ਖਾਲੜਾ ਮਿਸ਼ਨ ਬਨਾਮ ਦਿੱਲੀ ਦਾ ਮਿਸ਼ਨ

ਖਾਲੜਾ ਮਿਸ਼ਨ ਬਨਾਮ ਦਿੱਲੀ ਦਾ ਮਿਸ਼ਨ

ਪੰਜਾਬ ਦੇ ਹਲਕਾ ਖਡੂਰ ਸਾਹਿਬ ਦੀ ਲੋਕ ਸਭਾ ਚੋਣ ਨੇ ਪੰਜਾਬੀਆਂ ਨੂੰ ਇਕ ਵਾਰ ਮੁੜ ਇਤਿਹਾਸਕ ਮੋੜ ਉਤੇ ਲਿਆ ਖੜ੍ਹਾ ਕੀਤਾ ਹੈ। ਮਨੁੱਖੀ ਅਧਿਕਾਰਾਂ ਦੀ ਜੰਗ ਦੇ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਚੋਣ ਇਕ ਤਰ੍ਹਾਂ ਨਾਲ ਸਮੁੱਚੇ ਪੰਜਾਬ ਦੇ ਦਰਦ ਦੀ ਹੂਕ ਬਣ ਗਈ ਹੈ। ਹਲਕਾ ਖਡੂਰ ਸਾਹਿਬ ਵਿਚ ਇਕ ਪਾਸੇ ਪੰਜਾਬ ਦੇ ਦਰਦ ਨੂੰ ਪ੍ਰਨਾਇਆ ਖਾਲੜਾ ਮਿਸ਼ਨ ਹੈ ਅਤੇ ਦੂਜੇ ਪਾਸੇ ਦਿੱਲੀ ਦਾ ਸੱਤਾ ਪ੍ਰਾਪਤੀ ਵਾਲਾ ਮਿਸ਼ਨ ਹੈ। 
ਪੰਜਾਬੀਆਂ ਬਾਰੇ ਇਕ ਇਤਿਹਾਸਕ ਸੱਚ ਹੈ ਕਿ ਉਹ ਹਮੇਸ਼ਾ ਸੱਚ ਦੇ ਨਾਲ ਡਟ ਕੇ ਖੜ੍ਹਦੇ ਹਨ। ਮੁਗਲਾਂ, ਅੰਗਰੇਜ਼ਾਂ ਤੇ ਉਸ ਤੋਂ ਪਹਿਲਾਂ ਤੇ ਬਾਅਦ ਦੀਆਂ ਕਿੰਨੀਆਂ ਹੀ ਹਕੂਮਤਾਂ ਦੀ ਇਨ੍ਹਾਂ ਨੇ ਕਦੇ ਈਨ ਨਹੀਂ ਮੰਨੀ। ਪਰ ਨਾਲ ਹੀ ਪੰਜਾਬ ਦੇ ਇਤਿਹਾਸ ਦਾ ਇਕ ਕੌੜਾ ਸੱਚ ਇਹ ਵੀ ਹੈ ਕਿ ਅਸੀਂ ਬਹੁਤ ਸਾਰੇ ਫੈਸਲਾਕੁੰਨ ਪਲਾਂ ਉਤੇ ਆ ਕੇ ਕਈ ਵਾਰ ਖੁੰਝ ਵੀ ਜਾਂਦੇ ਰਹੇ ਹਾਂ। ਇਸ ਦਾ ਖਮਿਆਜ਼ਾ ਸਾਡੀਆਂ ਪੀੜ੍ਹੀਆਂ ਤਕ ਨੂੰ ਭੁਗਤਣਾ ਪੈ ਰਿਹਾ ਹੈ। ਹੱਕ ਤੇ ਸੱਚ ਦੇ ਸਾਥੀ ਬਣਨ ਦਾ ਗਾਡੀਰਾਹ ਸਾਡੇ ਪੁਰਖਿਆਂ ਨੇ ਪਾਇਆ ਹੋਇਆ ਹੈ, ਜਿਸ ਉਤੇ ਚੱਲਦਿਆਂ ਪੰਜਾਬੀਆਂ ਨੇ ਲੱਖਾਂ ਸ਼ਹਾਦਤਾਂ ਦਿੱਤੀਆਂ ਤੇ ਬੜੇ ਸੰਤਾਪ ਹੰਢਾਏ ਹਨ। ਜਸਵੰਤ ਸਿੰਘ ਖਾਲੜਾ ਵੀ ਸਾਡੇ ਗੁਰੂਆਂ ਤੇ ਪੁਰਖਿਆਂ ਦੇ ਇਸੇ ਗਾਡੀਰਾਹ ਦਾ ਪਾਂਧੀ ਸੀ। ਹੁਣ ਪੰਜਾਬੀਆਂ ਕੋਲ ਆਪਣੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਸਿਜਦਾ ਕਰਨ ਦਾ ਮੌਕਾ ਹੈ। ਇਕ ਵਾਰ ਪਹਿਲਾਂ ਵੀ ਪੰਜਾਬ ਕੋਲ ਅਜਿਹਾ ਮੌਕਾ ਆਇਆ ਸੀ, ਉਦੋਂ ਅਸੀਂ ਬਹੁਤ ਸਾਰੇ ਦਿਸਦੇ-ਅਣਦਿਸਦੇ ਕਾਰਨਾਂ ਕਰ ਕੇ ਸੱਚ ਤੋਂ ਖੁੰਝ ਗਏ ਸੀ।
