ ਵਾਰ ਛੱਤ ਉਤੇ ਤਰਪਾਲ ਪਾਉਂਦਿਆਂ ਵੇਖਿਆ ਹੈ।

ਇੱਕ ਰਾਤ ਅਚਾਨਕ ਸਾਡੇ ਘਰ ਸਾਹਮਣੇ ਕੋਈ ਰੇਤ ਦਾ ਢੇਰ ਲਗਾ ਗਿਆ। ਸਵੇਰੇ ਵੇਖਿਆ ਤਾਂ ਗੁੱਸਾ ਆਇਆ ਕਿ ਰੇਤ ਉਡ ਕੇ ਸਾਡੇ ਹੀ ਘਰ ਆਉਣੀ ਹੈ। ਇਸ ਨੂੰ ਚੁਕਵਾਉਣ ਲਈ ਜਦੋਂ ਰੇਤ ਦੇ ਮਾਲਕ ਦਾ ਪਤਾ ਲਗਾਇਆ ਤਾਂ ਉਹ ਨੀਵੇਂ ਕਮਰੇ ਵਾਲਾ ਪਰਿਵਾਰ ਹੀ ਸੀ। ਇਹ ਜਾਣ ਕੇ ਰੇਤ ਚੁਕਵਾਉਣ ਨੂੰ ਦਿਲ ਨਾ ਮੰਨਿਆ। ਉਹਨਾਂ ਆਪ ਰੇਤ ਨੂੰ ਪੱਲੀਆਂ ਨਾਲ ਢੱਕ ਦਿੱਤਾ ਤੇ ਮੈਨੂੰ ਕਿਹਾ ਕਿ ਅਸੀਂ ਘਰ ਪਾਉਣ ਲੱਗੇ ਹਾਂ। ਉਹਨਾਂ ਨਾਲੋਂ ਵੱਧ ਤਾਂ ਨਹੀਂ ਪਰ ਬਹੁਤ ਖੁਸ਼ੀ ਹੋਈ ਕਿ ਚੱਲੋ ਇਹਨਾਂ ਦੇ ਸਿਰ ’ਤੇ ਵੀ ਵਧੀਆ ਛੱਤ ਆ ਜਾਵੇਗੀ।

ਫਿਰ ਇੱਕ ਦਿਨ ਇੱਟਾਂ ਆ ਗਈਆਂ ਤਾਂ ਉਹਨਾਂ ਦੇ ਚਿਹਰਿਆਂ ’ਤੇ ਰੌਣਕ ਦਿੱਸਣ ਲੱਗੀ। ਮੈਂ ਛੱਤ ਉੱਤੇ ਬੈਠੀ ਉਤਸੁਕਤਾ ਨਾਲ ਵੇਖਦੀ ਕਦੋਂ ਮਿਸਤਰੀ ਲੱਗੂ, ਕਦੋਂ ਇਹਨਾਂ ਦੇ ਸੁਪਨਿਆਂ ਦਾ ਮਹਿਲ ਬਣੂ? ਫਿਰ ਇੱਕ ਦਿਨ ਵੇਖਿਆ, ਬਾਹਰੀ ਕੰਧ ਢਾਹ ਕੇ ਦੋ ਕਮਰਿਆਂ ਦੀ ਨੀਂਹ ਭਰ ਕੇ ਉਸਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਤਾਂ ਖੁਸ਼ ਹੋਣਾ ਹੀ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਇਕ ਵੱਖਰੀ ਹੀ ਖੁਸ਼ੀ ਹੋ ਰਹੀ ਸੀ। ਥੋੜ੍ਹੀ ਉਸਾਰੀ ਤੋਂ ਬਾਅਦ ਭਰਤੀ ਪਾਉਣ ਲਈ ਮਿੱਟੀ ਆ ਗਈ ਕਿਉਂਕਿ ਥਾਂ ਨੀਵੀਂ ਬਹੁਤ ਸੀ। ਛੱਤ ’ਤੇ ਬੈਠੀ ਮੈਂ ਵੇਖ ਰਹੀ ਸੀ, ਪੂਰਾ ਪਰਿਵਾਰ ਮਿੱਟੀ ਪਾਉਣ ਦੇ ਕੰਮ ਲੱਗਾ, ਬਹੁਤ ਖੁਸ਼ ਦਿਸ ਰਿਹਾ ਸੀ ਤਾਂ ਮੈਨੂੰ ਆਪਣਾ ਘਰ ਬਣਾਉਣ ਦਾ ਸਮਾਂ ਯਾਦ ਆ ਗਿਆ। ਸਾਡੇ ਲਈ ਵੀ ਆਪਣੇ ਘਰ ਦਾ ਸੁਪਨਾ ਪੂਰਾ ਹੋ ਸਕਣਾ ਸੰਭਵ ਨਹੀਂ ਸੀ ਲੱਗਦਾ। ਪਰ ਭੈਣਾਂ ਭਰਾਵਾਂ ਦੀ ਮਦਦ ਨਾਲ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਪੈਰ ਜ਼ਮੀਨ ’ਤੇ ਹੀ ਨਹੀਂ ਲੱਗਦੇ ਸੀ। ਇਸ ਕਰਕੇ ਇਹਨਾਂ ਦੀ ਖੁਸ਼ੀ ਨੂੰ ਨੇੜਿਓਂ ਮਹਿਸੂਸ ਕੀਤਾ ਜਾ ਸਕਦਾ ਸੀ।

