ਵਿਰੋਧੀ ਪਾਰਟੀਆਂ ਵਲੋਂ ਭਾਜਪਾ ਨੂੰ ਹਰਾਉਣ ਲਈ ਇਕੱਠੇ  ਹੋਏ

ਵਿਰੋਧੀ ਪਾਰਟੀਆਂ ਵਲੋਂ ਭਾਜਪਾ ਨੂੰ ਹਰਾਉਣ ਲਈ ਇਕੱਠੇ  ਹੋਏ

ਮੋਦੀ ਦੇ ਜਲੌਅ ਘਟਣ ਤੋਂ ਭਾਜਪਾ ਘਬਰਾਈ

ਬੀਤੇ ਦਿਨੀਂ ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ 2024 ਦੀਆਂ ਲੋਕ ਸਭਾ ਚੋਣਾਂ ਲਈ ਮਹਾਂਗੱਠਜੋੜ ਬਣਾਉਣ ਲਈ ਮੀਟਿੰਗ ਹੋਈ ਸੀ ।17 ਆਪੋਜ਼ੀਸ਼ਨ ਪਾਰਟੀਆਂ ਨੇ ਭਾਜਪਾ ਨੂੰ ਹਰਾਉਣ ਲਈ ਮਤਭੇਦ ਭੁਲਾ ਕੇ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ। ਇਸ ਦੌਰਾਨ ਮੇਜ਼ਬਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਅਗਲੀ ਬੈਠਕ ਕੁਝ ਦਿਨਾਂ ਬਾਅਦ ਸ਼ਿਮਲਾ ਵਿਚ ਹੋਵੇਗੀ, ਜਿਸ ਵਿਚ ਰਲ ਕੇ ਲੜਨ ਦੀ ਯੋਜਨਾ ਨੂੰ ਅੰਤਮ ਸ਼ਕਲ ਦਿੱਤੀ ਜਾਵੇਗੀ । 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ—ਅਗਲੀ ਬੈਠਕ 10-12 ਜੁਲਾਈ ਨੂੰ ਸ਼ਿਮਲਾ ‘ਚ ਹੋਵੇਗੀ ।ਅਸੀਂ ਸਾਂਝਾ ਏਜੰਡਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਅਗਲੀ ਬੈਠਕ ਵਿਚ ਫੈਸਲੇ ਕਰਾਂਗੇ ਕਿ ਅੱਗੇ ਕਿਵੇਂ ਵਧਣਾ ਹੈ ।ਹਰੇਕ ਰਾਜ ਲਈ ਵੱਖਰੀ ਯੋਜਨਾ ਬਣਾਵਾਂਗੇ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਨੂੰ ਲਾਹੁਣ ਲਈ ਮਿਲ ਕੇ ਚੱਲਾਂਗੇ ।

ਰਾਹੁਲ ਗਾਂਧੀ ਨੇ ਕਿਹਾ—ਕੁਝ ਮਤਭੇਦਾਂ ਦੇ ਬਾਵਜੂਦ ਅਸੀਂ ਲਚਕ ਦਿਖਾਉਂਦਿਆਂ ਮਿਲ ਕੇ ਚੱਲਣ ਦਾ ਫੈਸਲਾ ਕੀਤਾ ਹੈ ਤੇ ਆਪਣੀ ਵਿਚਾਰਧਾਰਾ ਦੀ ਰਾਖੀ ਕਰਾਂਗੇ ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ—ਅਸੀਂ ਸਭ ਇਕੱਠੇ ਹਾਂ ਤੇ ਭਾਜਪਾ ਵਿਰੁੱਧ ਮਿਲ ਕੇ ਲੜਾਂਗੇ ।ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ ਤੇ ਅਸੀਂ ਇਤਿਹਾਸ ਦੀ ਰਾਖੀ ਕਰਾਂਗੇ ।  ਬੈਠਕ ਵਿਚ  ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਡੀ ਐੱਮ ਕੇ ਦੇ ਆਗੂ ਐੱਮ ਕੇ ਸਟਾਲਿਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀ ਐੱਮ ਸੀ ਆਗੂ ਮਮਤਾ ਬੈਨਰਜੀ, ਉਨ੍ਹਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਘਵ ਚੱਢਾ, ਸੰਜੇ ਸਿੰਘ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ ਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਐੱਨ ਸੀ ਪੀ ਦੇ ਪ੍ਰਧਾਨ ਸ਼ਰਦ ਪਵਾਰ, ਸਪਾ ਪ੍ਰਧਾਨ ਅਖਿਲੇਸ਼ ਯਾਦਵ, ਸ਼ਿਵ ਸੈਨਾ (ਯੂ ਬੀ ਟੀ) ਪ੍ਰਧਾਨ ਊਧਵ ਠਾਕਰੇ, ਆਦਿਤਿਆ ਠਾਕਰੇ, ਸੰਜੇ ਰਾਊਤ, ਝਾਰਖੰਡ ਦੇ ਮੁੱਖ ਮੰਤਰੀ ਤੇ ਜੇ ਐੱਮ ਐੱਮ ਆਗੂ ਹੇਮੰਤ ਸੋਰੇਨ, ਬਿਹਾਰ ਦੇ ਮੁੱਖ ਮੰਤਰੀ ਤੇ ਜੇ ਡੀ ਯੂ ਆਗੂ ਨਿਤੀਸ਼ ਕੁਮਾਰ, ਸੰਜੇ ਝਾਅ, ਲੱਲਨ ਸਿੰਘ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਸ਼ਾਮਲ ਸਨ ।