ਇਥੇ ਇਹ ਗੱਲ ਕਰਨੀ ਵੀ ਕੁਥਾਂ ਨਹੀਂ ਹੋਵੇਗੀ ਕਿ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਨਾਲ ਅਸੀਂ ਪੰਥ ਤੇ ਪੰਜਾਬ ਲਈ ਕੋਈ ਬਹੁਤ ਵੱਡਾ ਮਾਅਰਕਾ ਵੀ ਨਹੀਂ ਮਾਰ ਲਵਾਂਗੇ ਜਾਂ ਉਨ੍ਹਾਂ ਦੀ ਹਾਰ ਨਾਲ ਕੋਈ ਪੰਥ ਤੇ ਪੰਜਾਬ ਦਾ ਬਹੁਤਾ ਵੱਡਾ ਸਿੱਧਾ ਨੁਕਸਾਨ ਵੀ ਨਹੀਂ ਹੋ ਜਾਵੇਗਾ। ਹਾਂ, ਇਸ ਸੀਟ ਉਤੇ ਬੀਬੀ ਖਾਲੜਾ ਦੀ ਜਿੱਤ ਪੰਜਾਬ ਦੀ ਰਾਜਨੀਤੀ ਨੂੰ ਇਕ ਅਜਿਹਾ ਮੋੜ ਦੇ ਸਕਦੀ ਹੈ, ਜਿਸ ਵਿਚ ਸਾਡੇ ਤੋਂ ਖੋਹੇ ਗਏ ਖੁਸ਼ਹਾਲ ਤੇ ਗਾਉਂਦੇ-ਨੱਚਦੇ-ਜੂਝਦੇ ਪੰਜਾਬ ਦੀ ਮੁੜ ਵਾਪਸੀ ਦੀ ਤਾਂਘ ਦੇ ਬੀਜ ਮੁੜ ਮੌਲਣ ਦੀਆਂ ਸੰਭਾਵਨਾਵਾਂ ਪ੍ਰਬਲ ਹੁੰਦੀਆਂ ਹੋਣ। ਉਨ੍ਹਾਂ ਦੀ ਹਾਰ ਥੱਕ-ਟੁੱਟ ਕੇ ਹੰਭ ਰਹੇ ਪੰਜਾਬ ਤੇ ਉਸ ਦੇ ਦਰਦਮੰਦਾਂ ਲਈ ਇਕ ਹੋਰ ਗਹਿਰਾ ਸਦਮਾ ਹੋ ਸਕਦੀ ਹੈ। 
ਬੀਬੀ ਖਾਲੜਾ ਦਾ ਸਿੱਧਾ ਮੁਕਾਬਲਾ ਪੰਥ ਤੇ ਪੰਜਾਬ ਦੀਆਂ ਦੁਸ਼ਮਣ ਜਮਾਤਾਂ ਨਾਲ ਹੋ ਰਿਹਾ ਹੈ। ਸ਼ਾਇਦ ਇਹ ਸੰਨ ੧੯੮੯ ਦੀ ਲੋਕ ਸਭਾ ਚੋਣ ਤੋਂ ਬਾਅਦ ਪਹਿਲੀ ਵਾਰ ਹੈ ਕਿ ਕਿਸੇ ਲੋਕ ਸਭਾ ਸੀਟ ਉਤੇ ਮੁਕਾਬਲਾ ਪਾਰਟੀਆਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਦਿੱਲੀ ਤੇ ਪੰਜਾਬ ਦਾ ਹੋਣ ਜਾ ਰਿਹਾ ਹੈ। ਦਿੱਲੀ ਦੇ ਸੱਤਾ ਲਈ ਮਿਸ਼ਨ ਤੇ ਪੰਜਾਬ ਦੀ ਹੂਕ ਬਣੇ ਖਾਲੜਾ ਮਿਸ਼ਨ ਦੀ ਜਿੱਤ-ਹਾਰ ਦੇ ਫੈਸਲੇ ਦਾ ਹੱਕ ਇਤਿਹਾਸ ਨੇ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਦਿੱਤਾ ਹੈ।