ਉਸਾਰੀ ਲੈਂਟਰ ਕੋਲ ਪਹੁੰਚਣ ਵਾਲੀ ਸੀ ਜਦੋਂ ਮੈਂ ਇੱਕ ਕਾਨਫਰੰਸ ਲਈ ਵਿਜੇਵਾੜਾ ਚੱਲੇ ਗਈ ਸੀ। ਵਾਪਸ ਆਈ ਤਾਂ ਵੇਖਿਆ ਉਸਾਰੀ ਕੋਲ ਕੋਈ ਹਿਲਜੁਲ ਨਹੀਂ ਹੋ ਰਹੀ ਸੀ। ਲੈਂਟਰ ਤੋਂ ਬਗੈਰ ਕੰਧਾਂ ਖੜ੍ਹੀਆਂ ਹੋਈਆਂ ਸਨ। ਕੁਝ ਦਿਨ ਇਸੇ ਤਰ੍ਹਾਂ ਵੇਖਣ ਬਾਅਦ ਮੈਂ ਘਰ ਦੇ ਮੁੰਡੇ ਨੂੰ ਅਵਾਜ਼ ਮਾਰੀ ਤੇ ਮਿਸਤਰੀ ਬਾਰੇ ਪੁੱਛਿਆ। ਉਸ ਨੇ ਜਵਾਬ ਦਿੱਤਾ ਕਿ ਮਿਸਤਰੀ ਨੇ ਕੁਝ ਦਿਨਾਂ ਦੀ ਛੁੱਟੀ ਲਈ ਹੋਈ ਹੈ। ਮੈਂ ਸੋਚਿਆ, ਚਲੋ ਆ ਜਾਵੇਗਾ।