ਭਾਜਪਾ ਆਗੂਆਂ ਨੇ ਭਾਵੇਂ ਵਿਰੋਧੀ ਪਾਰਟੀਆਂ ਦੇ ਇਸ ਇਕੱਠ ਦਾ ਮਖੌਲ ਉਡਾਇਆ, ਪਰ ਭਾਜਪਾ ਅੰਦਰੋਂ ਪੂਰੀ ਤਰ੍ਹਾਂ ਘਬਰਾਈ ਦਿਖਾਈ ਦੇ ਰਹੀ ਹੈ ।ਇਸੇ ਲਈ ਭਾਜਪਾ ਨੇ ਅੰਦਰਖਾਤੇ ਫੈਸਲਾ ਕਰ ਲਿਆ ਹੈ ਕਿ ਉਹ ਸਿਰ ਉੱਤੇ ਆ ਰਹੀਆਂ ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਅੱਗੇ ਕਰਕੇ ਨਹੀਂ ਲੜੇਗੀ ।ਨਵੇਂ ਬਦਲ ਦੀ ਭਾਲ ਉਸਨੇ ਸ਼ੁਰੂ ਕਰ ਦਿਤੀ ਹੈ।

2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਕਰਨਾਟਕ ਦੀ ਪਿੱਛੇ ਜਿਹੇ ਹੋਈ ਵਿਧਾਨ ਸਭਾ ਚੋਣ ਤੱਕ ਭਾਰਤ ਵਿੱਚ ਇੱਕ ਵੀ ਅਜਿਹੀ ਚੋਣ ਨਹੀਂ ਹੋਈ, ਜਿਹੜੀ ਭਾਜਪਾ ਵੱਲੋਂ ਮੋਦੀ ਦੇ ਨਾਂਅ ‘ਤੇ ਨਾ ਲੜੀ ਗਈ ਹੋਵੇ ।ਵਿਧਾਨ ਸਭਾਵਾਂ, ਵਿਧਾਨ ਪ੍ਰੀਸ਼ਦਾਂ, ਜ਼ਿਲ੍ਹਾ ਪੰਚਾਇਤਾਂ, ਬਲਾਕ ਪੰਚਾਇਤਾਂ ਤੇ ਇਥੋਂ ਤੱਕ ਕਿ ਗ੍ਰਾਮ ਪ੍ਰਧਾਨ ਤੱਕ ਦੀਆਂ ਚੋਣਾਂ ਵੀ ਮੋਦੀ ਦਾ ਚਿਹਰਾ ਅੱਗੇ ਰੱਖ ਕੇ ਲੜੀਆਂ ਜਾਂਦੀਆਂ ਰਹੀਆਂ ਹਨ ।

ਭਾਜਪਾ ਆਗੂ ਅਰੁਣ ਸਿੰਘ ਨੇ ਹੁਣੇ ਜਿਹੇ ਕਿਹਾ ਸੀ ਕਿ ਭਾਜਪਾ ਇਸ ਵਾਰ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਨੀਪੁਰ ਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਲੋਕਲ ਮੁੱਦਿਆਂ ਉੱਤੇ ਸਥਾਨਕ ਆਗੂਆਂ ਨੂੰ ਅੱਗੇ ਕਰਕੇ ਲੜੇਗੀ ।ਭਾਵੇਂ ਉਨ੍ਹਾ ਖੁੱਲ੍ਹ ਕੇ ਮੋਦੀ ਦਾ ਨਾਂਅ ਨਹੀਂ ਲਿਆ, ਪਰ ਇਸ਼ਾਰਾ ਕਰ ਦਿੱਤਾ ਹੈ ਕਿ ਪੰਜ ਰਾਜਾਂ ਦੀਆਂ ਇਹ ਚੋਣਾਂ ਮੋਦੀ ਦੇ ਨਾਂਅ ‘ਤੇ ਨਹੀਂ ਲੜੀਆਂ ਜਾਣਗੀਆਂ ।