ਦਿੱਲੀ ਦੀ ਸੱਤਾ ਦੇ ਮਿਸ਼ਨ ਵਿਚ ਲੱਗੀਆਂ ਧਿਰਾਂ ਵੱਲੋਂ ਹਰ ਤਰ੍ਹਾਂ ਦੇ ਕੋਹਝੇ ਹੱਥਕੰਡੇ ਵਰਤ ਕੇ ਪੰਜਾਬੀਆਂ ਦਾ ਧਿਆਨ ਇਸ ਚੋਣ ਦੇ ਕੇਂਦਰੀ ਨੁਕਤੇ ਤੋਂ ਪਾਸੇ ਲੈ ਜਾਣ ਲਈ ਹਰਬੇ ਵਰਤੇ ਜਾਣਗੇ। ਗੁਰੂ ਦੀ ਸਿੰਘਣੀ ਨੇ ਗੱਜ-ਵੱਜ ਕੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦਾ ਚੋਣ ਮਨੋਰਥ ਪੱਤਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਵਿਸ਼ਵ ਵਿਆਪੀ ਸੁਨੇਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੋਰਥ ਸਦੀਵੀ ਹੈ। ਇਹੋ ਹੀ ਹਰ ਸਿੱਖ ਦੇ ਜੀਵਨ ਦਾ ਮਨੋਰਥ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਦੀਵੀ ਸੱਚ ਵਾਲਾ ਮਨੋਰਥ ਉਨ੍ਹਾਂ ਦਾ ਹੋ ਸਕਦਾ ਹੈ ਜੋ ਦਿੱਲੀ ਦੀ ਸੱਤਾ ਦੇ ਮਿਸ਼ਨ ਲਈ ਚੋਣਾਂ ਲੜ ਰਹੇ ਹਨ? ਕੀ ਇਹ ਮਨੋਰਥ ਉਨ੍ਹਾਂ ਦਾ ਹੋ ਸਕਦਾ ਹੈ, ਜਿਨ੍ਹਾਂ ਦੇ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਬੇਅਦਬੀ ਹੋਈ ਹੋਵੇ ਤੇ ਗੁਰੂ ਘਰਾਂ ਨੂੰ ਟੈਂਕਾਂ ਤੇ ਤੋਪਾਂ ਨਾਲ ਢਾਹ ਦਿੱਤਾ ਗਿਆ ਹੋਵੇ? ਕੀ ਇਹ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਦਾ ਨੈਤਿਕ ਹੱਕ ਰੱਖਦੇ ਹਨ, ਜਿਨ੍ਹਾਂ ਦੇ ਹੁਕਮਾਂ ਉਤੇ ਹਜ਼ਾਰਾਂ ਲੋਕਾਂ ਨੂੰ ਗਲਾਂ ਵਿਚ ਬਲਦੇ ਟਾਇਰ ਪਾ ਕੇ ਸਾੜ ਦਿੱਤਾ ਗਿਆ ਹੋਵੇ, ਗੁਰੂ ਦੀ ਬੇਅਦਬੀ ਖਿਲਾਫ ਰੋਸ ਪ੍ਰਗਟ ਕਰ ਰਹੇ ਨਿਹੱਥੇ ਲੋਕਾਂ ਉਤੇ ਗੋਲੀਆਂ ਚਲਾਈਆਂ ਗਈਆਂ ਹੋਣ? 