ਮਹੀਨੇ ਤੋਂ ਉਪਰ ਬੀਤ ਗਿਆ ਪਰ ਮਿਸਤਰੀ ਨਹੀਂ ਆਇਆ। ਦੋ ਮਹੀਨੇ ਬਾਅਦ ਅਚਾਨਕ ਉਹ ਔਰਤ ਮੈਨੂੰ ਮਿਲ ਗਈ ਤਾਂ ਮੈਂ ਨਵੇਂ ਘਰ ਦੀ ਮੁਬਾਰਕਵਾਦ ਦਿੰਦਿਆਂ, ਮਿਸਤਰੀ ਦੇ ਨਾ ਆਉਣ ਬਾਰੇ ਪੁੱਛਿਆ। ਉਸ ਔਰਤ ਨੇ ਜੋ ਕਾਰਨ ਦੱਸਿਆ ਮੇਰਾ ਤਾਂ ਦਿਲ ਹੀ ਟੁੱਟ ਗਿਆ। ਮੈਨੂੰ ਲੱਗਾ ਇਸਦੇ ਨਹੀਂ, ਜਿਵੇਂ ਮੇਰੇ ਹੀ ਸੁਪਨੇ ਬਿਖ਼ਰ ਗਏ ਹੋਣ। ਉਸਨੇ ਦੱਸਿਆ, “ਭੈਣ ਜੀ, ਅਸੀਂ ਲੈਂਟਰ ਪਾਉਣ ਦੀ ਤਿਆਰੀ ਕਰ ਰਹੇ ਸੀ ਕਿ ਇੱਕ ਸਵੇਰ ਵੇਖਿਆ, ਕੁੱਤੇ ਤਾਜ਼ੀ ਪਾਈ ਮਿੱਟੀ ਵਿੱਚੋਂ ਕੁਝ ਕੱਢ ਕੇ ਖਾ ਰਹੇ ਸੀ। ਜਦੋਂ ਬੱਚਿਆਂ ਦੇ ਪਿਉ ਨੇ ਨੇੜੇ ਜਾ ਕੇ ਵੇਖਿਆ ਤਾਂ ਮਾਸ ਦੇ ਟੁਕੜੇ ਸਨ। ਉਹਨੇ ਮਿੱਟੀ ਪੁੱਟੀ ਤਾਂ ਵਿੱਚੋਂ ਹੋਰ ਮਾਸ ਨਿਕਲਿਆ। ਮੇਰਾ ਪਤੀ ਤਾਂ ਉੱਥੇ ਹੀ ਢੇਰੀ ਹੋ ਗਿਆ। ਮਸਾਂ ਚੁੱਕ ਕੇ ਮੰਜੇ ’ਤੇ ਪਾਇਆ ਪਰ ਉਹ ਤਾਂ ਸੁੱਧਬੁੱਧ ਗਵਾਹ ਬੈਠਾ। ਭੈਣ ਜੀ ਕੋਈ ਸਾਡੀ ਖੁਸ਼ੀ ਤੋਂ ‘ਜਲ਼ਦਾ’ ਸੀ ਤਾਂ ਹੀ ਟੂਣਾ ਕਰ ਦਿੱਤਾ, ਜਿਸ ਨੂੰ ਹੱਥ ਲਾਉਣ ਕਾਰਨ ਪਤੀ ਮੰਜੇ ’ਤੇ ਪੈ ਗਿਆ। ਮਿਸਤਰੀ ਤਾਂ ਸ਼ਾਇਦ ਡਰਦਾ ਮੁੜ ਕੇ ਵਾਪਸ ਹੀ ਨਹੀਂ ਆਇਆ। ਪਤੀ ਨੂੰ ਡਾਕਟਰ ਕੋਲ ਕਈ ਵਾਰ ਲੈ ਕੇ ਗਈ ਹਾਂ ਪਰ ਕੋਈ ਖਾਸ ਫਰਕ ਨਹੀਂ ਪਿਆ। ਘਰ ਤੋਂ ਬਾਹਰ ਨਹੀਂ ਨਿਕਲਦਾ, ਕੰਮ ਵੀ ਛੁੱਟ ਗਿਆ ਹੈ। ਹੁਣ ਮੈਂ ਹੀ ਕੁਝ ਘਰਾਂ ਵਿੱਚ ਕੰਮ ਕਰਕੇ ਰੋਟੀ ਦਾ ਜੁਗਾੜ ਚਲਾ ਰਹੀ ਹਾਂ।”

ਇਹ ਸਭ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਕਿ ਧੁਰ ਅੰਦਰ ਤੱਕ ਵਸੇ ਵਹਿਮਾਂ ਭਰਮਾਂ ਕਾਰਨ ਪਤਾ ਨਹੀਂ ਕਿੰਨੇ ਸੁਪਨੇ ਦਮ ਤੋੜ ਜਾਂਦੇ ਨੇ। ਛੇ ਸੱਤ ਮਹੀਨੇ ਬਾਅਦ ਵੀ ਦੀਵਾਰਾਂ ਲੈਂਟਰ ਨੂੰ ਉਡੀਕ ਰਹੀਆਂ ਹਨ ਤੇ ਪਰਿਵਾਰ ਸਿਰ ਦੀ ਛੱਤ। ਜੇ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ ਤਾਂ ਇੰਜ ਦਾ ਮਾੜਾ ਵੀ ਨਾ ਕਰੇ ਕਿ ਕਿਸੇ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਵੇ।

 

ਨਰਿੰਦਰ ਕੌਰ ਸੋਹਲ