ਆਖਰਕਾਰ ਮੋਦੀ ਰਾਜ ਦੇ ਪਿਛਲੇ 9 ਸਾਲਾਂ ਵਿੱਚ ਅਜਿਹਾ ਕੀ ਵਾਪਰ ਗਿਆ ਕਿ ਮੋਦੀ ਨੂੰ ਸਭ ਦੁੱਖਾਂ ਦਾ ਦਾਰੂ ਬਣਾ ਕੇ ਪੇਸ਼ ਕਰਨ ਵਾਲੀ ਭਾਜਪਾ ਮੋਦੀ ਦੇ ਨਾਂਅ ‘ਤੇ ਹੁਣ ਚੋਣ ਲੜਨਾ ਨਹੀਂ ਚਾਹੁੰਦੀ । ਅੰਦਰੂਨੀ ਜਾਣਕਾਰੀ ਰੱਖਣ ਵਾਲਿਆਂ ਅਨੁਸਾਰ ਭਾਜਪਾ ਦੀ ਜਣਨੀ ਸੰਘ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਮੋਦੀ ਦੀ ਅਗਵਾਈ ਕਾਰਨ ਭਾਜਪਾ ਦਾ ਲੋਕਾਂ ਵਿੱਚ ਗ੍ਰਾਫ਼ ਲਗਾਤਾਰ ਡਿੱਗਿਆ ਹੈ |ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਜਿਹੜੇ ਲੋਕ ਭਰਮਾਊ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ । ਬੇਰੁਜ਼ਗਾਰੀ ਤੇ ਮਹਿੰਗਾਈ ਨੇ ਲੋਕਾਂ ਨੂੰ ਭਾਜਪਾ ਤੋਂ ਬੇਮੁਖ ਕਰ ਦਿੱਤਾ ਹੈ ।ਸੰਘ ਨੂੰ ਇਹ ਸਮਝ ਪੈ ਗਈ ਹੈ ਕਿ ਮੀਡੀਆ ਖਰੀਦ ਕੇ ਵਿਕਾਸ ਦੇ ਝੂਠੇ ਦਾਅਵਿਆਂ ਦਾ ਸੱਚ ਹੁਣ ਲੋਕਾਂ ਸਾਹਮਣੇ ਉੱਘੜ ਕੇ ਆ ਚੁੱਕਾ ਹੈ । ਲੋਕਾਂ ਸਾਹਮਣੇ ਵਿਕਾਸ ਦਾ ਪੈਮਾਨਾ ਜੀ ਡੀ ਪੀ ਨਹੀਂ, ਉਨ੍ਹਾਂ ਦੀ ਖੁਦ ਦੀ ਆਰਥਕਤਾ ਹੈ, ਜਿਸ ਦੀ ਹਕੀਕਤ ਇਹ ਹੈ ਕਿ ਕਮਾਈ ਘਟ ਗਈ ਹੈ ਤੇ ਖਰਚਾ ਵਧ ਗਿਆ ਹੈ । ਜਾਤੀ ਤੇ ਧਰਮ ਦੀਆਂ ਲੜਾਈਆਂ ਕਾਰਨ ਆਰਥਕ ਸਥਿਤੀ ਕਮਜ਼ੋਰ ਹੋ ਗਈ ਹੈ । ਨਫ਼ਰਤੀ ਮਾਹੌਲ ਕਾਰਨ ਵਿਦੇਸ਼ੀ ਨਿਵੇਸ਼ਕ ਆਪਣੇ ਹੱਥ ਪਿੱਛੇ ਖਿੱਚ ਰਹੇ ਹਨ । ਇਹ ਸਾਰਾ ਸੱਚ ਦੇਸ਼ ਦੇ ਸਾਹਮਣੇ ਹੈ, ਕਿਸੇ ਅੰਕੜਿਆਂ ਦੀ ਜ਼ਰੂਰਤ ਨਹੀਂ ।ਭਾਜਪਾ ਦੀ ਚਿੰਤਨ ਬੈਠਕ ਵਿੱਚ ਖੁੱਲ੍ਹ ਕੇ ਵਿਚਾਰਾਂ ਹੋਣ ਤੋਂ ਬਾਅਦ ਪਾਰਟੀ ਇਸ ਸਿੱਟੇ ਉੱਤੇ ਪੁੱਜੀ ਹੈ ਕਿ ਅਗਲੀਆਂ ਚੋਣਾਂ ਸਮੂਹਿਕ ਲੀਡਰਸ਼ਿਪ ਦੇ ਨਾਂਅ ਉੱਤੇ ਲੜੀਆਂ ਜਾਣ ।