ਦਰਅਸਲ ਪੰਥ ਤੇ ਪੰਜਾਬ ਦੇ ਦੋਖੀ ਆਪਣੇ ਪਾਪਾਂ ਦੇ ਡਰ ਨਾਲ ਕੰਬਣ ਲੱਗੇ ਹਨ। ਬੀਬੀ ਖਾਲੜਾ ਦੇ ਹੱਕ ਵਿਚ ਸਮੂਹ ਪੰਜਾਬੀ ਸਿੱਖਾਂ, ਹਿੰਦੂਆਂ ਤੇ ਸਭ ਧਰਮਾਂ ਤੇ ਜਾਤਾਂ ਦੇ ਲੋਕ ਖੜ੍ਹੇ ਹੋਣ ਲੱਗੇ ਹਨ। ਇਸ ਕਰ ਕੇ ਚੋਣ ਕਮਿਸ਼ਨ ਨੂੰ ਬਿਨਾ ਵਜ੍ਹਾ ਸ਼ਿਕਾਇਤਾਂ ਜਾਣ ਲੱਗੀਆਂ ਹਨ, ਤਾਂ ਕਿ ਬੀਬੀ ਖਾਲੜਾ ਦੀ ਜਿੱਤ ਨੂੰ ਲੋਕਾਂ ਵਿਚ ਸ਼ੱਕੀ ਬਣਾ ਕੇ ਵੋਟਰਾਂ ਨੂੰ ਭਰਮਾਇਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਹਨ। ਉਹਨਾਂ ਦਾ ਉਪਦੇਸ਼ ਵੀ ਚਹੁੰ ਵਰਣਾਂ ਲਈ ਸਾਂਝਾ ਹੈ। ਬੀਬੀ ਖਾਲੜਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਨੇਹੇ ਨੂੰ ਆਪਣਾ ਮਨੋਰਥ ਕਹਿਣ ਬਾਰੇ ਬਾਦਲ ਦਲ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਬੀਬੀ ਖਾਲੜਾ ਨੂੰ ਨੋਟਿਸ ਜਾਰੀ ਕਰ ਦਿੰਦਾ ਹੈ, ਜਦਕਿ ਭਾਰਤ ਦੀ ਸੁਪਰੀਮ ਕੋਰਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਹਾਜ਼ਰ ਗੁਰੂ ਮੰਨ ਚੁੱਕੀ ਹੈ। ਪਾਰਲੀਮੈਂਟ ਵਿਚ ਬਸਪਾ ਮੁਖੀ ਕਾਸ਼ੀ ਰਾਮ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੀ ਪਾਰਟੀ ਦਾ ਮੈਨੀਫੈਸਟੋ ਕਹਿ ਚੁੱਕੇ ਹਨ। ਸਵਾਲ ਇਹ ਵੀ ਹੈ ਕਿ ਕੀ ਰਾਮ-ਰਾਜ ਦੀ ਬਹਾਲੀ ਕਰਨ ਤੇ ਰਾਮ ਮੰਦਿਰ ਬਣਾਉਣ ਨੂੰ ਚੋਣ ਮਨੋਰਥ ਪੱਤਰਾਂ ਵਿਚ ਦਰਜ ਕਰਨ ਵਾਲਿਆਂ ਨੂੰ ਕੋਈ ਨੋਟਿਸ ਅੱਜ ਤਕ ਦਿੱਤਾ ਗਿਆ ਹੈ? ਜਦੋਂ ਕੈਪਟਨ ਅਮਰਿੰਦਰ ਸਿੰਘ ਗੁਰਬਾਣੀ-ਗੁਟਕੇ ਦੀ ਸਹੁੰ ਚੁੱਕ ਕੇ ਵੋਟਾਂ ਦੀ ਮੰਗ ਕਰ ਰਿਹਾ ਸੀ ਤਾਂ ਉਹ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਸੀ? ਹੁਣ ਲੋਕਾਂ ਨੇ ਇਹ ਫੈਸਲਾ ਵੀ ਕਰਨਾ ਹੈ ਕਿ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੁ ਮੰਨਣ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਦੇ ਹਨ, ਕੀ ਉਹ ਸਾਡੀਆਂ ਵੋਟਾਂ ਦੇ ਹੱਕਦਾਰ ਹਨ? ਨਿਰਸੰਦੇਹ ਹਲਕਾ ਖਡੂਰ ਸਾਹਿਬ ਦੀ ਚੋਣ ਦਾ ਨਤੀਜਾ ਮੌਜੂਦਾ ਦੌਰ ਦੇ ਪੰਜਾਬੀ ਮਨ ਦੇ ਪੰਥ ਤੇ ਪੰਜਾਬ ਦੇ ਮੁੱਦਿਆਂ ਨਾਲ ਸਰੋਕਾਰ ਦੀ ਤਸਵੀਰ ਪੇਸ਼ ਕਰੇਗਾ।